ਲਟਕ ਰਹੀਆਂ ਦਰੱਖਤਾਂ ਦੀਆਂ ਟਾਹਣੀਆਂ ਦੇ ਰਹੀਆਂ ਹਾਦਸਿਆਂ ਨੂੰ ਸੱਦਾ (ਤਸਵੀਰਾਂ)

07/09/2017 1:09:19 PM

ਫਗਵਾੜਾ(ਜਲੋਟਾ)— ਜੰਗਲਾਤ ਮਹਿਕਮੇ ਦੀ ਲਾ-ਪਰਵਾਹੀ ਦੇ ਚਲਦਿਆਂ ਭੁੱਲਾਰਾਈ ਚੌਕ ਸੜਕ ਤੋਂ ਰਿਹਾਣਾ ਜੱਟਾਂ ਤਕ ਦਰੱਖਤ ਟੁੱਟ ਕੇ ਸੜਕ ਵਿਚਕਾਰ ਡਿੱਗੇ ਹੋਏ ਹਨ ਅਤੇ ਦੁਰਘਟਨਾ ਨੂੰ ਸੱਦਾ ਦੇ ਰਹੇ ਹਨ। ਬਹੁਤ ਸਾਰੇ ਦਰੱਖਤਾਂ ਦੀਆਂ ਟਾਹਣੀਆਂ ਨੂੰ ਛਾਂਗਿਆ ਨਹੀਂ ਗਿਆ ਹੈ ਅਤੇ ਬਰਸਾਤ ਦੇ ਮੌਸਮ 'ਚ ਇਹ ਵੀ ਸੜਕਾਂ ਤਕ ਵੱਧ ਗਏ ਹਨ ਅਤੇ ਕਿਸੇ ਵੀ ਸਮੇਂ ਕੋਈ ਹਾਦਸਾ ਵਾਪਰ ਸਕਦਾ ਹੈ। ਪਿਛਲੇ ਦਿਨੀਂ ਚੱਲੀਆਂ ਤੇਜ਼ ਹਵਾਵਾਂ ਅਤੇ ਹਨੇਰੀ ਨਾਲ ਕਈ ਦਰੱਖਤਾਂ ਦੇ ਟਾਹਣੇ ਟੁੱਟ ਕੇ ਸੜਕ ਵਿਚਕਾਰ ਝੂਲ ਰਹੇ ਹਨ ਪਰ ਜੰਗਲਾਤ ਮਹਿਕਮਾ ਕੁੰਭਕਰਨੀ ਨੀਂਦ ਸੁੱਤਾ ਹੋਇਆ ਹੈ। ਇਸ ਬਾਰੇ ਗੱਲਬਾਤ ਕਰਦਿਆਂ ਬਲਵੰਤ ਸਿੰਘ, ਪਰਮਜੀਤ ਸਿੰਘ, ਸੁਖਦੇਵ ਸਿੰਘ, ਰਾਮਪਾਲ, ਰਾਮਕਿਸ਼ਨ, ਕੁਲਵੰਤ ਸਿੰਘ, ਬੂਟਾ ਸਿੰਘ, ਸਤਨਾਮ ਸਿੰਘ, ਰਵੇਲ ਸਿੰਘ, ਜਸਵੰਤ ਸਿੰਘ, ਲਖਵਿੰਦਰ ਸਿੰਘ, ਕੇਵਲ ਕ੍ਰਿਸ਼ਨ ਆਦਿ ਨੇ ਕਿਹਾ ਕਿ ਇਹ ਪਹਿਲੀ ਵਾਰ ਨਹੀਂ ਹੋਇਆ, ਜਦੋਂ ਇਹ ਸਮੱਸਿਆ ਹੋ ਰਹੀ ਹੈ। ਹਰ ਸਾਲ ਇਨ੍ਹਾਂ ਦਿਨਾਂ 'ਚ ਅਜਿਹੀ ਸਥਿਤੀ ਨਾਲ ਜੂਝਣਾ ਪੈਂਦਾ ਹੈ। ਜਦੋਂ ਕੋਈ ਹਾਦਸਾ ਵਾਪਰਦਾ ਹੈ, ਉਦੋਂ ਹੀ ਜੰਗਲਾਤ ਮਹਿਕਮਾ ਹਰਕਤ ਵਿਚ ਆਉਂਦਾ ਹੈ। ਸ਼ਾਇਦ ਇਸ ਵਾਰ ਵੀ ਮਹਿਕਮੇ ਨੂੰ ਕਿਸੇ ਦਰਦਨਾਕ ਹਾਦਸੇ ਦੀ ਉਡੀਕ ਹੈ। ਉਨ੍ਹਾਂ ਮੰਗ ਕੀਤੀ ਕਿ ਜੰਗਲਾਤ ਮਹਿਕਮੇ ਦੀ ਇਕ ਵਿਸ਼ੇਸ਼ ਟੀਮ ਬਣਾਈ ਜਾਵੇ, ਜੋ ਦਰੱਖਤਾਂ ਦੇ ਖਤਰਾ ਬਣਨ ਦੇ ਤੁਰੰਤ ਬਾਅਦ ਕਾਰਵਾਈ ਕਰਕੇ ਲੋਕਾਂ ਨੂੰ ਰਾਹਤ ਪਹੁੰਚਾਉਣ 'ਚ ਸਮਰਥ ਹੋਵੇ।