ਲਿਫ਼ਾਫ਼ਾ ਕਲਚਰ ਰਾਹੀਂ ਨਿਕਲੇ ਸ਼੍ਰੋਮਣੀ ਕਮੇਟੀ ਦੇ ਜਥੇਦਾਰ ਕੌਮ ਨੂੰ ਨਾ-ਮਨਜ਼ੂਰ : ਜਥੇ. ਦਾਦੂਵਾਲ

10/24/2018 9:45:00 AM

ਜੈਤੋ (ਸਤਵਿੰਦਰ) - ਸਰਬੱਤ ਖਾਲਸਾ ਵੱਲੋਂ ਥਾਪੇ ਗਏ ਮੁਤਵਾਜ਼ੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਦੀ ਅਗਵਾਈ ਹੇਠ ਬਰਗਾੜੀ ਦੀ ਅਨਾਜ ਮੰਡੀ 'ਚ ਚੱਲ ਰਿਹਾ 'ਇਨਸਾਫ਼ ਮੋਰਚਾ ਬਰਗਾੜੀ' 144ਵੇਂ ਦਿਨ ਵੀ ਜਾਰੀ ਰਿਹਾ। ਇਸ ਦੌਰਾਨ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਮੁਤਵਾਜ਼ੀ ਜਥੇਦਾਰ ਭਾਈ ਬਲਜੀਤ ਸਿੰਘ ਦਾਦੂਵਾਲ ਨੇ ਇਨਸਾਫ਼ ਮੋਰਚੇ 'ਚ ਹਾਜ਼ਰੀ ਭਰਨ ਆਈਆਂ ਸੰਗਤਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ''ਲਿਫ਼ਾਫ਼ਾ ਕਲਚਰ ਰਾਹੀਂ ਥਾਪੇ ਜਥੇਦਾਰ ਕੌਮ ਨੂੰ ਨਾ-ਮਨਜ਼ੂਰ ਹਨ''। ਉਨ੍ਹਾਂ ਸੰਗਤ ਨੂੰ ਅਪੀਲ ਕੀਤੀ ਕਿ ਅਜਿਹੇ ਜਥੇਦਾਰ, ਜੋ ਬਾਦਲਾਂ ਦੇ ਇਸ਼ਾਰੇ 'ਤੇ ਕਠਪੁਤਲੀ ਵਾਂਗ ਨੱਚਦੇ ਹੋਏ ਕੌਮ ਦਾ ਘਾਣ ਕਰਦੇ ਹਨ, ਨੂੰ ਤੁਰੰਤ ਲਾਂਭੇ ਕਰ ਦੇਣਾ ਚਾਹੀਦਾ ਹੈ।

ਇਸ ਸਮੇਂ ਜਥੇ. ਭਾਈ ਧਿਆਨ ਸਿੰਘ ਮੰਡ ਨੇ ਕਿਹਾ ਕਿ ਜੋ ਕੌਮਾਂ ਸੁਚੇਤ ਅਤੇ ਜਾਗਰੂਕ ਹੁੰਦੀਆਂ ਹਨ, ਉਹ ਇਤਿਹਾਸ ਸਿਰਜਦੀਆਂ ਹਨ। ਜੈਤੋ ਮੋਰਚੇ ਦਾ ਮੁੱਢ ਵੀ ਉਸ ਵੇਲੇ ਬਰਗਾੜੀ ਦੀ ਧਰਤੀ ਤੋਂ ਬੱਝਾ ਸੀ ਅਤੇ ਮੋਰਚਾ ਫ਼ਤਿਹ ਕੀਤਾ ਸੀ। ਅਜਿਹਾ ਹੀ ਇਤਿਹਾਸ ਬਰਗਾੜੀ ਦੀ ਧਰਤੀ 'ਤੇ ਰਚਿਆ ਜਾ ਰਿਹਾ ਹੈ। ਸਰਕਾਰਾਂ ਜਿੰਨਾ ਮਰਜ਼ੀ ਜ਼ੋਰ ਲਾ ਲਵੇ, ਇਨਸਾਫ਼ ਦੀ ਪ੍ਰਾਪਤੀ ਤੱਕ ਸੰਗਤਾਂ ਅਡੋਲ ਰਹਿ ਕੇ ਇਹ ਇਨਸਾਫ ਮੋਰਚਾ ਫ਼ਤਿਹ ਕਰਨਗੀਆਂ। ਉਨ੍ਹਾਂ ਕੌਮ ਨੂੰ ਅਪੀਲ ਕੀਤੀ ਕਿ ਜੇਕਰ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣੀਆਂ ਹਨ ਤਾਂ ਜਥਿਆਂ ਦੇ ਰੂਪ 'ਚ ਇਨਸਾਫ਼ ਮੋਰਚੇ 'ਚ ਹਾਜ਼ਰੀ ਭਰੀ ਜਾਵੇ ਅਤੇ ਸਰਕਾਰ ਨੂੰ ਕੁੰਭਕਰਨੀ ਨੀਂਦ ਤੋਂ ਜਗਾ ਕੇ ਇਨਸਾਫ਼ ਲਈ ਦੇਣ ਲਈ ਮਜਬੂਰ ਕੀਤਾ ਜਾਵੇ। ਇਸ ਮੌਕੇ ਬਾਬਾ ਸਤਨਾਮ ਸਿੰਘ ਰਾਜੇਆਣਾ, ਭਾਈ ਪਰਮਜੀਤ ਸਿੰਘ ਮੋਹਾਲੀ, ਭਾਈ ਜਲਵਿੰਦਰ ਸਿੰਘ ਭਕਣਾ, ਡਾ. ਸਰਬਜੀਤ ਸਿੰਘ, ਭਾਈ ਰਣਜੀਤ ਸਿੰਘ ਹੁਸ਼ਿਆਰਪੁਰ, ਭਾਈ ਗੁਰਤੇਜ ਸਿੰਘ ਠੱਠੀ ਭਾਈ ਆਦਿ ਹਾਜ਼ਰ ਸਨ। ਇਸ ਦੌਰਾਨ ਸਟੇਜ ਸਕੱਤਰ ਦੀ ਸੇਵਾ ਭਾਈ ਰਣਜੀਤ ਸਿੰਘ ਵਾਂਦਰ ਵਲੋਂ ਨਿਭਾਈ ਗਈ।