ਦਾਜ ਨੂੰ ਲੈ ਕੇ ਤੰਗ ਪ੍ਰੇਸ਼ਾਨ ਕਰਨ ਦੇ ਮਾਮਲੇ ''ਚ ਸੱਸ-ਸਹੁਰੇ ਨੂੰ 2-2 ਸਾਲ ਦੀ ਕੈਦ ਤੇ ਜੁਰਮਾਨਾ

12/21/2017 7:12:28 AM

ਕਪੂਰਥਲਾ, (ਮਲਹੋਤਰਾ)- ਮਾਣਯੋਗ ਏ. ਸੀ. ਜੇ. ਐੱਮ. ਮਨਪ੍ਰੀਤ ਕੌਰ ਦੀ ਅਦਾਲਤ 'ਚ ਚੱਲ ਰਹੇ ਦਾਜ ਲੈ ਕੇ ਤੰਗ ਪ੍ਰੇਸ਼ਾਨ ਦੇ ਇਕ ਮਾਮਲੇ 'ਚ ਆਪਣਾ ਫੈਸਲਾ ਸੁਣਾਉਂਦੇ ਹੋਏ ਪੀੜਤ ਮਹਿਲਾ ਦੇ ਸੱਸ ਤੇ ਸਹੁਰੇ ਨੂੰ ਦੋ-ਦੋ ਸਾਲ ਦੀ ਕੈਦ ਤੇ ਦੋ-ਦੋ ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਜੁਰਮਾਨਾ ਨਾ ਦੇਣ ਦੀ ਸੂਰਤ 'ਚ ਦੋਵੇਂ ਦੋਸ਼ੀਆਂ ਨੂੰ ਐਡੀਸ਼ਨਲ ਸਜ਼ਾ ਭੁਗਤਣੀ ਹੋਵੇਗੀ। ਇਸ ਮਾਮਲੇ 'ਚ ਮੁੱਖ ਦੋਸ਼ੀ ਪੀੜਤ ਮਹਿਲਾ ਦਾ ਪਤੀ ਪੀ. ਓ. ਘੋਸ਼ਿਤ ਕੀਤਾ ਜਾ ਚੁੱਕਾ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਜ਼ਿਲਾ ਪੁਲਸ ਨੂੰ ਦਿੱਤੇ ਗਏ ਆਪਣੇ ਸ਼ਿਕਾਇਤ ਪੱਤਰ ਨੂੰ ਗਗਨਦੀਪ ਕੌਰ ਪਤਨੀ ਹਰਪ੍ਰੀਤ ਸਿੰਘ ਵਾਸੀ ਨਜ਼ਦੀਕ ਆਰ. ਸੀ. ਐੱਫ. ਕਪੂਰਥਲਾ ਨੇ ਦੱਸਿਆ ਕਿ ਉਸਦਾ ਵਿਆਹ 31 ਅਕਤੂਬਰ 2003 ਨੂੰ ਇਕ ਪੈਲੇਸ 'ਚ ਸਿੱਖ ਮਰਿਯਾਦਾ ਅਨੁਸਾਰ ਹਰਪ੍ਰੀਤ ਸਿੰਘ ਪੁੱਤਰ ਅਮਰੀਕ ਸਿੰਘ ਦੇ ਨਾਲ ਹੋਇਆ ਸੀ। ਉਸਦੇ ਮਾਤਾ-ਪਿਤਾ ਨੇ ਆਪਣੀ ਹੈਸੀਅਤ ਤੋਂ ਵੱਧ ਕੇ ਵਿਆਹ 'ਚ ਖਰਚ ਕੀਤਾ ਸੀ ਪਰ ਕੁਝ ਸਮੇਂ ਬਾਅਦ ਹੀ ਉਸਦੇ ਸਹੁਰੇ ਪੱਖ ਵਾਲੇ ਦਾਜ ਘੱਟ ਲਿਆਉਣ ਨੂੰ ਲੈ ਕੇ ਉਸ ਨਾਲ ਕੁੱਟਮਾਰ ਕਰਨ ਲੱਗੇ। ਉਸਨੂੰ ਤੰਗ ਪ੍ਰੇਸ਼ਾਨ ਕਰਨ ਵਾਲਿਆਂ 'ਚ ਉਸਦਾ ਸਹੁਰਾ ਅਮਰੀਕ ਸਿੰਘ, ਸੱਸ ਪਰਮਜੀਤ ਕੌਰ, ਨਨਾਣ ਸੁਖਜੀਤ ਕੌਰ ਤੇ ਉਸਦਾ ਪਤੀ ਹਰਪ੍ਰੀਤ ਸਿੰਘ ਸੀ। ਥਾਣਾ ਸਦਰ ਦੀ ਪੁਲਸ ਨੇ ਮਾਮਲੇ ਦੀ ਗਹਿਰਾਈ ਨਾਲ ਜਾਂਚ ਪੜਤਾਲ ਤੋਂ ਮਿਲੇ ਉੱਚ ਅਧਿਕਾਰੀਆਂ ਦੇ ਹੁਕਮਾਂ ਤੋਂ ਬਾਅਦ ਦੋਸ਼ੀਆਂ ਦੇ ਖਿਲਾਫ ਦਾਜ ਨੂੰ ਲੈ ਕੇ ਤੰਗ ਪ੍ਰੇਸ਼ਾਨ ਕਰਨ ਦੇ ਦੋਸ਼ 'ਚ ਮਾਮਲਾ ਦਰਜ ਕਰ ਲਿਆ ਸੀ। 
ਕਈ ਸਾਲਾਂ ਤਕ ਮਾਣਯੋਗ ਅਦਾਲਤ 'ਚ ਦੋਵੇਂ ਪੱਖਾਂ 'ਚ ਦਲੀਲਾਂ ਹੋਣ ਉਪਰੰਤ ਮਾਣਯੋਗ ਮਨਪ੍ਰੀਤ ਕੌਰ ਦੀ ਆਦਲਤ ਨੇ ਆਪਣਾ ਫੈਸਲਾ ਸੁਣਾਉਂਦੇ ਹੋਏ ਪੀੜਤ ਵਿਆਹੁਤਾ ਮਹਿਲਾ ਦੇ ਸਹੁਰੇ ਅਮਰੀਕ ਸਿੰਘ ਤੇ ਸੱਸ ਪਰਮਜੀਤ ਕੌਰ ਨੂੰ ਦੋ-ਦੋ ਸਾਲ ਦੀ ਕੈਦ ਤੇ ਦੋ-ਦੋ ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ। 
ਮਾਣਯੋਗ ਅਦਾਲਤ ਨੇ ਮਾਮਲੇ ਦੇ ਮੁੱਖ ਦੋਸ਼ੀ ਸ਼ਿਕਾਇਤਕਰਤਾ ਮਹਿਲਾ ਦੇ ਪਤੀ ਹਰਪ੍ਰੀਤ ਸਿੰਘ ਨੂੰ ਪਹਿਲਾਂ ਹੀ ਪੀ. ਓ. ਘੋਸ਼ਿਤ ਕੀਤਾ ਜਾ ਚੁੱਕਾ ਹੈ ਤੇ ਮਾਮਲੇ 'ਚ ਇਕ ਦੋਸ਼ੀ ਸੁਖਜੀਤ ਕੌਰ ਨੂੰ ਸਬੂਤਾਂ ਦੀ ਘਾਟ ਦੇ ਕਾਰਨ ਬਰੀ ਕਰ ਦਿੱਤਾ ਗਿਆ।