ਸਰਕਾਰਾਂ ਦੀਆਂ ਗਲਤ ਨੀਤੀਆਂ ਕਾਰਨ ਜ਼ਿਲਾ ਗੁਰਦਾਸਪੁਰ ਦਾ ਸਮੂਹ ਉਦਯੋਗ ਬੰਦ ਹੋਣ ਦੇ ਕੰਢੇ

08/24/2017 11:04:05 AM

ਗੁਰਦਾਸਪੁਰ (ਵਿਨੋਦ)-ਭਾਰਤ-ਪਾਕਿਸਤਾਨ ਸਰਹੱਦ 'ਤੇ ਵਸਿਆ ਜ਼ਿਲਾ ਗੁਰਦਾਸਪੁਰ ਜੋ ਕਦੀ ਦੇਸ਼ ਭਰ 'ਚ ਆਪਣੀ ਉਦਯੋਗਿਕ ਇਕਾਈਆਂ ਕਾਰਨ ਪ੍ਰਸਿੱਧ ਸੀ, ਸਮੇਂ-ਸਮੇਂ ਦੀਆਂ ਕੇਂਦਰ ਤੇ ਪੰਜਾਬ ਸਰਕਾਰ ਦੀਆਂ ਗਲਤ ਉਦਯੋਗਿਕ ਨੀਤੀਆਂ ਕਾਰਨ ਉਦਯੋਗ ਬੰਦ ਹੋਣ ਦੇ ਕੰਢੇ 'ਤੇ ਪਹੁੰਚ ਗਏ ਹਨ।
ਜ਼ਿਲਾ ਗੁਰਦਾਸਪੁਰ ਦੀ ਭਗੌਲਿਕ ਸਥਿਤੀ ਬਣੀ ਦੁਸ਼ਮਣ
ਇਸ ਜ਼ਿਲੇ ਦੇ ਇਕ ਪਾਸੇ ਹਿਮਾਚਲ ਪ੍ਰਦੇਸ਼ ਤੇ ਦੂਜੇ ਪਾਸੇ ਜੰਮੂ-ਕਸ਼ਮੀਰ ਦੀ ਸਰਹੱਦ ਲੱਗਣ ਕਾਰਨ ਵਪਾਰਿਕ ਦ੍ਰਿਸ਼ਟੀ ਨਾਲ ਇਸ ਜ਼ਿਲੇ ਬਹੁਤ ਹੀ ਮਹੱਤਵ ਹੈ। ਇਸ ਜ਼ਿਲੇ ਨਾਲ ਸੰਬੰਧਿਤ ਰਾਜਨੀਤਿਕ ਨੇਤਾ ਸਾਲ 1980 ਤੋਂ ਕੇਂਦਰੀ ਮੰਤਰੀ, ਲੋਕ ਸਭਾ ਜਾਂ ਰਾਜ ਸਭਾ ਦੇ ਮੈਂਬਰ ਜ਼ਰੂਰ ਰਹੇ ਹਨ ਪਰ ਸ਼ਾਇਦ ਹੀ ਕਿਸੇ ਨੇਤਾ ਨੇ ਇਸ ਜ਼ਿਲੇ ਦੇ ਉਦਯੋਗਿਕ ਵਿਕਾਸ 'ਚ ਕੋਈ ਦਿਲਚਸਪੀ ਦਿਖਾਈ ਹੋਵੇ। ਇਹੀ ਕਾਰਨ ਹੈ ਕਿ ਇਸ ਜ਼ਿਲੇ ਦੇ ਉਦਯੋਗਪਤੀ ਆਪਣੇ ਆਪ ਨੂੰ ਰਾਜਨੀਤਿਕ ਰੂਪ 'ਚ ਠੱਗਿਆ ਜਿਹਾ ਮਹਿਸੂਸ ਕਰਦੇ ਹਨ, ਜਿਸ ਤਰ੍ਹਾਂ ਨਾਲ ਗੁਆਂਢੀ ਸੂਬੇ ਹਿਮਾਚਲ ਪ੍ਰਦੇਸ਼ ਤੇ ਜੰਮੂ-ਕਸ਼ਮੀਰ ਨੂੰ ਫਿਰ 10 ਸਾਲ ਲਈ ਟੈਕਸ ਹੋਲੀ-ਡੇ ਪੈਕੇਜ ਦਿੱਤਾ ਗਿਆ ਹੈ, ਉਸ ਨਾਲ ਦੋਵਾਂ ਸੂਬਿਆਂ ਨਾਲ ਲੱਗਦਾ ਜ਼ਿਲਾ ਗੁਰਦਾਸਪੁਰ ਦਾ ਉਦਯੋਗ ਪੂਰੀ ਤਰ੍ਹਾਂ ਨਾਲ ਤਬਾਹ ਹੋ ਜਾਵੇਗਾ ਜਾਂ ਇਨ੍ਹਾਂ ਸੂਬਿਆਂ ਵਿਚ ਸਿਫ਼ਟ ਕਰ ਜਾਵੇਗਾ। ਹੁਣ ਸਥਿਤੀ ਇਹ ਹੈ ਕਿ ਇਸ ਜ਼ਿਲੇ ਦੀ ਭਗੌਲਿਕ ਸਥਿਤੀ ਹੀ ਇਸ ਦੀ ਦੁਸ਼ਮਣ ਬਣ ਗਈ ਹੈ।
ਜ਼ਿਲੇ ਦਾ ਉਦਯੋਗਿਕ ਇਤਿਹਾਸ  
ਕਦੀ ਸਮਾਂ ਸੀ ਕਿ ਜ਼ਿਲਾ ਗੁਰਦਾਸਪੁਰ ਦਾ ਸ਼ਹਿਰ ਦੀਨਾਨਗਰ ਕੰਡਿਊੂਟ ਪਾਈਪ, ਬਟਾਲਾ ਸ਼ਹਿਰ ਲੋਹਾ ਉਦਯੋਗ, ਪਠਾਨਕੋਟ ਸ਼ਹਿਰ ਲੱਕੜੀ ਦੇ ਕਾਰੋਬਾਰ ਅਤੇ ਧਾਰੀਵਾਲ ਸ਼ਹਿਰ ਆਪਣੇ ਗਰਮ ਕੱਪੜੇ ਦੀ ਅੰਗਰੇਜ਼ਾਂ ਦੇ ਸ਼ਾਸ਼ਨਕਾਲ ਤੋਂ ਚਲ ਰਹੀ ਵੂਲਨ ਮਿੱਲ ਕਾਰਨ ਮਸ਼ਹੂਰ ਸੀ। ਇਸ ਦੇ ਨਾਲ ਹੀ ਜ਼ਿਲਾ ਗੁਰਦਾਸਪੁਰ ਸ਼ੈਲਰ ਉਦਯੋਗ 'ਚ ਵੀ ਪੰਜਾਬ ਭਰ ਵਿਚ ਪਹਿਲੇ ਸਥਾਨ 'ਤੇ ਮੰਨਿਆ ਜਾਂਦਾ ਸੀ ਪਰ ਅੱਜ ਇਹ ਸਾਰੇ ਉਦਯੋਗ ਪੂਰੀ ਤਰ੍ਹਾਂ ਨਾਲ ਤਬਾਹ ਹੋ ਕੇ ਰਹਿ ਗਏ ਹਨ ਅਤੇ ਇਸੇ ਕਾਰਨ ਇਸ ਜ਼ਿਲੇ ਵਿਚ ਬੇਰੁਜ਼ਗਾਰੀ ਦੀ ਗਿਣਤੀ ਦਿਨ ਪ੍ਰਤੀਦਿਨ ਵੱਧਦੀ ਜਾ ਰਹੀ ਹੈ। 
ਵਰਣਨਯੋਗ ਹੈ ਕਿ ਬਟਾਲਾ, ਗੁਰਦਾਸਪੁਰ, ਫਤਿਹਗੜ੍ਹ ਚੂੜੀਆਂ, ਸੋਹਲ ਤੇ ਘੁਮਾਣ 'ਚ ਇੰਡਸਟੀਰੀਅਲ ਸਟੇਟ, ਪਠਾਨਕੋਟ 'ਚ ਇੰਡਸਟੀਰੀਅਲ ਗ੍ਰੋਥ ਸੈਂਟਰ ਸਰਕਾਰ ਨੇ ਸਾਲ 1963-64 ਵਿਚ ਸਥਾਪਿਤ ਕੀਤੇ ਗਏ ਸੀ ਪਰ ਉਸ ਦੇ ਬਾਵਜੂਦ ਜ਼ਿਲਾ ਗੁਰਦਾਸਪੁਰ 'ਚ ਉਦਯੋਗਿਕ ਵਿਕਾਸ ਕੱਛੂਏ ਦੀ ਚਾਲ ਵਿਚ ਹੀ ਚਲਦਾ ਵੀ ਦਿਖਾਈ ਨਹੀਂ ਦਿੰਦਾ ਤੇ ਸਮੇਂ ਦੇ ਨਾਲ ਜ਼ਿਲਾ ਗੁਰਦਾਸਪੁਰ ਉਦਯੋਗਹੀਨ ਹੋ ਕੇ ਰਹਿ ਗਿਆ ਹੈ। ਦੀਨਾਨਗਰ, ਬਟਾਲਾ, ਧਾਰੀਵਾਲ ਤੇ ਪਠਾਨਕੋਟ 'ਚ ਵੱਡੇ, ਦਰਮਿਆਨੇ ਅਤੇ ਛੋਟੇ ਉਦਯੋਗ ਸਥਾਪਤ ਕੀਤੇ ਪਰ ਅੱਜ ਤੱਕ ਕੇਂਦਰ ਤੇ ਪੰਜਾਬ ਸਰਕਾਰ ਨੇ ਇਸ ਜ਼ਿਲੇ ਦੇ ਉਦਯੋਗ ਸੰਬੰਧੀ ਕੋਈ ਵਿਸ਼ੇਸ਼ ਪੈਕੇਜ ਨਹੀਂ ਦਿੱਤਾ, ਜਿਸ ਕਾਰਨ ਇਸ ਜ਼ਿਲੇ ਦੇ ਉਦਯੋਗਪਤੀ ਹੁਣ ਗੁਆਂਢੀ ਸੂਬਿਆਂ ਵਿਚ ਸਿਫ਼ਟ ਹੋ ਰਹੇ ਹਨ, ਜਦਕਿ ਇਸ ਜ਼ਿਲੇ ਨੂੰ ਵਿਸ਼ੇਸ਼ ਉਦਯੋਗਿਕ ਪੈਕੇਜ ਦਿਵਾਉਣ ਲਈ ਕਈ ਚੋਣਾਂ ਵੀ ਇਸ ਮੁੱਦੇ ਨੂੰ ਲੈ ਕੇ ਲੜੇ ਜਾ ਚੁੱਕੇ ਹਨ ਪਰ ਚੋਣ ਖਤਮ ਹੁੰਦੇ ਹੀ ਇਹ ਮੁੱਦਾ ਹਰ ਨੇਤਾ ਤੇ ਰਾਜਨੀਤਿਕ ਦਲ ਵੱਲੋਂ ਠੰਡੇ ਬਸਤੇ ਵਿਚ ਪਾ ਦਿੱਤਾ ਜਾਂਦਾ ਹੈ।
ਕੀ ਕਹਿੰਦੇ ਹਨ ਪ੍ਰਮੁੱਖ ਉਦਯੋਗਪਤੀ
ਇਸ ਸੰਬੰਧੀ ਦੀਨਾਨਗਰ ਦੇ ਉਦਯੋਗਪਤੀ ਰਮਨ ਅਗਰਵਾਲ, ਗੁਰਦਾਸਪੁਰ ਦੇ ਬਾਲ ਕ੍ਰਿਸ਼ਨ ਮਿੱਤਲ ਅਤੇ ਦੀਨਾਨਗਰ ਦੇ ਇੰਦੂ ਗੁਪਤਾ ਦਾ ਕਹਿਣਾ ਹੈ ਕਿ ਜੇਕਰ ਸਾਡੇ ਜ਼ਿਲੇ ਨਾਲ ਸੰਬੰਧਿਤ ਵੱਖ-ਵੱਖ ਰਾਜਨੀਤਿਕ ਦਲਾਂ ਦੇ ਨੇਤਾਵਾਂ ਨੇ ਅਜੇ ਵੀ ਉਦਯੋਗਿਕ ਵਿਕਾਸ ਸੰਬੰਧੀ ਦਿਲਚਸਪੀ ਨਾ ਦਿਖਾਈ ਤਾਂ ਇਸ ਜ਼ਿਲੇ ਦਾ ਉਦਯੋਗ ਪੂਰੀ ਤਰ੍ਹਾਂ ਨਾਲ ਠੱਪ ਹੋ ਕੇ ਰਹਿ ਜਾਵੇਗਾ। ਇਨ੍ਹਾਂ ਉਦਯੋਗਪਤੀਆਂ ਦਾ ਕਹਿਣਾ ਹੈ ਕਿ ਕਾਂਗਰਸ ਦੀ ਸੁਖਬੰਸ ਕੌਰ ਭਿੰਡਰ ਕੇਂਦਰ ਵਿਚ ਮੰਤਰੀ ਰਹੀ, ਭਾਜਪਾ ਦੇ ਸੰਸਦ ਵਿਨੋਦ ਖੰਨਾ ਵੀ ਕੇਂਦਰ ਵਿਚ ਰਾਜ ਮੰਤਰੀ ਰਹੇ, ਕਾਂਗਸ ਦੇ ਡਾ. ਅਸ਼ਵਨੀ ਕੁਮਾਰ ਤਾਂ ਕੇਂਦਰ ਵਿਚ ਉਦਯੋਗ ਰਾਜ ਮੰਤਰੀ ਰਹੇ। ਇਸ ਸਮੇਂ ਵੀ ਪ੍ਰਤਾਪ ਬਾਜਵਾ ਰਾਜ ਸਭਾ ਮੈਂਬਰ ਹਨ, ਜਦਕਿ ਪੰਜਾਬ ਵਿਚ ਸਰਕਾਰ ਬਣਾਉਣ ਵਿਚ ਇਸ ਜ਼ਿਲੇ ਦਾ ਸਦਾ ਹੀ ਵਿਸ਼ੇਸ਼ ਯੋਗਦਾਨ ਰਿਹਾ ਹੈ।
ਉਦਯੋਗਪਤੀ ਰਮਨ ਅਗਰਵਾਲ ਅਨੁਸਾਰ ਇਸ ਸਮੇਂ ਜ਼ਿਲਾ ਗੁਰਦਾਸਪੁਰ ਦਾ ਮੁੱਖ ਉਦਯੋਗ ਹੁਣ ਰਾਈਸ ਸੈਲਰ ਹੈ ਪਰ ਕੇਂਦਰ ਸਰਕਾਰ ਦੀ ਗਲਤ ਨੀਤੀਆਂ ਕਾਰਨ ਇਹ ਉਦਯੋਗ ਵੀ ਹੁਣ ਬੰਦ ਹੋਣ ਦੇ ਕਗਾਰ 'ਤੇ ਪਹੁੰਚ ਗਿਆ ਹੈ। ਕਦੀ ਸਮਾਂ ਸੀ ਇਸ ਜ਼ਿਲੇ ਵਿਚ ਲਗਭਗ 200 ਸ਼ੈਲਰ ਚਲਦੇ ਸੀ ਪਰ ਇਸ ਸਮੇਂ ਇਨ੍ਹਾਂ ਦੀ ਗਿਣਤੀ ਘੱਟ ਕੇ 20 ਰਹਿ ਗਈ ਹੈ, ਜੋ ਕਿਸੇ ਵੀ ਸਮੇਂ ਬੰਦ ਹੋ ਸਕਦੇ ਹਨ। ਇਨ੍ਹਾਂ ਉਦਯੋਗਪਤੀਆਂ ਅਨੁਸਾਰ ਗੁਆਂਢੀ ਰਾਜ ਜੰਮੂ-ਕਸ਼ਮੀਰ ਤੇ ਹਿਮਾਚਲ ਪ੍ਰਦੇਸ਼ ਵਿਚ ਬਿਜਲੀ ਸਸਤੀ ਹੋਣ ਤੇ ਹੋਰ ਸਾਰੀਆਂ ਸਹੂਲਤਾਂ ਮਿਲਣ ਕਾਰਨ ਜ਼ਿਲਾ ਗੁਰਦਾਸਪੁਰ ਦਾ ਉਦਯੋਗ ਇਨ੍ਹਾਂ ਸੂਬਿਆਂ ਵਿਚ ਸਿਫ਼ਟ ਹੋ ਰਿਹਾ ਹੈ। ਹੁਣ ਤਾਂ ਕੇਂਦਰ ਸਰਕਾਰ ਨੇ ਇਨ੍ਹਾਂ ਸੂਬਿਆਂ ਨੂੰ 10 ਸਾਲ ਲਈ ਫਿਰ ਟੈਕਸ ਹੋਲੀ-ਡੇ ਪੈਕੇਜ ਦੇ ਦਿੱਤਾ ਹੈ, ਜਿਸ ਦਾ ਸਿੱਧਾ ਨੁਕਸਾਨ ਪੰਜਾਬ ਦੇ ਮਾਲੀਆ 'ਤੇ ਪਏਗਾ। ਜ਼ਰੂਰਤ ਇਸ ਗੱਲ ਦੀ ਹੈ ਕਿ ਇਸ ਜ਼ਿਲੇ ਵਿਚ ਸ਼ੈਲਰ ਉਦਯੋਗ ਤੇ ਲਗਾਈਆਂ ਸਖ਼ਤ ਸ਼ਰਤਾਂ ਨੂੰ ਕੇਂਦਰ ਸਰਕਾਰ ਵੱਲੋਂ ਕੁਝ ਨਰਮ ਕਰਨਾ ਚਾਹੀਦਾ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਇਸ ਜ਼ਿਲੇ ਦੇ ਵਾਤਾਵਰਣ ਨੂੰ ਵੇਖਦੇ ਹੋਏ ਇਸ ਜ਼ਿਲੇ ਲਈ ਚੌਲ ਖਰੀਦ ਸੰਬੰਧੀ ਵਿਸ਼ੇਸ਼ ਸ਼ਰਤਾਂ ਨਿਰਧਾਰਿਤ ਕਰਨ। 
ਸਰਕਾਰ ਨੂੰ ਚਾਹੀਦਾ ਹੈ ਕਿ ਇਸ ਜ਼ਿਲੇ ਦੇ ਪ੍ਰਮੁੱਖ ਉਦਯੋਗਪਤੀਆਂ ਨਾਲ ਮੀਟਿੰਗ ਕਰ ਕੇ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਹੱਲ ਪਹਿਲ ਦੇ ਆਧਾਰ 'ਤੇ ਕਰੇ ਤੇ ਉਨ੍ਹਾਂ ਨੂੰ ਜ਼ਿਲੇ ਵਿਚ ਹੀ ਉਦਯੋਗ ਲਾਉਣ ਲਈ ਪ੍ਰੇਰਿਤ ਕਰੇ। 
ਕੀ ਕਹਿੰਦੇ ਹਨ ਬਟਾਲਾ ਦੇ ਉਦਯੋਗਪਤੀ 
ਬਟਾਲਾ ਦੇ ਪ੍ਰਮੁੱਖ ਉਦਯੋਗਪਤੀ ਜਸਵਿੰਦਰ ਸਿੰਘ ਨਾਗੀ, ਰਾਜੇਸ਼ ਮਰਵਾਹਾ ਅਤੇ ਐੱਸ. ਪੀ. ਮਰਵਾਹਾ ਨਾਲ ਜਦ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਬਟਾਲਾ ਦੇ ਉਦਯੋਗ ਨੂੰ ਪਤਾ ਨਹੀਂ, ਕਿਸ ਦੀ ਨਜ਼ਰ ਲੱਗ ਗਈ ਹੈ। ਹੋਲੀ-ਹੋਲੀ ਬਟਾਲਾ ਦਾ ਉਦਯੋਗ ਅਲੋਪ ਹੁੰਦਾ ਜਾ ਰਿਹਾ ਹੈ। ਜੇਕਰ ਇਹੀ ਕ੍ਰਮ ਜਾਰੀ ਰਿਹਾ ਤਾਂ ਬਟਾਲਾ ਵਿਚ ਰੋਜ਼ਗਾਰ ਦੇ ਸਾਧਨ ਬਿਲਕੁਲ ਖਤਮ ਹੋ ਜਾਣਗੇ। ਉਨ੍ਹਾਂ ਕਿਹਾ ਕਿ ਜੇਕਰ ਵੇਖਿਆ ਜਾਵੇ ਤਾਂ ਬਟਾਲਾ ਵਿਚ ਸਭ ਤੋਂ ਪਹਿਲਾਂ ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਲਈ ਹਥਿਆਰ ਬਣਾਉਣ ਤੇ ਬਰਤਨ ਬਣਾਉਣ ਲਈ ਉਦਯੋਗ ਲਾਏ ਸੀ, ਜਿਸ ਵਿਚ ਪਿੱਤਲ ਦੇ ਬਰਤਨ ਤੇ ਗੋਲੀ-ਸਿੱਕਾ ਬਣਦਾ ਸੀ। 
ਉਸ ਤੋਂ ਬਾਅਦ ਬਟਾਲਾ ਵਿਚ ਗੰਨੇ ਦਾ ਰਸ ਕੱਢਣ ਲਈ ਵਰਤੋਂ 'ਚ ਆਉਣ ਵਾਲੇ ਬੇਲਣੇ ਬਣਾਉਣ ਦਾ ਕਾਰਖਾਨਾ ਸਾਲ 1924 'ਚ ਲੱਗਾ ਅਤੇ ਸਾਲ 1933 ਵਿਚ ਬਟਾਲਾ ਇੰਜੀਨੀਅਰਿੰਗ ਕੰਪਨੀ ਬੀਕੋ ਨੇ ਕਾਰਖਾਨਾ ਸਥਾਪਿਤ ਕੀਤਾ ਸੀ। ਬਟਾਲਾ ਵਿਚ ਕਦੀ ਦੇਗੀ ਮਸ਼ੀਨਰੀ ਸਮੇਤ ਸਿਲਾਈ ਮਸ਼ੀਨਾਂ, ਖੇਤੀ ਯੰਤਰ, ਪਿੱਤਲ ਦੇ ਬਰਤਨ, ਸਾਈਕਲ ਪਾਰਟਸ, ਸਾਈਕਲ ਰਿਮ ਆਦਿ ਦੇ ਕਾਰਖਾਨੇ ਹੋਇਆ ਕਰਦੇ ਸੀ। ਹਜ਼ਾਰਾਂ ਦੀ ਗਿਣਤੀ ਵਿਚ ਮਜ਼ਦੂਰ ਬੇਰੁਜ਼ਗਾਰ ਹੋ ਚੁੱਕੇ ਹਨ। ਬਟਾਲਾ ਵਿਚ ਇਕ ਟੈਕਨੀਕਲ ਗਿਆਨ ਸੰਬੰਧੀ ਵਰਕਸ਼ਾਪ ਵੀ ਕਿਸੇ ਕੰਮ ਨਹੀਂ ਆ ਰਹੀ ਹੈ। ਸਾਲ 1971 ਵਿਚ ਬਟਾਲਾ ਵਿਚ ਵੱਡੇ ਉਦਯੋਗ-8, ਦਰਮਿਆਨੇ ਉਦਯੋਗ 1103 ਅਤੇ ਛੋਟੇ ਉਦਯੋਗ 3903 ਸੀ, ਜਦਕਿ ਇਹ ਗਿਣਤੀ ਘੱਟ ਹੋ ਕੇ ਹੁਣ 200 ਰਹਿ ਗਈ ਹੈ। 
ਕਦੀ ਬਟਾਲਾ ਕ੍ਰਿਕਟ ਬੈਟ ਬਣਾਉਣ ਲਈ ਦੇਸ਼ ਭਰ 'ਚ ਪ੍ਰਸਿੱਧ ਸੀ
ਬਟਾਲਾ ਸ਼ਹਿਰ ਕਦੀ ਲਕੜੀ ਦਾ ਬੈਟ ਬਣਾਉਣ ਵਿਚ ਵੀ ਮਸ਼ਹੂਰ ਸੀ। ਬਟਾਲਾ ਦਾ ਬਣਿਆ ਬੈਟ ਪੂਰੇ ਦੇਸ਼ 'ਚ ਕ੍ਰਿਕਟ ਪ੍ਰੇਮੀ ਪਸੰਦ ਕਰਦੇ ਸੀ। ਬੈਟ ਬਣਾਉਣ ਵਾਲੇ ਕਾਰਖਾਨਿਆਂ ਦੀ ਗਿਣਤੀ ਇਕ ਸਮੇਂ 150 ਹੋ ਗਈ ਸੀ ਪਰ ਸਰਕਾਰਾਂ ਦੀਆਂ ਗਲਤ ਨੀਤੀਆਂ ਦੇ ਕਾਰਨ 1991 ਵਿਚ ਘੱਟ ਹੋ ਕੇ ਇਹ ਗਿਣਤੀ ਸਿਰਫ 32 ਰਹਿ ਗਈ ਅਤੇ ਹੋਲੀ-ਹੋਲੀ ਇਹ ਕਾਰੋਬਾਰ ਵੀ ਬਟਾਲਾ ਤੋਂ ਜਲੰਧਰ ਸਿਫ਼ਟ ਹੋ ਗਿਆ ਤੇ ਹੁਣ ਇਕ ਵੀ ਕਾਰਖਾਨਾ ਬੈਟ ਬਣਾਉਣ ਦਾ ਬਟਾਲਾ ਵਿਚ ਨਹੀਂ ਹੈ। ਬਟਾਲਾ ਦੀ ਸਰਕਾਰੀ ਸ਼ੂਗਰ ਮਿੱਲ ਵੀ ਘਾਟੇ ਵਿਚ ਚਲ ਰਹੀ ਹੈ।