ਇੰਡੀਗੋ ਏਅਰਲਾਈਨਸ ਖਿਲਾਫ ਹਵਾਈ ਅੱਡੇ ''ਤੇ ਯਾਤਰੀਆਂ ਕੀਤਾ ਪ੍ਰਦਰਸ਼ਨ

11/29/2019 11:44:04 PM

ਅੰਮ੍ਰਿਤਸਰ,(ਇੰਦਰਜੀਤ, ਅਨਿਲ) : ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਅੱਜ ਇੰਡੀਗੋ ਏਅਰਲਾਈਨਸ ਦੀ ਉਡਾਣ ਰਾਹੀਂ ਸ਼ਾਰਜਾਹ ਜਾਣ ਵਾਲੇ ਯਾਤਰੀਆਂ ਨੇ ਖੂਬ ਹੰਗਾਮਾ ਕੀਤਾ। ਉਨ੍ਹਾਂ ਦਾ ਦੋਸ਼ ਸੀ ਕਿ ਏਅਰਲਾਈਨਸ ਕੰਪਨੀ ਦੇ ਅਧਿਕਾਰੀ ਤੇ ਕਰਮਚਾਰੀ ਬਿਨਾਂ ਵਜ੍ਹਾ ਪ੍ਰੇਸ਼ਾਨ ਕਰ ਰਹੇ ਹਨ। ਉਨ੍ਹਾਂ ਨੂੰ ਉਡਾਣ ਦਾ ਗਲਤ ਸਮਾਂ ਦੱਸਿਆ ਜਾ ਰਿਹਾ ਹੈ, ਜਦਕਿ ਇਸ ਦੇ ਲਈ ਉਨ੍ਹਾਂ ਤੋਂ ਪੈਸੇ ਵੀ ਮੰਗੇ ਜਾ ਰਹੇ ਹਨ। ਦਰਅਸਲ ਯਾਤਰੀ ਅੰਮ੍ਰਿਤਸਰ ਤੋਂ ਸ਼ਾਰਜਾਹ ਦੀ ਉਡਾਣ 'ਤੇ ਜਾਣ ਲਈ ਦੁਪਹਿਰ 1.20 ਵਜੇ ਉਡਾਣ ਦੀ ਤਿਆਰੀ 'ਚ ਸਨ। ਯਾਤਰੀਆਂ ਦਾ ਕਹਿਣਾ ਹੈ ਕਿ ਉਹ ਸਮੇਂ ਅਨੁਸਾਰ ਉਡਾਣ ਤੋਂ 3 ਘੰਟੇ ਪਹਿਲਾਂ ਅੰਮ੍ਰਿਤਸਰ ਏਅਰਪੋਰਟ 'ਤੇ ਪਹੁੰਚ ਗਏ। ਉਨ੍ਹਾਂ ਨੂੰ ਪਤਾ ਲੱਗਾ ਕਿ ਉਸ ਸਮੇਂ ਜਹਾਜ਼ ਕੰਪਨੀ ਦਾ ਦਫ਼ਤਰ ਬੰਦ ਕਰ ਦਿੱਤਾ ਗਿਆ ਹੈ। ਯਾਤਰੀਆਂ ਵੱਲੋਂ ਪੁੱਛਣ 'ਤੇ ਉਨ੍ਹਾਂ ਨੂੰ ਏਅਰਲਾਈਨਸ ਦੇ ਅਧਿਕਾਰੀਆਂ ਨੇ ਦੱਸਿਆ ਕਿ ਉਡਾਣ 10 ਵਜੇ ਜਾ ਚੁੱਕੀ ਹੈ, ਜਿਸ 'ਤੇ ਯਾਤਰੀਆਂ ਨੇ ਕਿਹਾ ਕਿ ਉਡਾਣ ਸਮੇਂ ਤੋਂ ਲੇਟ ਹੋਣ ਦੀ ਤਾਂ ਸਮਝ ਆਉਂਦੀ ਹੈ ਪਰ ਜਲਦੀ ਜਾਣ ਦਾ ਕੋਈ ਮਤਲਬ ਸਮਝ ਨਹੀਂ ਆਉਂਦਾ ਪਰ ਏਅਰਲਾਈਨਸ ਕੰਪਨੀ ਵਾਲੇ ਆਪਣੀ ਗੱਲ 'ਤੇ ਅੜੇ ਰਹੇ।

ਬਦਲਵੇਂ ਜਹਾਜ਼ 'ਚ ਭੇਜਣ ਲਈ ਯਾਤਰੀਆਂ ਤੋਂ ਮੰਗੀ 2500 ਰੁਪਏ ਵਾਧੂ ਰਕਮ
ਮਾਮਲਾ ਉਸ ਸਮੇਂ ਹੋਰ ਭੜਕਣ ਲੱਗਾ ਜਦੋਂ ਉਡਾਣ 'ਚ ਜਾਣ ਵਾਲੇ ਯਾਤਰੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਪਤਾ ਲੱਗਾ ਕਿ ਜਹਾਜ਼ ਤਾਂ ਏਅਰਪੋਰਟ 'ਤੇ ਹੀ ਖੜ੍ਹਾ ਹੈ ਪਰ ਕੰਪਨੀ ਵਾਲੇ ਕਹਿ ਰਹੇ ਹਨ ਕਿ ਫਲਾਈਟ ਜਾ ਚੁੱਕੀ ਹੈ। ਇਸ 'ਤੇ ਯਾਤਰੀਆਂ ਨੇ ਜਦੋਂ ਜਹਾਜ਼ ਕੰਪਨੀ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਕਿਹਾ ਕਿ ਅਜੇ ਤਾਂ ਉਡਾਣ ਗਈ ਹੀ ਨਹੀਂ, ਤੁਸੀਂ ਸਾਨੂੰ ਮਿਸ ਗਾਈਡ ਕਰ ਰਹੇ ਹੋ ਤਾਂ ਪਹਿਲਾਂ ਤੋਂ ਭੜਕੇ ਯਾਤਰੀਆਂ ਦੇ ਗ਼ੁੱਸੇ 'ਤੇ ਅੱਗ 'ਤੇ ਘਿਉ ਦਾ ਕੰਮ ਉਸ ਸਮੇਂ ਹੋਇਆ ਜਦੋਂ ਕੰਪਨੀ ਅਧਿਕਾਰੀਆਂ ਨੇ ਯਾਤਰੀਆਂ ਨੂੰ ਕਿਹਾ ਕਿ ਜੇਕਰ ਉਨ੍ਹਾਂ ਨੇ ਇਸ ਉਡਾਣ ਰਾਹੀਂ ਜਾਣਾ ਹੈ ਤਾਂ ਉਨ੍ਹਾਂ ਨੂੰ 2500 ਰੁਪਏ ਹੋਰ ਦੇਣੇ ਪੈਣਗੇ। ਇਸ 'ਤੇ ਯਾਤਰੀ ਭੜਕ ਉੱਠੇ ਅਤੇ ਉਨ੍ਹਾਂ ਨੇ ਜੰਮ ਕੇ ਏੇਅਰਲਾਈਨਸ ਦਾ ਪਿੱਟ-ਸਿਆਪਾ ਕੀਤਾ। ਯਾਤਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਆਪਣੀ ਟਿਕਟ ਦੇ ਪੈਸੇ ਦੇ ਦਿੱਤੇ ਹਨ, ਇਸ ਤੋਂ ਇਲਾਵਾ ਪੈਸੇ ਕਿਸ ਚੀਜ਼ ਦੇ ਦੇਈਏ। ਇਹ ਪੈਸੇ ਕਿਸ ਦੀ ਜੇਬ ਵਿਚ ਜਾਣੇ ਹਨ। ਯਾਤਰੀਆਂ ਨੇ ਰੋਸ ਪ੍ਰਗਟ ਕੀਤਾ ਕਿ ਪਹਿਲਾਂ ਤਾਂ ਏਅਰਲਾਈਨਸ ਕੰਪਨੀ ਨੇ ਕਿਹਾ ਕਿ ਜਹਾਜ਼ ਜਾ ਚੁੱਕਾ ਹੈ, ਹੁਣ ਥੋੜ੍ਹੀ ਦੇਰ 'ਚ 2500 ਦਾ ਨਾਂ ਲੈਂਦੇ ਜਹਾਜ਼ ਕਿਥੋਂ ਵਾਪਸ ਆ ਗਿਆ।

ਉਡਾਣ ਦੇ ਸਮੇਂ ਬਾਰੇ ਯਾਤਰੀਆਂ ਨੂੰ ਗਲਤਫਹਿਮੀ ਹੋਈ : ਮੈਡਮ ਨਿਮਿਸ਼ਾ
ਇਸ ਸਬੰਧੀ ਇੰਡੀਗੋ ਏਅਰਲਾਈਨਸ ਦੀ ਬੁਲਾਰਨ ਮੈਡਮ ਨਿਮਿਸ਼ਾ ਨੇ ਦੱਸਿਆ ਕਿ ਅੰਤਰਰਾਸ਼ਟਰੀ ਉਡਾਣਾਂ ਲਈ ਸਮੇਂ ਤੋਂ 3 ਘੰਟੇ ਪਹਿਲਾਂ ਆਉਣਾ ਜ਼ਰੂਰੀ ਹੁੰਦਾ ਹੈ। ਇਸ ਤੋਂ ਬਾਅਦ ਆਉਣ ਵਾਲੇ ਯਾਤਰੀਆਂ ਨੂੰ ਲੇਟ ਕਾਰਨ ਉਡਾÎਣ ਵਿਚ ਕਈ ਵਾਰ ਅਕੋਮੋਡੇਸ਼ਨ ਨਹੀਂ ਮਿਲਦੀ, ਇਸ ਲਈ ਯਾਤਰੀਆਂ ਨੂੰ ਕਿਹਾ ਗਿਆ ਸੀ ਕਿ ਜੋ ਯਾਤਰੀ ਲੇਟ ਹੋ ਚੁੱਕੇ ਹਨ, ਉਨ੍ਹਾਂ ਨੂੰ ਬਦਲਵੇਂ ਜਹਾਜ਼ 'ਚ ਭੇਜਿਆ ਜਾਵੇਗਾ। ਇਸ ਦੇ ਲਈ 2500 ਰੁਪਏ ਵਾਧੂ ਭਰਨੇ ਹੁੰਦੇ ਹਨ। ਉਨ੍ਹਾਂ ਦੱਸਿਆ ਕਿ ਇਸ ਦੇ ਲਈ ਵੀ ਕਈ ਕੰਡੀਸ਼ਨਾਂ ਰੱਖੀਆਂ ਹੁੰਦੀਆਂ ਹਨ ਕਿ ਕਦੋਂ ਉਡਾਣ ਜਾਣੀ ਹੈ ਕਿ ਨਹੀਂ ਕਿਉਂਕਿ ਜੇਕਰ ਸੀਟ ਕੈਂਸਲ ਕਰ ਦਿੱਤੀ ਜਾਵੇ ਤਾਂ ਯਾਤਰੀ ਨੂੰ ਬਹੁਤ ਘੱਟ ਪੈਸੇ ਵਾਪਸ ਮਿਲਦੇ ਹਨ। ਉਨ੍ਹਾਂ ਕਿਹਾ ਕਿ ਉਡਾਣ ਦੇ ਸਮੇਂ ਬਾਰੇ ਯਾਤਰੀਆਂ ਨੂੰ ਗਲਤਫਹਿਮੀ ਹੋਈ ਹੈ।