ਅਮਰਕੁੰਡ ਦੀ ਹੋਂਦ ''ਤੇ ਬਣੇ ਸੰਕਟ ''ਚ ਦਖਲ ਦੇਵੇ ਭਾਰਤ ਸਰਕਾਰ

11/25/2017 12:46:25 AM

ਅਬੋਹਰ(ਸੁਨੀਲ)—ਭੋਲੇ ਸ਼ੰਕਰ ਦੀ ਜੀਵਨ ਲੀਲਾ ਨਾਲ ਸਬੰਧਤ ਕਟਾਸਰਾਜ ਧਾਮ ਦੇ ਪ੍ਰਾਚੀਨ ਅਮਰਕੁੰਡ ਵਿਚ ਪਾਣੀ ਸੁੱਕਣ ਦੀ ਸੂਚਨਾ 'ਤੇ ਚਿੰਤਾ ਪ੍ਰਗਟ ਕਰਦੇ ਹੋਏ ਸ਼੍ਰੀ ਰਾਮਾਇਣ ਪ੍ਰਚਾਰਨੀ ਸਭਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਵਿਦੇਸ਼ ਮੰਤਰੀ ਸ਼੍ਰੀਮਤੀ ਸੁਸ਼ਮਾ ਸਵਰਾਜ ਤੋਂ ਇਸ ਮਾਮਲੇ ਵਿਚ ਜਲਦ ਦਖਲ ਦੇਣ ਦੀ ਮੰਗ ਕੀਤੀ ਹੈ। ਜ਼ਿਕਰਯੋਗ ਹੈ ਕਿ ਪੌਰਾਣਿਕ ਗੰ੍ਰਥਾਂ ਮੁਤਾਬਿਕ ਭੋਲੇ ਸ਼ੰਕਰ ਦੇ ਨੇਤਰਾਂ ਤੋਂ ਟਪਕਦੇ ਹੰਝੂ ਨਾਲ ਅਮਰਕੁੰਡ ਦਾ ਝਰਨਾ ਫੁੱਟਿਆ ਸੀ। ਸਭਾ ਦੇ ਸਕੱਤਰ ਰਾਕੇਸ਼ ਨਾਗਪਾਲ ਤੇ ਕਾਰਜਕਾਰਨੀ ਮੈਂਬਰ ਰਾਜ ਸਦੋਸ਼ ਨੇ ਭਾਰਤ ਸਰਕਾਰ ਦਾ ਧਿਆਨ ਖਿੱਚਦੇ ਹੋਏ ਆਪਣੇ ਮੰਗ ਪੱਤਰ ਵਿਚ ਲਿਖਿਆ ਹੈ ਕਿ ਅਗਸਤ ਮਹੀਨੇ 'ਚ ਪੱਛਮੀ ਪੰਜਾਬ ਦੇ ਜ਼ਿਲਾ ਚਕਵਾਲ ਸਥਿਤ ਮੀਡੀਆ ਕਰਮਚਾਰੀਆਂ ਨੇ ਪਹਿਲੀ ਵਾਰ ਅਮਰਕੁੰਡ ਸੁੱਕਣ ਦਾ ਗੰਭੀਰ ਮੁੱਦਾ ਚੁੱਕਿਆ ਸੀ। ਹੁਣ ਪਾਕਿਸਤਾਨ ਦੀ ਸੁਪਰੀਮ ਕੋਰਟ ਨੇ ਇਸਦਾ ਨੋਟਿਸ ਲਿਆ ਹੈ। ਮੀਡੀਆ ਰਿਪੋਰਟ ਦੇ ਹਵਾਲੇ ਨਾਲ ਉਨ੍ਹਾਂ ਕਿਹਾ ਕਿ ਪਾਕਿਸਤਾਨੀ ਸੁਪਰੀਮ ਕੋਰਟ ਦੇ ਮੁੱਖ ਜੱਜ ਸਾਕਿਬ ਨਿਸਾਰ ਨੇ ਸਰਕਾਰ ਨੂੰ ਨਿਰਦੇਸ਼ ਦਿੱਤਾ ਹੈ ਕਿ ਇਕ ਹਫਤੇ ਅੰਦਰ ਅਮਰਕੁੰਡ ਨੂੰ ਪਾਣੀ ਨਾਲ ਭਰਿਆ ਜਾਵੇ, ਬੇਸ਼ੱਕ ਇਸ ਲਈ ਟੈਂਕਰਾਂ ਦਾ ਇਸਤੇਮਾਲ ਕਿਉਂ ਨਾ ਕਰਨਾ ਪਵੇ। ਮੁੱਖ ਜੱਜ ਨੇ ਸਰਕਾਰ ਦੀ ਖਿਚਾਈ ਕਰਦੇ ਹੋਏ ਕੱਲ ਆਪਣੇ ਹੁਕਮ ਵਿਚ ਕਿਹਾ ਕਿ ਸੁਪਰੀਮ ਕੋਰਟ ਹਿੰਦੂਆਂ ਦੇ ਅਧਿਕਾਰਾਂ ਦੀ ਰਾਖੀ ਲਈ ਕਿਸੇ ਵੀ ਹੱਦ ਤੱਕ ਜਾ ਸਕਦੀ ਹੈ। ਉਨ੍ਹਾਂ ਇਸ ਮਾਮਲੇ ਦੀ ਜਾਂਚ ਕਰਵਾਉਣ ਲਈ ਉੱਚ ਪੱਧਰੀ ਸੰਮਤੀ ਗਠਿਤ ਕਰਨ ਦੇ ਵੀ ਨਿਰਦੇਸ਼ ਜਾਰੀ ਕੀਤੇ ਹਨ। ਮਾਮਲੇ ਦੀ ਸੁਣਵਾਈ ਵੀਰਵਾਰ ਨੂੰ ਦੁਬਾਰਾ ਹੋਵੇਗੀ।