ਇਨਸਾਫ ਲੈਣ ਲਈ ਕਿਸਾਨ ਪਾਣੀ ਵਾਲੀ ਟੈਂਕੀ 'ਤੇ ਚੜ੍ਹਿਆ

05/28/2019 12:25:52 PM

ਸ਼ੇਰਪੁਰ (ਅਨੀਸ਼, ਸਿੰਗਲਾ) : ਭਾਰਤੀ ਕਿਸਾਨ ਯੂਨੀਅਨ ਡਕੌਂਦਾ ਵੱਲੋਂ ਸ਼ੇਰਪੁਰ ਦੇ ਕਿਸਾਨ ਨੂੰ ਇਨਸਾਫ ਦਿਵਾਉਣ ਲਈ ਕਾਤਰੋਂ ਚੌਕ ਵਿਖੇ ਧਰਨਾ ਲਾਇਆ ਗਿਆ। ਦੱਸ ਦਈਏ ਕਿ ਸ਼ੇਰਪੁਰ ਦੇ ਇਕ ਗ਼ਰੀਬ ਕਿਸਾਨ ਕਰਨੈਲ ਸਿੰਘ ਨੇ ਧੂਰੀ ਦੇ ਇਕ ਆੜ੍ਹਤੀਏ ਨੂੰ ਪਿਛਲੇ ਸੀਜ਼ਨ ਦੌਰਾਨ 400 ਦੇ ਕਰੀਬ ਝੋਨੇ ਦੀ ਫਸਲ ਦਾ ਗੱਟਾ ਵੇਚਿਆ ਸੀ ਪਰ ਆੜ੍ਹਤੀਏ ਨੇ ਕਿਸਾਨ ਨੂੰ ਪੈਸੇ ਦੇਣ ਦੀ ਬਜਾਏ ਉਸ ਦੀ ਫਸਲ ਖੁਰਦ-ਬੁਰਦ ਕਰ ਦਿੱਤੀ ਹੈ ਜਦੋਂ ਵੀ ਕਿਸਾਨ ਨੇ ਆੜ੍ਹਤੀਏ ਪਾਸੋਂ ਆਪਣੀ ਫਸਲ ਦੇ ਪੈਸਿਆਂ ਦੀ ਗੱਲ ਰੱਖੀ ਤਾਂ ਅੱਗੋਂ ਆੜ੍ਹਤੀਆ ਹਮੇਸ਼ਾ ਉਸ ਨੂੰ ਹੀ ਟਾਲ-ਮਟੋਲ ਕਰਦਾ ਰਿਹਾ। ਅੱਕੇ ਹੋਏ ਕਿਸਾਨ ਨੇ ਆਪਣੇ ਨਾਲ ਹੋਈ ਧੋਖਾਦੇਹੀ ਦੀ ਸ਼ਿਕਾਇਤ ਥਾਣਾ ਸ਼ੇਰਪੁਰ ਵਿਖੇ ਦਰਜ ਕਰਵਾਈ ਪਰ ਕਈ ਮਹੀਨੇ ਬੀਤ ਜਾਣ 'ਤੇ ਪੁਲਸ ਨੇ ਉਨ੍ਹਾਂ ਨੂੰ ਝੂਠੇ ਲਾਰਿਆ ਤੋਂ ਬਿਨਾਂ ਕੁਝ ਨਹੀਂ ਦਿੱਤਾ। ਕਿਸਾਨ ਆਗੂਆਂ ਨੇ ਦੋਸ਼ ਲਾਇਆ ਕਿ ਪੁਲਸ ਅਤੇ ਆੜ੍ਹਤੀਏ ਦੇ ਗਠਜੋੜ ਕਾਰਣ ਅੱਜ ਤੱਕ ਕਿਸਾਨ ਨੂੰ ਇਨਸਾਫ ਨਹੀਂ ਮਿਲ ਸਕਿਆ।

ਉਸ ਸਮੇਂ ਡੀ. ਐੱਸ. ਪੀ. ਧੂਰੀ ਨੇ ਕਿਸਾਨ ਯੂਨੀਅਨ ਨੂੰ ਵਿਸ਼ਵਾਸ ਦਿਵਾਇਆ ਸੀ ਕਿ ਆੜ੍ਹਤੀਏ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ ਪਰ ਆੜ੍ਹਤੀਏ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਗਈ । ਧਰਨੇ 'ਚ ਜਦੋਂ ਕੋਈ ਵੀ ਪੁਲਸ ਅਧਿਕਾਰੀ ਨਾ ਪੁੱਜਿਆ ਤਾਂ ਕਿਸਾਨ ਧਰਨਾ ਚੁੱਕ ਕੇ ਪਿੰਡ ਰਾਮ ਨਗਰ ਛੰਨਾਂ ਵਿਖੇ ਚਲੇ ਗਏ, ਜਿਥੇ ਪੀੜਤ ਕਿਸਾਨ ਕਰਨੈਲ ਸਿੰਘ ਪਾਣੀ ਵਾਲੀ ਟੈਂਕੀ 'ਤੇ ਚੜ੍ਹ ਗਿਆ ਅਤੇ ਵੱਡੀ ਗਿਣਤੀ 'ਚ ਪਹੁੰਚੇ ਕਿਸਾਨਾਂ ਨੇ ਉਥੇ ਵੀ ਧਰਨਾ ਲਗਾ ਦਿੱਤਾ। ਇਸ ਮੌਕੇ ਯੂਨੀਅਨ ਦੇ ਆਗੂ ਬਲਵੰਤ ਸਿੰਘ ਛੰਨਾਂ ਨੇ ਕਿਹਾ ਕਿ ਪੁਲਸ ਆੜ੍ਹਤੀਏ ਦਾ ਪੱਖ ਪੂਰ ਰਹੀ, ਜਿਸ ਕਰਕੇ ਉਸ ਖਿਲਾਫ ਕਾਰਵਾਈ ਨਹੀਂ ਕੀਤੀ ਜਾ ਰਹੀ। ਉਨ੍ਹਾਂ ਕਿਹਾ ਕਿ ਜਿੰਨਾ ਚਿਰ ਕਿਸਾਨ ਨੂੰ ਇਨਸਾਫ ਨਹੀਂ ਮਿਲਦਾ, ਓਨਾ ਚਿਰ ਕਿਸਾਨ ਯੂਨੀਅਨ ਦਾ ਸੰਘਰਸ਼ ਜਾਰੀ ਰਹੇਗਾ। ਖਬਰ ਲਿਖੇ ਜਾਣ ਤੱਕ ਥਾਣਾ ਸਦਰ ਦੇ ਥਾਣਾ ਮੁਖੀ ਹਰਵਿੰਦਰ ਸਿੰਘ ਖਹਿਰਾ ਅਤੇ ਨਾਇਬ ਤਹਿਸੀਲਦਾਰ ਕਰਮਜੀਤ ਸਿੰਘ ਵੱਲੋਂ ਕਿਸਾਨਾਂ ਨੂੰ ਮਨਾਉਣ ਦੀਆਂ ਕੋਸ਼ਿਸ਼ਾਂ ਜਾਰੀ ਸਨ ਪਰ ਕਿਸਾਨ ਆਗੂ ਆੜ੍ਹਤੀਏ ਖਿਲਾਫ ਬਣਦੀ ਕਾਰਵਾਈ ਕਰਵਾਉਣ ਲਈ ਅੜੇ ਹੋਏ ਸਨ।

Anuradha

This news is Content Editor Anuradha