ਭਾਰਤੀ ਸੰਵਿਧਾਨ ਨੂੰ ਸਾਡ਼ਨ ਵਾਲਿਆਂ ਖਿਲਾਫ ਦਿੱਤਾ ਰੋਸ ਧਰਨਾ

08/17/2018 3:45:47 AM

 ਫ਼ਤਿਹਗਡ਼੍ਹ ਸਾਹਿਬ,   (ਜਗਦੇਵ)-  ਰਾਸ਼ਟਰੀ ਵਾਲਮੀਕਿ ਸਭਾ ਵਲੋਂ ਸਭਾ ਦੇ ਕੌਮੀ ਚੇਅਰਮੈਨ ਕੁਲਦੀਪ ਸਿੰਘ ਸਹੋਤਾ ਦੀ ਅਗਵਾਈ ਵਿਚ ਕੇਂਦਰ ਸਰਕਾਰ  ਖਿਲਾਫ ਰੋਸ ਧਰਨਾ ਦਿੱਤਾ ਗਿਆ। ਇਸ ਮੌਕੇ ਸਭਾ  ਦੇ ਅਹੁਦੇਦਾਰਾਂ ਤੋਂ ਇਲਾਵਾ ਭਾਈ ਸੰਗਤ ਸਿੰਘ ਯੂਥ ਕਲੱਬ, ਰੀਪਬਲਿਕ ਪਾਰਟੀ ਆਫ ਇੰਡੀਆ (ਅ), ਸਰਬ ਧਰਮ ਸੇਵਾ ਸੁਸਾਇਟੀ, ਮਨੁੱਖੀ ਅਧਿਕਾਰ ਮੰਚ ਪੰਜਾਬ ਵਲੋਂ ਵੀ ਸਮਰਥਨ ਦਿੱਤਾ ਗਿਆ। ਇਸ ਮੌਕੇ ਕੁਲਦੀਪ ਸਿੰਘ ਸਹੋਤਾ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਪਿਛਲੇ ਦਿਨੀਂ ਦਿੱਲੀ ਵਿਖੇ ਕੁਝ ਸ਼ਰਾਰਤੀ ਅਨਸਰਾਂ ਵਲੋਂ ਭਾਰਤੀ ਸੰਵਿਧਾਨ ਦੀਅਾਂ ਕਾਪੀਆਂ ਸਾਡ਼ੀਆਂ ਗਈਆਂ ਸਨ ਅਤੇ ਡਾ. ਅੰਬੇਡਕਰ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ ਸੀ, ਜੋ ਬਹੁਤ ਹੀ ਨਿੰਦਣਯੋਗ ਘਟਨਾ ਹੈ। ਇਸ ਲਈ ਉਕਤ ਦੋਸ਼ੀਅਾਂ ਖਿਲਾਫ ਸਖਤ ਕਾਰਵਾਈ ਕਰਦੇ ਹੋਏ ਦੇਸ਼ਧ੍ਰੋਹ ਦਾ ਮਾਮਲਾ ਦਰਜ ਕੀਤਾ ਜਾਵੇ। ਇਸ ਮੌਕੇ ਰਘਵੀਰ ਸਿੰਘ ਬਡਲਾ, ਹਰਭਜਨ ਸਿੰਘ ਚਨਾਰਥਲ, ਕੁਲਵੰਤ ਸਿੰਘ ਰਾਠੌਰ, ਸੁਰਿੰਦਰ ਸਿੰਘ ਬਾਬਾ ਬੋਹਡ਼, ਸੁਖਮੀਤ ਸੁੱਖੀ, ਧਰਮਪਾਲ ਸਹੋਤਾ, ਹਰਭਜਨ ਸਿੰਘ ਦੁਲਵਾਂ, ਰਜਿੰਦਰ ਕੁਮਾਰ ਗੋਗੀ, ਜੈ ਸਿੰਘ ਬਾਡ਼ਾ, ਅਮਰੀਕ ਸਿੰਘ ਪਵਾਰ, ਸਤਨਾਮ ਸਹੋਤਾ, ਸੋਨੂੰ ਭੁੰਬਕ, ਧਰਮਿੰਦਰ ਬਾਡ਼ਾ, ਲਖਵੀਰ ਸਿੰਘ, ਅਮ੍ਰਿਤਪਾਲ ਸਿੰਘ, ਜੱਗੀ ਪਹਿਲਵਾਨ ਪੰਡਰਾਲੀ, ਰਣਜੀਤ ਸਿੰਘ ਰਾਮਦਾਸ ਨਗਰ ਪਰਮਵੀਰ ਸਿੰਘ ਸੰਗਤਪੁਰਾ, ਤਰਲੋਚਨ ਸਿੰਘ ਸੈਣੀ ਆਦਿ ਹਾਜ਼ਰ ਸਨ।
 ‘20 ਨੂੰ ਮਾਧੋਪੁਰ ਚੌਕ ਵਿਖੇ ਕਰਾਂਗੇ ਚੱਕਾ ਜਾਮ’
 ਰਾਸ਼ਟਰੀ ਵਾਲਮੀਕਿ ਸਭਾ ਅਤੇ ਹੋਰ ਭਰਾਤਰੀ ਜਥੇਬੰਦੀਆਂ ਨੇ ਐਲਾਨ ਕੀਤਾ ਕਿ 20 ਅਗਸਤ ਨੂੰ ਮਾਧੋਪੁਰ ਚੌਕ ਜਾਮ ਕਰ ਕੇ ਜ਼ਿਲਾ ਪ੍ਰਸ਼ਾਸਨ ਅਤੇ ਸਰਕਾਰ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਭਾ ਦੇ ਚੇਅਰਮੈਨ ਕੁਲਦੀਪ ਸਹੋਤਾ ਨੇ ਦੱਸਿਆ ਕਿ 12 ਅਗਸਤ ਨੂੰ ਪ੍ਰੈੱਸ ਕਾਨਫਰੰਸ ਕਰ ਕੇ ਐਲਾਨ ਕੀਤਾ ਗਿਆ ਸੀ ਕਿ 16 ਅਗਸਤ ਨੂੰ ਦਿੱਲੀ ਵਿਖੇ ਵਾਪਰੀ ਘਟਨਾ ਸਬੰਧੀ ਸਖਤ ਕਾਰਵਾਈ ਲਈ ਡਿਪਟੀ ਕਮਿਸ਼ਨਰ ਫਤਿਹਗਡ਼੍ਹ ਸਾਹਿਬ ਨੂੰ ਰਾਸ਼ਟਰਪਤੀ ਦੇ ਨਾਂ ਮੰਗ-ਪੱਤਰ ਦਿੱਤਾ ਜਾਵੇਗਾ।  ਜਦੋਂ ਡਿਪਟੀ ਕਮਿਸ਼ਨਰ ਦਫਤਰ ਵਿਖੇ ਮੰਗ-ਪੱਤਰ ਦੇਣ ਲਈ ਪਹੁੰਚੇ ਤਾਂ  ਕੰਪਲੈਕਸ ਦਾ ਮੁੱਖ ਦਰਵਾਜ਼ਾ ਬੰਦ ਕਰ ਲਿਆ ਗਿਆ। ਇਸ ਉਪਰੰਤ ਤਹਿਸੀਲਦਾਰ ਸਾਹਿਬ ਇਹ ਕਹਿਣ ਲਈ ਆਏ ਕਿ ਡਿਪਟੀ ਕਮਿਸ਼ਨਰ ਸਾਹਿਬ ਮੀਟਿੰਗ ’ਚ ਬੈਠੇ ਹਨ। ਜਦੋਂ ਅਸੀਂ ਡਿਪਟੀ ਕਮਿਸ਼ਨਰ ਸਾਹਿਬ ਨੂੰ ਹੀ ਮਿਲਣ ਦੀ ਗੱਲ ਕੀਤੀ ਤਾਂ ਉਨ੍ਹਾਂ 10 ਮਿੰਟ ਦਾ ਇੰਤਜ਼ਾਰ ਕਰਨ ਲਈ ਕਿਹਾ ਪਰ ਅਫਸੋਸ 2 ਘੰਟੇ ਬੀਤ ਜਾਣ ਉਪਰੰਤ ਵੀ ਕੋਈ ਅਧਿਕਾਰੀ ਮੰਗ-ਪੱਤਰ ਲੈਣ ਲਈ ਨਹੀਂ ਆਇਆ ਜਿਸ ਕਾਰਨ ਰਾਸ਼ਟਰੀ ਵਾਲਮੀਕਿ ਸਭਾ ਅਤੇ ਭਰਾਤਰੀ ਜਥੇਬੰਦੀਆਂ   ਵਾਪਸ ਆ ਗਈਆਂ ਅਤੇ ਫੈਸਲਾ ਕੀਤਾ ਕਿ 20 ਅਗਸਤ ਨੂੰ ਮਾਧੋਪੁਰ ਚੌਕ ’ਚ ਜਾਮ  ਲਾ ਕੇ ਹੀ ਰੋਸ ਪ੍ਰਗਟ ਕੀਤਾ ਜਾਵੇਗਾ ਅਤੇ ਉਥੇ ਹੀ ਮੰਗ-ਪੱਤਰ ਦਿੱਤਾ ਜਾਵੇਗਾ।