‘ਕੋਰੋਨਾ ਸੰਕਟ ਦੌਰਾਨ ਭਾਰਤ ਨੇ ਗੋਡੇ ਨਹੀਂ ਟੇਕੇ ਬਲਕਿ ਨਵੇਂ ਰਾਹ ਤਲਾਸ਼ੇ ਹਨ’

04/02/2020 6:37:21 PM

ਗੁਰ ਕ੍ਰਿਪਾਲ ਸਿੰਘ ਅਸ਼ਕ

ਕੋਰੋਨਾ ਸੰਕਟ ਦੌਰਾਨ ਜਦੋਂ ਵਿਸ਼ਵ ਦੇ ਸ਼ਕਤੀਸ਼ਾਲੀ ਦੇਸ਼ ਢੇਰੀ ਢਾਹ ਕੇ ਬੈਠੇ ਹੋਏ ਹਨ। ਭਾਰਤ ਵਿਸ਼ਾਲ ਜਨ ਸੰਖਿਆ ਹੋਣ ਦੇ ਬਾਵਜੂਦ ਪੂਰੇ ਹੌਸਲੇ ਨਾਲ ਜੰਗ ਲੜਨ ਲਈ ਮੈਦਾਨ ਵਿਚ ਉਤਰ ਚੁੱਕਾ ਹੈ। ਸਾਧਨਾ ਦੀ ਘਾਟ ਨੂੰ ਲੈ ਕੇ ਰੋਣ ਦੀ ਥਾਂ ਇਸ ਦੇਸ਼ ਦੇ ਲੋਕਾਂ ਨੇ ਉਹ ਕਰ ਦਿਖਾਇਆ ਹੈ, ਜਿਸ ਦੀ ਮਿਸਾਲ ਦੁਨੀਆਂ ਵਿਚ ਹੋਰ ਕਿਧਰੇ ਵੀ ਨਹੀਂ ਮਿਲਦੀ। ਇਨ੍ਹਾਂ ਪ੍ਰਾਪਤੀਆਂ ਦਾ ਜ਼ਿਕਰ ਕਰਨ ਤੋਂ ਪਹਿਲਾਂ ਉਨ੍ਹਾਂ ਯੋਧਿਆਂ ਨੂੰ ਸਲਾਮ ਕਰਨੀ ਜ਼ਰੂਰੀ ਹੈ, ਜੋ ਇਸ ਜੰਗ ਦੀ ਪਹਿਲੀ ਕਤਾਰ ਵਿਚ ਹਨ। ਇਨ੍ਹਾਂ ’ਚ ਡਾਕਟਰਾਂ ਅਤੇ ਦੂਜੇ ਮੈਡੀਕਲ ਸਟਾਫ ਤੋਂ ਇਲਾਵਾ ਲੱਖਾਂ ਅਜਿਹੇ ਕਰਮਚਾਰੀ ਹਨ, ਜੋ ਬੜੀ ਮੁਸਤੈਦੀ ਨਾਲ ਆਪਣੀ ਜ਼ਿੰਮੇਵਾਰੀ ਨਿਭਾ ਰਹੇ ਹਨ ਪਰ ਪਰਦੇ ’ਤੇ ਕਿਧਰੇ ਵੀ ਦਿਖਾਈ ਨਹੀਂ ਦਿੰਦੇ। ਜੇ ਕਿਧਰੇ ਪੁਲਸ ਕਰਮਚਾਰੀਆਂ ਦੇ ਹੱਥ ਵਿਚ ਡੰਡਾ ਦਿਖਾਈ ਦਿੰਦਾ ਹੈ ਤਾਂ ਦੂਜੇ ਪਾਸੇ ਗਰੀਬ ਲੋਕਾਂ ਦੇ ਘਰਾਂ ਵਿਚ ਰਸਦ ਪਹੁੰਚਾਉਂਦੇ ਵੀ ਦਿਖਾਈ ਦਿੰਦੇ ਹਨ। ਸਫਾਈ ਵਿਚ ਲੱਗੇ ਕਾਮੇ ਜੇਕਰ ਮੈਦਾਨ ਵਿਚ ਨਾ ਉਤਰਨ ਤਾਂ ਸਾਡੀ ਜ਼ਿੰਦਗੀ ਵੈਸੇ ਹੀ ਨਰਕ ਬਣ ਜਾਵੇ। ਉਨ੍ਹਾਂ ਕੋਲ ਹੱਥਾਂ ’ਤੇ ਪਹਿਨਣ ਲਈ ਦਸਤਾਨੇ ਤੱਕ ਨਹੀਂ ਪਰ ਉਹ ਦਿਨ ਰਾਤ ਸੇਵਾ ਵਿਚ ਜੁਟੇ ਹੋਏ ਹਨ। 

ਹੁਣ ਗੱਲ ਸਮਾਜ ਸੇਵਾ ਵਿਚ ਲੱਗੇ ਹੋਏ ਉਨ੍ਹਾਂ ਲੋਕਾਂ ਦੀ ਕਰੀਏ, ਜੋ ਦਿਨ ਰਾਤ ਇਸ ਚਿੰਤਾ ਵਿਚ ਹਨ ਕਿ ਇਸ ਸਮੇਂ ਜਦੋਂ ਘਰ ਤੋਂ ਬਾਹਰ ਨਿਕਲਣ ਦੀ ਵੀ ਇਜਾਜ਼ਤ ਨਹੀਂ ਹੈ, ਉਸ ਸਮੇਂ ਕੋਈ ਭੁੱਖਾ ਨਾ ਰਹਿ ਜਾਵੇ। ਘਟੋ-ਘੱਟ ਪੰਜਾਬ ਦੀ ਧਰਤੀ ’ਤੇ ਪਿੰਡ-ਪਿੰਡ ਵਿਚ ਲੰਗਰ ਤਿਆਰ ਹੋ ਕੇ ਜਰੂਰਤਮੰਦਾ ਤੱਕ ਪੁੱਜ ਰਿਹਾ ਹੈ। ਸ੍ਰੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਵਲੋਂ ਤਾਂ ਦੁਨੀਆਂ ਭਰ ਵਿਚ ਇਸ ਸੰਕਟ ਦੌਰਾਨ ਗੁਰਦੁਆਰਿਆਂ ਦੀਆਂ ਗੋਲਕਾਂ ਦੇ ਮੂੰਹ ਖੋਲ ਦੇਣ ਲਈ ਕਿਹਾ ਗਿਆ ਹੈ। ਸਰਾਵਾਂ ਡਾਕਟਰਾਂ ਦੇ ਰਹਿਣ ਲਈ ਅਤੇ ਰੋਗੀਆਂ ਦੇ ਇਲਾਜ਼ ਲਈ ਖੋਲ ਦਿੱਤੀਆਂ ਗਈਆਂ ਹਨ। ਗੱਲ ਕੀ ਕਿ ਪਿੱਛੇ ਤਾਂ ਕੋਈ ਵੀ ਨਹੀਂ ਰਹਿ ਰਿਹਾ, ਜਿਸ ਤਰਾਂ ਦੀ ਲੋਕ ਮਦਦ ਕਰ ਸਕਦੇ ਹਨ, ਕਰ ਰਹੇ ਹਨ। 

ਅਗਰ ਸਰਕਾਰਾਂ ਦੀ ਗੱਲ ਕਰੀਏ ਤਾਂ ਇੰਨੇ ਵਡੇ ਦੇਸ਼ ਵਿਚ ਲੋਕਾਂ ਨੂੰ ਬਚਾਉਣ ਵਾਸਤੇ ਪੂਰੇ ਦੇਸ਼ ਨੂੰ ਲਾਕ ਡਾਊਨ ਹੇਠ ਲਿਆਉਣ ਲਈ ਵੱਡੇ ਜਿਗਰੇ ਦੀ ਲੋੜ ਸੀ। ਅਕਸਰ ਸਿਆਸਤਦਾਨ ਅਜਿਹੇ ਫੈਸਲੇ ਲੈਣ ਤੋਂ ਗੁਰੇਜ਼ ਕਰ ਜਾਂਦੇ ਹਨ। ਕੇਂਦਰ ਸਰਕਾਰ ਤੋਂ ਪਹਿਲਾਂ ਪੰਜਾਬ ਸਰਕਾਰ ਨੇ ਕਰਫ਼ਿਊ ਲਾਇਆ ਅਤੇ ਕੁਝ ਹੋਰ ਰਾਜਾਂ ਨੇ ਵੀ l ਛੋਟੀ ਮੋਟੀ ਨੁਕਤਾਚੀਨੀ ਨੂੰ ਨਜ਼ਰ ਅੰਦਾਜ਼ ਕਰ ਦੇਈਏ ਤਾਂ ਆਪਣੇ ਦੇਸ਼ ਦੇ ਲੋਕਾਂ ਨੂੰ ਬਚਾਉਣ ਲਈ ਸਿਆਸੀ ਪਾਰਟੀਆਂ ਦੀ ਸੁਰ ਵੀ ਇੱਕੋ ਹੀ ਹੋ ਗਈ।

ਆਓ ਹੁਣ ਜ਼ਿਕਰ ਕਰੀਏ ਇਸ ਸੰਕਟ ਦੌਰਾਨ ਸਾਡੀਆਂ ਪ੍ਰਾਪਤੀਆਂ ਦਾ। ਕਰੋਨਾ ਸੰਕਟ ਦੌਰਾਨ ਚੀਨ ਵਲੋਂ ਦਸ ਦਿਨਾਂ ’ਚ ਇਕ ਹਜ਼ਾਰ ਲੋਕਾਂ ਲਈ ਹਸਪਤਾਲ ਖੜ੍ਹਾ ਕਰ ਦੇਣਾ ਇਕ ਮਿਸਾਲ ਬਣ ਕੇ ਉਭਰਿਆ ਸੀ ਪਰ ਭਾਰਤੀ ਰੇਲਵੇ ਅੱਜ ਆਪਣੇ 20 ਹਜ਼ਾਰ ਕੋਚਾਂ ਨੂੰ ਆਈਸੋਲੇਸ਼ਨ ਕੋਚਾਂ/ ਵਾਰਡਾਂ ਵਿਚ ਬਦਲਣ ਲਈ ਪੂਰੀ ਤਰਾਂ ਤਿਆਰ ਹੈ। ਜਾਰੀ ਸੂਚਨਾ ਮੁਤਾਬਕ ਹਰ ਕੋਚ ਵਿਚ 16 ਲੋਕ ਰੱਖੇ ਜਾ ਸਕਣਗੇ। ਇਸ ਤਰਾਂ ਨਾਲ ਇੱਕਲੀ ਰੇਲਵੇ ਹੀ 3 ਲੱਖ 20 ਹਾਜ਼ਰ ਲੋਕਾਂ ਲਈ ਆਈਸੋਲੇਸ਼ਨ ਬੈਡ ਉਪਲਬਧ ਕਰਵਾਉਣ ਲਈ ਤਿਆਰ ਹੈ। ਪਹਿਲੀ ਸਟੇਜ ’ਤੇ ਲੋੜ ਪੈ ਜਾਣ ’ਤੇ 5000 ਕੋਚ ਆਈਸੋਲਸ਼ਨ ਵਾਰਡਾਂ ਵਿਚ ਤਬਦੀਲ ਕਰ ਦਿੱਤੇ ਜਾਣਗੇ ਤਾਂ ਕਿ 80 ਹਜ਼ਾਰ ਬੈਡ ਉਪਲਬਧ ਹੋ ਸਕਣ। ਇਹ ਕੋਚ ਰੇਲਵੇ ਦੇ 16 ਜੋਨਾ ਵਿਚ ਤਿਆਰ ਕੀਤੇ ਜਾਣਗੇ। ਕਮਾਲ ਇਹ ਹੈ ਕਿ ਲੋੜ ਪੈਣ ਤੇ ਇੱਕ ਗੱਡੀ ਢਾਈ ਤਿੰਨ ਸੌ ਮਰੀਜ਼ਾਂ ਨੂੰ ਸਾਂਭ ਸਕਣ ਵਾਲੇ ਹਸਪਤਾਲ ਵਿਚ ਤਬਦੀਲ ਹੋ ਕੇ ਦੇਸ਼ ਦੇ ਕਿਸੇ ਵੀ ਕੋਨੇ ਤੇ ਰੇਲਵੇ ਸਟੇਸ਼ਨ ’ਤੇ ਪੁੱਜ ਸਕਦੀ ਹੈ। ਇਹ ਮਿਸਾਲ ਹੋਰ ਕਿਧਰੇ ਨਹੀਂ। ਗੁਆਂਢੀ ਦੇਸ਼ ਪਾਕਿਸਤਾਨ ਨੇ ਭਾਰਤ ਤੋਂ ਪ੍ਰੇਰਨਾ ਲੈ ਕੇ ਕੁਝ ਗੱਡੀਆਂ ਨੂੰ ਇਸ ਤਰਾਂ ਆਈਸੋਲੇਸ਼ਨ ਵਾਰਡਾਂ ਵਿਚ ਤਬਦੀਲ ਕਰਨ ਦੀ ਯੋਜਨਾ ਬਣਾਈ ਹੈ। ਸਪੋਰਟਸ ਅਥਾਰਟੀ ਆਫ ਇੰਡੀਆ ਨੇ ਆਪਣੇ ਸਟੇਡੀਅਮਾਂ ਦੇ ਦਰਵਾਜ਼ੇ ਖੋਲ੍ਹ ਦਿੱਤੇ ਹਨ ਤਾਂ ਕਿ ਲੋੜ ਪੈਣ ’ਤੇ ਉਥੇ ਵੀ ਆਈਸੋਲੇਸ਼ਨ ਵਾਰਡ ਤਿਆਰ ਕੀਤੇ ਜਾ ਸਕਣ।

ਭਾਰਤ ਵਿਚ ਕੋਰੋਨਾ ਵਾਇਰਸ ਦੇ ਕੇਸ ਘਟ ਦਿਖਾਈ ਦੇਣ ਪਿੱਛੇ ਤਰਕ ਇਹ ਦਿੱਤਾ ਜਾਂਦਾ ਰਿਹਾ ਹੈ ਕਿ ਇਥੇ ਕੋਰੋਨਾ ਦੀ ਜਾਂਚ ਲਈ ਜ਼ਰੂਰੀ ਪ੍ਰਬੰਧ ਨਹੀਂ ਅਤੇ ਟੈਸਟਿੰਗ ਕਿੱਟ ਮਹਿੰਗੀ ਹੈ। ਇਸ ਵਿਚ ਕੋਈ ਸ਼ੱਕ ਨਹੀਂ ਕਿ ਵਿਦੇਸ਼ੋਂ ਮੰਗਵਾਈ ਜਾਣ ਵਾਲੀ ਕਿੱਟ 4500 ਰੁਪਏ ਦੀ ਪੈਂਦੀ ਹੈ ਪਰ ਸਦਕੇ ਜਾਈਏ ਵਾਈਰੋਲੋਜਿਸਟ ਮਿਨਾਲ ਦਾਖਾਵੇ ਭੌਸਲੇ ਦੇ, ਜਿਸ ਦੀ ਅਗਵਾਈ ਵਿਚ ਮਾਈਲੈਬ ਪੂਨੇ ਦੇ ਵਿਗਿਆਨੀਆਂ ਨੇ ਪਹਿਲੀ ਦੇਸੀ ਕਿੱਟ ਰਿਕਾਰਡ ਸਮੇਂ ਵਿਚ ਤਿਆਰ ਕਰਕੇ ਇਹ ਦਿਖਾ ਦਿੱਤਾ ਕਿ ਅਸੀਂ ਕਿਸੇ ਤੋਂ ਪਿੱਛੇ ਨਹੀਂ। ਮਾਈ ਲੈਬ ਦੀ ਕਿੱਟ ਅੰਤਰਰਾਸ਼ਟਰੀ ਬਜ਼ਾਰ ਵਿਚ ਮਿਲਣ ਵਾਲੀਆਂ ਕਿੱਟਾਂ ਤੋਂ ਕਰੀਬ 4 ਗੁਣਾ ਸਸਤੀ ਭਾਵ ਸਿਰਫ਼ 1200 ਰੁਪਏ ਦੀ ਹੈ ਅਤੇ ਇਸ ਨਾਲ 100 ਟੈਸਟ ਕੀਤੇ ਜਾ ਸਕਦੇ ਹਨ। ਵਿਦੇਸ਼ੀ ਕਿੱਟ ਆਪਣਾ ਨਤੀਜਾ 6 ਤੋਂ 7 ਘੰਟੇ ਵਿਚ ਦਿੰਦੀ ਹੈ ਜਦਕਿ ਭਾਰਤੀ ਕਿੱਟ ਸਿਰਫ਼ ਦੋ ਤੋਂ ਢਾਈ ਘੰਟੇ ਵਿਚ। ਲੈਬ ਦਾ ਕਹਿਣਾ ਹੈ ਕਿ ਉਹ ਹਫ਼ਤੇ ਵਿਚ ਇਕ ਲੱਖ ਕਿੱਟਾਂ ਉਪਲਬਧ ਕਰਵਾ ਸਕਦੀ ਹੈ ਅਤੇ ਲੋੜ ਪੈਣ ਤੇ ਹਫ਼ਤੇ ਵਿਚ 2 ਲੱਖ ਤਿਆਰ ਕਰ ਸਕਦੀ ਹੈ । ਇਨ੍ਹਾਂ ਦੀ ਪਹਿਲੀ ਖੇਪ ਨਾਲ ਵੱਖ-ਵੱਖ ਥਾਵਾਂ ’ਤੇ ਟੈਸਟ ਸ਼ੁਰੂ ਹੋ ਚੁੱਕੇ ਹਨ।  ਮਿਨਾਲ ਦੀ ਪ੍ਰਾਪਤੀ ਦੇ ਨਾਲ ਇਹ ਜ਼ਿਕਰ ਕਰਨਾ ਜ਼ਰੂਰੀ ਹੈ ਕਿ ਉਹ ਗਰਭਵਤੀ ਸੀ ਅਤੇ ਉਸ ਨੇ ਅਜੇ ਫਰਵਰੀ ਦੇ ਮਹੀਨੇ ’ਚ ਹਸਪਤਾਲ 'ਚੋਂ ਕੰਮ ਛਡਿਆ ਸੀ। 18 ਮਾਰਚ ਨੂੰ ਇਹ ਕਿੱਟ ਤਿਆਰ ਕਰਨ ਉਪਰੰਤ ਇਸ ਨੂੰ ਪਰਖ ਲਈ ਨੈਸ਼ਨਲ ਇੰਸਟੀਚਿਊਟ ਆਫ ਵਿਓਰੋਲੋਜੀ ਕੋਲ ਸੌੰਪ ਕੇ ਉਸ ਨੇ ਅਗਲੇ ਦਿਨ ਆਪਣੀ ਧੀ ਨੂੰ ਜਨਮ ਦਿੱਤਾ।

ਇਕ ਹੋਰ ਪ੍ਰਾਪਤੀ ਜੋ ਕਿਧਰੇ ਅਣਗੌਲੀ ਹੀ ਨਾ ਰਹਿ ਜਾਵੇ ਉਹ ਇਕ ਅਜਿਹਾ ਸ਼ਾਨਦਾਰ ਜੁਗਾੜ ਸੀ, ਜੋ ਸ਼ਾਇਦ ਕਿਸੇ ਛਾਉਣੀ ਵਿਚ ਕਿਸੇ ਸੈਨਿਕ ਨੇ ਤਿਆਰ ਕੀਤਾ। ਉਹ ਸੀ ਬਿਨਾ ਹੱਥ ਲਾਇਆਂ ਹੱਥ ਧੋਣ ਦੀ ਮਸ਼ੀਨ, ਜੋ ਸਿਰਫ ਪੈਰਾਂ ਦੀ ਵਰਤੋਂ ਨਾਲ ਹੱਥਾਂ ’ਤੇ ਪਾਣੀ ਪਾਉਂਦੀ ਹੈ ਅਤੇ ਤਰਲ ਸਾਬਣ ਉਪਲਬਧ ਕਰਵਾਉਂਦੀ ਹੈ। ਦਿਨਾਂ ਵਿਚ ਉਸ ਦੇ ਸੋਧੇ ਹੋਏ ਰੂਪ ਨੂੰ ਰੇਲਵੇ ਨੇ ਥਿਰੁਵਾਂਥਾਪੁਰਮ ਰੇਲਵੇ ਸਟੇਸ਼ਨ ’ਤੇ ਸਥਾਪਤ ਕਰ ਦਿੱਤਾ ਅਤੇ ਉਸੇ ਦਾ ਇਕ ਹੋਰ ਰੂਪ ਸੀ. ਆਰ. ਪੀ. ਐੱਫ਼ ਨੇ ਸਾਹਮਣੇ ਲਿਆਂਦਾ।

ਵਾਇਰਸ ਦੇ ਸੰਕਟ ਨਾਲ ਨਿਪਟਣ ਲਈ ਮੈਦਾਨੇ ਜੰਗ ਵਿਚ ਉੱਤਰੇ ਯੋਧਿਆਂ ਲਈ ਇਕ ਵਿਸ਼ੇਸ਼ ਸੂਟ ਬਣਾਇਆ ਜਾਂਦਾ ਹੈ, ਜਿਸ ਨੂੰ ਪਰਸਨਲ ਪ੍ਰੋਟੈਕਟਿਵ ਇਕੁਇਪਮੈਂਟ ਕਿੱਟ ਕਿਹਾ ਜਾਂਦਾ ਹੈ। ਬਹੁਤ ਘੱਟ ਕੰਪਨੀਆਂ ਇਹ ਕਿੱਟ ਬਣਾਉਂਦੀਆਂ ਹਨ, ਜਿਸ ਕਾਰਨ ਮੰਗ ਅਤੇ ਸਪਲਾਈ ਵਿਚ ਵੱਡਾ ਪਾੜ ਹੈ। ਜੇ.ਸੀ.ਟੀ. ਫ਼ਗਵਾੜਾ ਮੁਤਾਬਕ ਉਹ ਅਤੇ ਉਨ੍ਹਾਂ ਦੇ ਸਹਿਯੋਗੀ ਦਸ ਲੱਖ ਸੂਟ ਉਪਲੱਬਧ ਕਰਵਾਉਣ ਦੇ ਸਮਰੱਥ ਹਨ। ਪੰਜਾਬ ’ਚ ਲੁਧਿਆਣੇ ਵਿਖੇ ਚਾਰ ਐਨ- 5 ਮਾਸਕ ਬਣਾਉਣ ਵਾਲੇ ਮੈਦਾਨ ਵਿਚ ਉਤਰੇ ਹਨ। ਮੇਰਠ ਵਿਚ ਪੁਲਸ ਦੇ ਜਵਾਨ ਖੁਦ ਸਿਲਾਈ ਮਸ਼ੀਨਾਂ ਲੈ ਕੇ ਆਮ ਜਨਤਾ ਲਈ ਮਾਸਕ ਬਣਾਉਣ ਵਿਚ ਰੁਝ ਗਏ ਹਨ ਅਤੇ ਜੇਲ੍ਹਾਂ ਵਿਚ ਕੈਦੀ ਵੀ ਇਸੇ ਤਰਾਂ ਆਪਣਾ ਯੋਗਦਾਨ ਪਾ ਰਹੇ ਹਨ। ਪਟਿਆਲਾ ਦੀ ਸੈਂਟਰਲ ਜੇਲ ਇਸ ਦੀ ਮਿਸਾਲ ਹੈ। ਕੋਰੋਨਾ ਦੇ ਗੰਭੀਰ ਮਰੀਜ਼ਾਂ ਲਈ ਵਡੇ ਪੈਮਾਨੇ ’ਤੇ ਵੇਂਟੀਲੇਟਰਜ਼ ਦੀ ਲੋੜ ਪੈ ਸਕਦੀ ਹੈ ਪਰ ਸਾਡੇ ਕੋਲ ਇਸ ਸਮੇਂ ਕਰੀਬ 40 ਹਜ਼ਾਰ ਹੀ ਹਨ। ਬੈਂਗਲੁਰੂ ਦੀ ਇਕ ਫਰਮ ਪੋਰਟੇਬਲ ਵੇਂਟੀਲੇਟਰਜ਼ ਤਿਆਰ ਕਰਨ ਲਈ ਹੋਰਨਾਂ ਫਰਮਾਂ ਨਾਲ ਹਥ ਮਿਲਾਉਣ ਲਈ ਤਿਆਰ ਹੈ ਤਾਂ ਕਿ ਲੱਖਾਂ ਦੀ ਗਿਣਤੀ ਵਿਚ ਪੋਰਟੇਬਲ ਵੇਂਟੀਲੇਟਰਜ਼ ਤਿਆਰ ਕੀਤੇ ਜਾ ਸਕਣ।

ਭਾਵੇਂ ਇਹ ਵਡੇ ਵੇਂਟੀਲੇਟਰਜ਼ ਦਾ ਬਦਲ ਤਾਂ ਨਹੀਂ ਪਰ ਦਾਅਵਾ ਇਹ ਕੀਤਾ ਜਾਂਦਾ ਹੈ ਕਿ ਇਹ ਮਰੀਜ਼ ਦੀ ਜਾਣ ਬਚਾਉਣ ਦੇ ਸਮਰੱਥ ਤਾਂ ਹਨ। ਨੋਇਡਾ ਦੀ ਇਕ ਸਟਾਰਟ ਅੱਪ ਕੰਪਨੀ ਨੇ ਹਾਲਾਤ ਨਾਲ ਨਿਪਟਣ ਲਈ 20 ਹਜ਼ਾਰ ਪੋਰਟੇਬਲ ਪਲੱਗ-ਟੂ-ਯੂਜ਼ ਵੇਂਟੀਲੇਟਰਜ਼ ਬਣਾਉਣ ਦਾ ਨਿਸ਼ਾਨਾ ਰਖਿਆ ਹੈ। ਆਈ.ਆਈ.ਟੀ. ਹੈਦਰਾਬਾਦ ਦੇ ਡਾਇਰੈਕਟਰ ਬੀ. ਐੱਸ. ਮੂਰਥੀ ਅਤੇ ਉਨ੍ਹਾਂ ਦੇ ਇਕ ਸਾਥੀ ਪ੍ਰੋਫੈਸਰ ਐਸਵਾਰਾਨ ਨੇ ਸੁਝਾਅ ਦਿੱਤਾ ਕਿ ਵੇਂਟੀਲੇਟਰਜ਼ ਦੇ ਬਦਲ ਵਜੋਂ ਸਾਹ ਦਿਵਾਉਣ ਲਈ ਬੈਗ ਵਾਲਵ ਮਾਸਕ ਵਰਤੇ ਜਾ ਸਕਦੇ ਹਨ। ਵੈਸੇ ਤਾਂ ਇਹ ਹਥ ਨਾਲ ਚਲਾਏ ਜਾਂਦੇ ਹਨ ਪਰ ਜੇਕਰ ਇਨ੍ਹਾਂ ਨੂੰ ਮੁੜ ਡਿਜ਼ਾਇਨ ਕਰ ਬੈਟਰੀ ’ਤੇ ਕਰ ਦਿੱਤਾ ਜਾਵੇ ਤਾਂ ਇਹ ਵਧੀਆ ਕੰਮ ਕਰ ਸਕਦੇ ਹਨ। ਇਨ੍ਹਾਂ ਦੀ ਕੀਮਤ ਕਰੀਬ 5 ਹਜ਼ਾਰ ਰੁਪਏ ਤੋਂ ਵੀ ਘੱਟ ਪਵੇਗੀ, ਜੋ ਇਕ ਸਸਤੇ ਤੋਂ ਸਸਤੇ ਵੇਂਟੀਲੇਟਰ ਦੀ ਕੀਮਤ ਦਾ ਸੌਵਾਂ ਹਿੱਸਾ ਹੈ। ਐਮਰਜੈਂਸੀ ਵਿਚ ਵਰਤੋਂ ਲਈ ਇਨ੍ਹਾਂ ਨੂੰ ਤੇਜੀ ਨਾਲ ਤਿਆਰ ਕੀਤਾ ਜਾ ਸਕਦਾ ਹੈ।

ਇਸ ਸੰਕਟ ਦੀ ਘੜੀ ਵਿਚ ਸਾਡੇ ਲੋਕਾਂ ਨੇ ਗੋਡੇ ਨਹੀਂ ਟੇਕੇ ਸਗੋਂ ਨਵੇਂ ਰਾਹ ਤਲਾਸ਼ੇ ਹਨ। ਇਹ ਯਤਨ ਅਣਗਿਣਤ ਲੋਕਾਂ ਦੀਆਂ ਜਾਨਾਂ ਬਚਾਉਣ ਦੇ ਸਮਰੱਥ ਹਨ। ਨਿਸ਼ਚੈ ਹੀ ਅਸੀਂ ਇਸ ਜੰਗ ਨੂੰ ਜਿੱਤਾਂਗੇ। ਬਸ ਜ਼ਰੂਰਤ ਸਿਰਫ ਇਸ ਗੱਲ ਦੀ ਹੈ ਕਿ ਅਸੀਂ ਭੀੜ ਦਾ ਹਿੱਸਾ ਬਣਨ ਦੀ ਥਾਂ ਇਕ ਦੂਸਰੇ ਵਿਚਕਾਰ ਇਕ ਸੁਰੱਖਿਅਤ ਫ਼ਾਸਲਾ ਬਣਾਈ ਰੱਖੀਏ, ਜੋ ਕੋਰੋਨਾ ਵਾਇਰਸ ਦੀ ਲਾਗ ਦੀ ਲੜੀ ਤੋੜਨ ਲਈ ਬੇਹਦ ਜ਼ਰੂਰੀ ਹੈ।

25, ਸੈਕਟਰ 10- ਬੀ, ਗੁਰੂ ਕੀ ਨਗਰੀ,
ਮੰਡੀ ਗੋਬਿੰਦਗੜ੍ਹ। 
ਮੋਬਾਇਲ : 9878019889

rajwinder kaur

This news is Content Editor rajwinder kaur