ਪ੍ਰਾਪਰਟੀ ਦੇ ਕੰਮ ''ਚ ਆਈ ਭਾਰੀ ਮੰਦੀ ਨੇ ਇੰਦਰਜੀਤ ਸਿੰਘ ਨੂੰ ਬਣਾਇਆ ਵੱਡਾ ਅਪਰਾਧੀ

07/29/2017 7:14:13 AM

ਕਪੂਰਥਲਾ, (ਭੂਸ਼ਣ)- ਉੱਤਰੀ ਭਾਰਤ ਦੇ ਕਈ ਸ਼ਹਿਰਾਂ 'ਚ ਬੀਤੇ 6 ਸਾਲਾਂ ਦੌਰਾਨ ਏ. ਟੀ. ਐੱਮ. ਤੋੜਨ ਦੀਆਂ ਅਣਗਣਿਤ ਵਾਰਦਾਤਾਂ ਨੂੰ ਅੰਜਾਮ ਦੇ ਕੇ ਭਾਰੀ ਖਲਬਲੀ ਮਚਾਉਣ ਵਾਲੇ ਗੈਂਗ ਦੇ ਮੁਖੀ ਇੰਦਰਜੀਤ ਸਿੰਘ ਨੇ ਪ੍ਰਾਪਰਟੀ ਦੇ ਕੰਮ 'ਚ ਆਈ ਭਾਰੀ ਮੰਦੀ ਦੇ ਬਾਅਦ ਰਾਤੋ-ਰਾਤ ਅਮੀਰ ਬਣਨ ਦੇ ਚੱਕਰ 'ਚ ਏ. ਟੀ. ਐੱਮ. ਤੋੜਨ ਵਾਲੇ ਗੈਂਗ ਬਣਾ ਕੇ ਜਿਥੇ ਪੁਲਸ ਖੇਤਰਾਂ 'ਚ ਸਨਸਨੀ ਫੈਲਾ ਦਿੱਤੀ ਸੀ, ਉਥੇ ਹੀ ਗ੍ਰਿਫਤਾਰ ਤਿੰਨਾਂ ਮੁਲਜ਼ਮਾਂ ਨੂੰ ਟਰਾਂਜ਼ਿਟ ਰਿਮਾਂਡ 'ਤੇ ਲੈ ਜਾਣ ਦੇ ਮਕਸਦ ਨਾਲ ਦੂਜੇ ਸੂਬਿਆਂ ਨਾਲ ਸਬੰਧਤ ਪੁਲਸ ਟੀਮਾਂ ਲਗਾਤਾਰ ਕਪੂਰਥਲਾ ਪੁਲਸ ਨਾਲ ਸੰਪਰਕ ਕਰ ਰਹੀਆਂ ਹਨ, ਜਿਸ ਦੀ ਪੁਸ਼ਟੀ ਐੱਸ. ਐੱਸ. ਪੀ. ਸੰਦੀਪ ਸ਼ਰਮਾ ਨੇ ਕੀਤੀ।   
ਪ੍ਰਾਪਰਟੀ ਦੇ ਧੰਦੇ 'ਚ ਆਈ ਭਾਰੀ ਮੰਦੀ ਨੇ ਬਣਾਇਆ ਸੀ ਇੰਦਰਜੀਤ ਨੂੰ ਵੱਡਾ ਅਪਰਾਧੀ
ਪੰਜਾਬ, ਉੱਤਰ ਪ੍ਰਦੇਸ਼, ਹਿਮਾਚਲ ਪ੍ਰਦੇਸ਼ ਤੇ ਉੱਤਰਾਂਚਲ ਦੇ ਕਈ ਜ਼ਿਲਿਆਂ 'ਚ ਗੈਸ ਕਟਰ ਦੀ ਮਦਦ ਨਾਲ ਏ. ਟੀ. ਐੱਮ. ਲੁੱਟਣ ਦੀਆਂ ਅਣਗਿਣਤ ਵਾਰਦਾਤਾਂ ਨੂੰ ਅੰਜਾਮ ਦੇ ਕੇ ਕਰੋੜਾਂ ਰੁਪਏ ਲੁੱਟਣ ਵਾਲੇ ਲੁਟੇਰਾ ਗੈਂਗ ਦੇ ਮੁਖੀ ਇੰਦਰਜੀਤ ਸਿੰਘ ਕਦੇ ਪ੍ਰਾਪਰਟੀ ਦਾ ਕੰਮ ਕਰਦਾ ਸੀ ਤੇ ਉਸ ਨੇ ਸ਼ੱਕੀ ਤਰੀਕਿਆਂ ਨਾਲ ਵੀ ਪ੍ਰਾਪਰਟੀ ਦੇ ਕੰਮ 'ਚ ਕਾਫ਼ੀ ਮੁਨਾਫਾ ਕਮਾ ਲਿਆ ਸੀ, ਜਿਸ ਦੇ ਦੌਰਾਨ ਜਦੋਂ ਉਸ ਦੀਆਂ 3 ਕੋਠੀਆਂ ਅਤੇ ਪਲਾਟ ਵਿਕ ਨਹੀਂ ਪਾਏ ਤਾਂ ਉਸ ਨੇ ਰਾਤੋ-ਰਾਤ ਫਿਰ ਤੋਂ ਅਮੀਰ ਬਣਨ ਦੇ ਚੱਕਰ 'ਚ ਏ. ਟੀ. ਐੱਮ. ਲੁੱਟਣ ਵਾਲੇ ਗੈਂਗ ਦਾ ਹੀ ਗਠਨ ਕਰ ਲਿਆ ਤੇ ਲਗਾਤਾਰ ਵਾਰਦਾਤਾਂ ਨੂੰ ਅੰਜਾਮ ਦੇ ਕੇ ਪੰਜਾਬ ਪੁਲਸ ਦੀ ਨੀਂਦ ਉਡਾ ਦਿੱਤੀ।  
ਕਈ ਜ਼ਿਲਿਆਂ ਦੇ ਪੁਲਸ ਪ੍ਰਮੁੱਖਾਂ ਨੇ ਕੀਤਾ ਕਪੂਰਥਲਾ ਪੁਲਸ ਨਾਲ ਸੰਪਰਕ
ਦੇਸ਼ ਦੇ ਇਕ ਵੱਡੇ ਹਿੱਸੇ 'ਚ ਏ. ਟੀ. ਐੱਮ. ਤੋੜਨ ਦੀਆਂ ਅਨੇਕਾਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਗ੍ਰਿਫਤਾਰ ਲੁਟੇਰਾ ਗੈਂਗ ਦੀ ਗ੍ਰਿਫਤਾਰੀ ਨੂੰ ਲੈ ਕੇ ਸੂਚਨਾ ਮਿਲਦੇ ਹੀ ਕਈ ਉੱਤਰ ਭਾਰਤ ਨਾਲ ਸਬੰਧਤ ਜ਼ਿਲਿਆਂ ਦੇ ਐੱਸ. ਐੱਸ. ਪੀ. ਨੇ ਗ੍ਰਿਫਤਾਰ ਮੁਲਜ਼ਮਾਂ ਦੇ ਸੰਬੰਧ 'ਚ ਸੂਚਨਾ ਹਾਸਲ ਕਰਨ ਦੇ ਮਕਸਦ ਨਾਲ ਕਪੂਰਥਲਾ ਪੁਲਸ ਦੇ ਸੀਨੀਅਰ ਅਫਸਰਾਂ ਨਾਲ ਸੰਪਰਕ ਕਰਨਾ ਸ਼ੁਰੂ ਕਰ ਦਿੱਤਾ ਹੈ ਤਾਂਕਿ ਗ੍ਰਿਫਤਾਰ ਮੁਲਜ਼ਮਾਂ ਨੂੰ ਲੈ ਜਾਣ ਲਈ ਜਿਥੇ ਕਪੂਰਥਲਾ ਪੁਲਸ ਦੀ ਮਦਦ ਲਈ ਜਾ ਸਕੇ, ਉਥੇ ਹੀ ਮੁਲਜ਼ਮ ਨੂੰ ਟਰਾਂਜ਼ਿਟ ਰਿਮਾਂਡ 'ਤੇ ਲੈ ਜਾਣ ਲਈ ਕਾਗਜ਼ੀ ਕਾਰਵਾਈ ਨੂੰ ਵੀ ਅਮਲੀਜਾਮਾ ਪਹਿਨਾਇਆ ਜਾ ਸਕੇ। ਜਿਸ ਨੂੰ ਲੈ ਕੇ ਆਉਣ ਵਾਲੇ 2-3 ਦਿਨ 'ਚ ਕਪੂਰਥਲਾ ਸ਼ਹਿਰ 'ਚ ਕਈ ਜ਼ਿਲਿਆਂ ਦੀ ਪੁਲਸ ਪਹੁੰਚ ਸਕਦੀ ਹੈ।   
ਜ਼ਿਲੇ ਦੇ ਰੇਲ ਕੋਚ ਫੈਕਟਰੀ ਖੇਤਰ 'ਚ ਏ. ਟੀ. ਐੱਮ. ਤੋੜਨ ਦੀ ਹੋਈ ਸੀ ਪਹਿਲੀ ਵਾਰਦਾਤ
ਦਸੰਬਰ 2004 'ਚ ਸਾਬਕਾ ਐੱਸ. ਐੱਸ. ਪੀ. ਅਰੁਣਪਾਲ ਸਿੰਘ ਦੇ ਕਾਰਜਕਾਲ ਦੌਰਾਨ ਉਸ ਸਮੇਂ ਜ਼ਿਲੇ 'ਚ ਏ. ਟੀ. ਐੱਮ. ਤੋੜਨ ਦੀ ਪਹਿਲੀ ਵਾਰਦਾਤ ਦਰਜ ਕੀਤੀ ਗਈ ਸੀ, ਜਦੋਂ ਕੋਹਰੇ ਨਾਲ ਭਰੀ ਠੰਡੀ ਰਾਤ 'ਚ ਏ. ਟੀ. ਐੱਮ. ਠੀਕ ਕਰਨ ਦੇ ਬਹਾਨੇ ਆਰ. ਸੀ. ਐੱਫ. ਖੇਤਰ 'ਚ ਪੁੱਜੇ 5 ਮੁਲਜ਼ਮਾਂ ਨੇ ਏ. ਟੀ. ਐੈੱਮ. ਤੋੜ ਕੇ 7 ਲੱਖ ਰੁਪਏ ਦੀ ਨਕਦੀ ਲੁੱਟ ਲਈ ਸੀ ਪਰ ਇਸ ਦੌਰਾਨ ਨਜ਼ਦੀਕ ਘੁੰਮ ਰਹੇ ਲੋਕਾਂ ਦੀ ਸੂਚਨਾ 'ਤੇ ਸਾਬਕਾ ਐੱਸ. ਐੱਸ. ਪੀ. ਅਤੇ ਵਰਤਮਾਨ 'ਚ ਆਈ. ਜੀ. ਅਰੁਣਪਾਲ ਸਿੰਘ ਨੇ ਮੌਕੇ 'ਤੇ ਪਹੁੰਚ ਕੇ ਛਾਪਾਮਾਰੀ ਕਰਕੇ ਪੰਜਾਂ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਸੀ।  
ਕੀ ਕਹਿੰਦੇ ਹਨ ਐੱਸ. ਐੱਸ. ਪੀ.
ਇਸ ਸੰਬੰਧ 'ਚ ਜਦੋਂ ਐੱਸ. ਐੱਸ. ਪੀ. ਸੰਦੀਪ ਸ਼ਰਮਾ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਇਸ ਪੂਰੇ ਮਾਮਲੇ 'ਚ ਸ਼ਾਮਲ ਤਿੰਨਾਂ ਮੁਲਜ਼ਮਾਂ ਨਾਲ ਉਹ ਖੁਦ ਪੁੱਛਗਿੱਛ ਕਰ ਰਹੇ ਹਨ ਅਤੇ ਇਸ ਮਾਮਲੇ 'ਚ ਕਈ ਹੋਰ ਵੀ ਗ੍ਰਿਫਤਾਰੀਆਂ ਹੋ ਸਕਦੀਆਂ ਹਨ। 
ਲੁਟੇਰਿਆਂ ਨੇ ਕਿਹਾ-ਨੋਟਬੰਦੀ ਦੇ ਕਾਰਨ ਧੰਦਾ ਹੋਇਆ ਸੀ ਮੰਦਾ-
ਸੁਲਤਾਨਪੁਰ ਲੋਧੀ,  (ਧੀਰ)- ਬੀਤੇ 20 ਜੁਲਾਈ ਨੂੰ ਪਵਿੱਤਰ ਨਗਰੀ ਸੁਲਤਾਨਪੁਰ ਲੋਧੀ ਦੇ ਓਰੀਐਂਟਲ ਬੈਂਕ ਆਫ ਕਾਮਰਸ (ਓ. ਬੀ. ਸੀ.) ਦੇ ਏ. ਟੀ. ਐੱਮ. 'ਚ ਹੋਈ ਲੁੱਟ ਨੂੰ ਕਪੂਰਥਲਾ ਪੁਲਸ ਵਲੋਂ ਐੱਸ. ਐੱਸ. ਪੀ. ਸੰਦੀਪ ਸ਼ਰਮਾ ਦੀ ਅਗਵਾਈ ਹੇਠ ਜਿਥੇ 5 ਦਿਨਾਂ 'ਚ ਸੁਲਝਾ ਕੇ ਇਕ ਅੰਤਰਰਾਜੀ ਏ. ਟੀ. ਐੱਮ. ਗਿਰੋਹ ਦਾ ਪਰਦਾਫਾਸ਼ ਕਰਨ 'ਚ ਸਭ ਤੋਂ ਵੱਡੀ ਕਾਮਯਾਬੀ ਹਾਸਲ ਹੋਈ ਹੈ, ਉਥੇ ਥਾਣਾ ਸੁਲਤਾਨਪੁਰ ਲੋਧੀ ਦੇ ਡੀ. ਐੱਸ. ਪੀ. ਵਰਿਆਮ ਸਿੰਘ, ਐੱਸ. ਐੱਚ. ਓ. ਸਰਬਜੀਤ ਸਿੰਘ, ਐੱਸ. ਐੱਚ. ਓ. ਨਰਿੰਦਰ ਸਿੰਘ ਔਜਲਾ ਦੀ ਬਹੁਤ ਵੱਡੀ ਮਹੱਤਵਪੂਰਨ ਭੂਮਿਕਾ ਰਹੀ ਹੈ। ਜਿਨ੍ਹਾਂ ਨੇ ਨਾ-ਸਿਰਫ ਇਸ ਲੁੱਟ ਨੂੰ ਥੋੜ੍ਹੇ ਜਿਹੇ ਸਮੇਂ 'ਚ ਹੱਲ ਕਰਨ 'ਚ ਸਫਲਤਾ ਹਾਸਲ ਕੀਤੀ, ਬਲਕਿ ਥਾਣਾ ਸੁਲਤਾਨਪੁਰ ਲੋਧੀ ਦੇ ਰਿਕਾਰਡ 'ਚ ਇਕ ਸਭ ਤੋਂ ਵੱਡੀ ਉਪਲੱਬਧੀ ਵੀ ਦਰਜ ਕਰਵਾ ਦਿੱਤੀ।
ਪੁਲਸ ਨੇ ਹਾਸਲ ਕੀਤਾ 7 ਦਿਨਾਂ ਦਾ ਪੁਲਸ ਰਿਮਾਂਡ- ਲੁਟੇਰਿਆਂ ਤੋਂ ਹੋਰ ਪੁੱਛਗਿੱਛ ਹਾਸਲ ਕਰਨ ਵਾਸਤੇ ਪੁਲਸ ਨੇ ਉਕਤ ਲੁਟੇਰਿਆਂ ਇੰਦਰਜੀਤ ਸਿੰਘ, ਅਮਰੀਕ ਸਿੰਘ ਤੇ ਪ੍ਰਿੰਸ ਨੂੰ ਸਥਾਨਕ ਅਦਾਲਤ 'ਚ ਪੇਸ਼ ਕੀਤਾ, ਜਿਥੇ ਮਾਣਯੋਗ ਜੱਜ ਸਾਹਿਬ ਨੇ ਪੁਲਸ ਨੂੰ 7 ਦਿਨਾਂ ਦਾ ਪੁਲਸ ਰਿਮਾਂਡ ਦੇ ਦਿੱਤਾ, ਤਾਂਕਿ ਪੁਲਸ ਇਨ੍ਹਾਂ ਲੁਟੇਰਿਆਂ ਤੋਂ ਹੋਰ ਪੁੱਛਗਿੱਛ ਰਾਹੀਂ ਵੱਖ-ਵੱਖ ਥਾਵਾਂ 'ਤੇ ਕੀਤੀਆਂ ਹੋਰ ਚੋਰੀਆਂ ਤੇ ਲੁੱਟ ਦੇ ਕੰਮਾਂ ਨੂੰ ਹੱਲ ਕਰ ਸਕੇ। ਪੁਲਸ ਵਲੋਂ ਲੁਟੇਰਿਆਂ ਤੋਂ ਹੋਈ ਪੁੱਛਗਿੱਛ 'ਚ ਪ੍ਰਮੁੱਖ ਮੁਲਜ਼ਮ ਇੰਦਰਜੀਤ ਸਿੰਘ ਨੇ ਖੁਲਾਸਾ ਕੀਤਾ ਕਿ ਜਦੋਂ ਪੂਰੇ ਦੇਸ਼ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨੋਟਬੰਦੀ ਦਾ ਐਲਾਨ ਕੀਤਾ ਸੀ ਤਾਂ ਜਿਥੇ ਲੋਕਾਂ ਨੂੰ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ, ਉਥੇ ਸਾਡਾ ਵੀ ਧੰਦਾ ਚੌਪਟ ਹੋ ਗਿਆ, ਕਿਉਂਕਿ ਨੋਟਬੰਦੀ ਤੋਂ ਬਾਅਦ ਬੈਂਕਾਂ ਦੇ ਏ. ਟੀ. ਐੱਮ. 'ਚ ਪੈਸਾ ਨਹੀਂ ਸੀ ਹੁੰਦਾ। ਜੇ ਬੈਂਕ ਵਾਲੇ ਏ. ਟੀ. ਐੱਮ. 'ਚ ਪੈਸਾ ਪਾਉਂਦੇ ਵੀ ਤਾਂ ਗਾਹਕਾਂ ਦੀ ਸਵੇਰੇ ਤੋਂ ਲਾਈਨ ਲੰਬੀ ਹੋਣ ਕਾਰਨ ਸਾਨੂੰ ਵੀ ਨੋਟਬੰਦੀ ਦੀ ਮਾਰ ਸਹਿਣੀ ਪਈ। ਹੁਣ ਜਦੋਂ ਨੋਟਬੰਦੀ ਖਤਮ ਹੋਣ ਉਪਰੰਤ ਬੈਂਕਾਂ ਨੇ 1000 ਦੇ ਬਦਲੇ 2000 ਰੁਪਏ ਦੇ ਨੋਟ ਤੇ 500 ਰੁਪਏ ਦੇ ਨੋਟਾਂ ਨੂੰ ਏ. ਟੀ. ਐੱਮ. 'ਚ ਪਾਉਣਾ ਸ਼ੁਰੂ ਕੀਤਾ ਤਾਂ ਸਾਡਾ ਕੰਮ ਹੋਰ ਵੀ ਆਸਾਨ ਹੋ ਗਿਆ ਤੇ ਲੁੱਟ ਵਾਲੀ ਰਾਸ਼ੀ ਇਕੱਠੀ ਕਰਕੇ ਲੈਣ ਜਾਣ 'ਚ ਵੀ ਆਸਾਨੀ ਹੋਈ।
34 ਏ. ਟੀ. ਐੱਮਜ਼. ਦੀ ਗਿਣਤੀ 55 ਤਕ ਪੁੱਜੀ- ਬੀਤੇ ਦਿਨੀਂ ਲੁਟੇਰਿਆਂ ਵਲੋਂ ਆਈ. ਜੀ. ਅਰਪਿਤ ਸ਼ੁਕਲਾ ਦੀ ਪ੍ਰੈੱਸ ਕਾਨਫਰੰਸ 'ਚ ਜੋ 34 ਏ. ਟੀ. ਐੱਮਜ਼. ਨੂੰ ਲੁੱਟਣਾ ਮੰਨਿਆ ਸੀ ,ਉਹ ਹੁਣ ਪੁੱਛਗਿੱਛ ਦੌਰਾਨ 55 ਤਕ ਪੁੱਜ ਗਈ ਹੈ। ਐੱਸ. ਐੱਚ. ਓ. ਸਰਬਜੀਤ ਸਿੰਘ ਮੁਤਾਬਕ ਹਾਲੇ ਪੁਲਸ ਵਲੋਂ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ ਤੇ ਇਨ੍ਹਾਂ ਲੁਟੇਰਿਆਂ ਨੂੰ ਵੱਖ-ਵੱਖ ਸੂਬਿਆਂ 'ਚ ਕੀਤੀ ਲੁੱਟ ਸੰਬੰਧੀ ਸਾਨੂੰ ਲੈ ਕੇ ਜਾਣਾ ਪਵੇਗਾ।
ਮੋਬਾਇਲ ਦੀ ਵਰਤੋਂ ਨਾ ਕਰਨ ਕਾਰਨ ਹੀ ਅਜੇ ਤਕ ਨਹੀਂ ਪਕੜ 'ਚ ਆ ਸਕੇ ਸਨ ਮੁਲਜ਼ਮ ਲੁਟੇਰਿਆਂ ਵਲੋਂ ਲੁੱਟ ਦੀ ਵਾਰਦਾਤ ਸਮੇਂ ਮੋਬਾਇਲ ਦਾ ਪ੍ਰਯੋਗ ਨਾ ਕਰਨਾ ਵੀ ਹਾਲੇ ਤਕ ਉਨ੍ਹਾਂ ਦਾ ਪੁਲਸ ਦੀ ਪਹੁੰਚ ਤੋਂ ਬਾਹਰ ਰਹਿਣਾ ਵੀ ਇਕ ਪ੍ਰਮੁੱਖ ਕਾਰਨ ਸੀ, ਕਿਉਂਕਿ ਮੋਬਾਇਲ ਦੀ ਲੋਕੇਸ਼ਨ ਤੋਂ ਪੁਲਸ ਨੂੰ ਅਜਿਹੇ ਕੇਸ ਹੱਲ ਕਰਨ 'ਚ ਆਸਾਨੀ ਹੁੰਦੀ ਸੀ, ਜਿਸ ਕਾਰਨ ਲੁੱਟ ਦੀ ਵਾਰਦਾਤ ਸਮੇਂ ਲੁਟੇਰਿਆਂ ਨੇ ਹਮੇਸ਼ਾ ਵਾਕੀ-ਟਾਕੀ ਦਾ ਪ੍ਰਯੋਗ ਕੀਤਾ।