ਇੰਦਰਜੀਤ ਦੇ ਪਰਿਵਾਰ ਨੇ ਪੁਲਸ ''ਤੇ ਇਕਤਰਫਾ ਕਾਰਵਾਈ ਕਰਨ ਦੇ ਲਾਏ ਦੋਸ਼

07/22/2017 12:51:08 PM


ਅੰਮ੍ਰਿਤਸਰ(ਸੂਰੀ)- ਬੀਤੇ ਦਿਨੀਂ ਪੈਸਿਆਂ ਦੇ ਲੈਣ-ਦੇਣ ਦੇ ਮਾਮਲੇ 'ਚ ਡਰੰਮਾਂ ਵਾਲੇ ਬਾਜ਼ਾਰ ਸੁਲਤਾਨਵਿੰਡ ਰੋਡ ਵਿਖੇ ਚੱਲੀਆਂ ਗੋਲੀਆਂ ਦੇ ਮਾਮਲੇ 'ਚ ਗੋਲੀਆਂ ਚਲਾਉਣ ਵਾਲੇ ਇੰਦਰਜੀਤ ਸਿੰਘ ਦੀ ਪਤਨੀ ਰਣਜੀਤ ਕੌਰ ਤੇ ਮਾਂ ਜਗੀਰ ਕੌਰ ਨੇ ਦੱਸਿਆ ਕਿ ਇੰਦਰਜੀਤ ਸਿੰਘ ਨੇ ਆਪਣੀ ਜਾਨ ਬਚਾਉਣ ਲਈ ਲਾਇਸੈਂਸੀ ਪਿਸਤੌਲ ਨਾਲ ਫਾਇਰ ਕੀਤੇ ਸਨ, ਦੋਸ਼ੀ ਨੇ ਸਾਥੀਆਂ ਸਮੇਤ ਇੰਦਰਜੀਤ ਸਿੰਘ 'ਤੇ ਹਮਲਾ ਕਰ ਦਿੱਤਾ ਤਾਂ ਉਸ ਨੇ ਇਹ ਕਾਰਵਾਈ ਕੀਤੀ ਪਰ ਪੁਲਸ ਨੇ ਦੋਵਾਂ ਧਿਰਾਂ 'ਤੇ ਕਰਾਸ ਪਰਚਾ ਦਰਜ ਕਰਨ ਦੀ ਬਜਾਏ ਇੰਦਰਜੀਤ ਸਿੰਘ 'ਤੇ 307 ਦਾ ਪਰਚਾ ਦਰਜ ਕਰ ਦਿੱਤਾ, ਜੋ ਕਿ ਸਰਾਸਰ ਸਾਡੇ ਨਾਲ ਬੇਇਨਸਾਫੀ ਹੈ।
ਪਤਨੀ ਰਣਜੀਤ ਕੌਰ, ਮਾਂ ਜਗੀਰ ਕੌਰ ਤੇ ਪਰਿਵਾਰ ਨੇ ਪੁਲਸ ਦੇ ਉੱਚ ਅਧਿਕਾਰੀਆਂ ਤੋਂ ਇਨਸਾਫ ਦੀ ਮੰਗ ਕਰਦਿਆਂ ਕਿਹਾ ਕਿ ਜਿਸ 'ਤੇ ਹਮਲਾ ਹੋਇਆ ਹੈ, ਉਸ ਨੂੰ ਤਾਂ ਕਦੋਂ ਦੀ ਹਸਪਤਾਲ ਤੋਂ ਛੁੱਟੀ ਵੀ ਮਿਲ ਗਈ ਹੈ ਪਰ ਇੰਦਰਜੀਤ ਸਿੰਘ ਨੂੰ ਮੌਕੇ 'ਤੇ ਇੰਨਾ ਜ਼ਿਆਦਾ ਕੁੱਟਿਆ ਗਿਆ ਕਿ ਪੀ. ਸੀ. ਆਰ. ਵਾਲਿਆਂ ਨੇ ਗੁਰੂ ਨਾਨਕ ਦੇਵ ਹਸਪਤਾਲ ਦਾਖਲ ਕਰਵਾਇਆ ਹੈ। ਇੰਦਰਜੀਤ ਸਿੰਘ ਨੂੰ ਗੁਰੂ ਨਾਨਕ ਦੇਵ ਹਸਪਤਾਲ ਤੋਂ ਗੁਰੂ ਰਾਮਦਾਸ ਹਸਪਤਾਲ ਭੇਜ ਦਿੱਤਾ ਗਿਆ, ਜੋ ਇਸ ਸਮੇਂ ਕੇ. ਡੀ. ਹਸਪਤਾਲ 'ਚ ਜ਼ਿੰਦਗੀ 'ਤੇ ਮੌਤ ਨਾਲ ਲੜ ਰਿਹਾ ਹੈ। ਪੁਲਸ ਨੇ ਅਜੇ ਤੱਕ ਹਸਪਤਾਲ 'ਚ ਪਏ ਇੰਦਰਜੀਤ ਸਿੰਘ ਦੇ ਬਿਆਨ ਤੱਕ ਨਹੀਂ ਲਏ। ਉਨ੍ਹਾਂ ਕਿਹਾ ਕਿ ਜੇ ਇੰਦਰਜੀਤ ਸਿੰਘ ਨੂੰ ਆਉਣ ਵਾਲੇ ਸਮੇਂ 'ਚ ਕੁਝ ਵੀ ਹੋ ਜਾਂਦਾ ਹੈ ਤਾਂ ਜ਼ਿੰਮੇਵਾਰ ਵਿਰੋਧੀ ਧਿਰ ਹੋਵੇਗੀ । ਇਸ ਸਬੰਧੀ ਥਾਣਾ ਬੀ-ਡਵੀਜ਼ਨ ਦੇ ਇੰਸਪੈਕਟਰ ਮੰਗਲ ਸਿੰਘ ਨੇ ਕਿਹਾ ਕਿ ਇੰਦਰਜੀਤ ਸਿੰਘ ਨਾਲ ਕੋਈ ਵੀ ਬੇਇਨਸਾਫੀ ਨਹੀਂ ਹੋਈ, ਇਹ ਕਾਰਵਾਈ ਸਹੀ ਤੇ ਤੱਥਾਂ ਦੇ ਆਧਾਰ 'ਤੇ ਹੋਈ ਹੈ। ਇਸ ਨੇ ਅੰਨ੍ਹੇਵਾਹ ਗੋਲੀਆਂ ਚਲਾਈਆਂ ਹਨ, ਜਿਨ੍ਹਾਂ ਦੇ ਕੁਝ ਖੋਲ ਤਾਂ ਬਰਾਮਦ ਕਰ ਲਏ ਗਏ ਹਨ।