ਸਾਬਕਾ ਕੇਂਦਰੀ ਮੰਤਰੀ ਪਵਨ ਬਾਂਸਲ ਦੇ ਬੇਟੇ ਤੇ ਬਿਜ਼ਨੈੱਸ ਪਾਰਟਨਰ ਦੇ ਟਿਕਾਣਿਆਂ ''ਤੇ ਇਨਕਮ ਟੈਕਸ ਵਿਭਾਗ ਦਾ ਛਾਪਾ

08/23/2017 8:03:29 AM

ਚੰਡੀਗੜ੍ਹ  (ਨੀਰਜ) - ਸਾਬਕਾ ਰੇਲ ਮੰਤਰੀ ਪਵਨ ਬਾਂਸਲ ਦੇ ਬੇਟੇ ਸਮੇਤ ਉਨ੍ਹਾਂ ਦੇ ਇਕ ਬਿਜ਼ਨੈੱਸ ਪਾਰਟਨਰ ਦੇ ਤਿੰਨ ਟਿਕਾਣਿਆਂ 'ਤੇ ਅੱਜ ਇਨਕਮ ਟੈਕਸ ਵਿਭਾਗ ਨੇ ਛਾਪਾ ਮਾਰ ਕੇ ਉਨ੍ਹਾਂ ਦੀ ਆਮਦਨ ਨਾਲ ਸੰਬੰਿਧਤ ਰਿਕਾਰਡ ਖੰਗਾਲਿਆ। ਵਿਭਾਗ ਦੀਆਂ ਟੀਮਾਂ ਨੇ ਉਨ੍ਹਾਂ ਦੇ ਦਫ਼ਤਰ ਵਿਚੋਂ ਕੁਝ ਰਿਕਾਰਡ ਜ਼ਬਤ ਵੀ ਕੀਤਾ, ਜਿਸ ਦੀ ਜਾਂਚ ਕੀਤੀ ਜਾ ਰਹੀ ਹੈ। ਸੂਤਰਾਂ ਮੁਤਾਬਿਕ ਵਿਭਾਗ ਨੂੰ ਸ਼ੱਕ ਹੈ ਕਿ ਸਾਬਕਾ ਕੇਂਦਰੀ ਮੰਤਰੀ ਪਵਨ ਬਾਂਸਲ ਦੇ ਬੇਟੇ ਮੁਨੀਸ਼ ਬਾਂਸਲ ਤੇ ਉਨ੍ਹਾਂ ਦੇ ਬਿਜ਼ਨੈੱਸ ਪਾਰਟਨਰ ਬਾਲਕਿਸ਼ਨ ਬਾਂਸਲ ਵਲੋਂ ਐਲਾਨੀ ਗਈ ਆਮਦਨ ਤੇ ਅਸਲੀ ਆਮਦਨ ਦੇ ਅੰਕੜਿਆਂ ਵਿਚ ਅੰਤਰ ਹੈ। ਕੁਝ ਟ੍ਰਾਂਜੈਕਸ਼ਨਾਂ 'ਤੇ ਵੀ ਵਿਭਾਗ ਨੂੰ ਸ਼ੱਕ ਹੋਇਆ ਹੈ। ਇਸੇ ਕਾਰਨ ਵਿਭਾਗ ਦੀਆਂ ਟੀਮਾਂ ਨੇ ਅੱਜ ਦੁਪਹਿਰ ਨੂੰ ਮੁਨੀਸ਼ ਬਾਂਸਲ ਦੀ ਸੈਕਟਰ-28 ਸਥਿਤ ਕੋਠੀ ਨੰਬਰ-50 ਤੇ ਇੰਡਸਟ੍ਰੀਅਲ ਏਰੀਆ ਸਥਿਤ ਮਾਰੂਤੀ ਕਾਰਾਂ ਦੇ ਸ਼ੋਅਰੂਮ ਵਿਚ ਛਾਪੇਮਾਰੀ ਕਰਕੇ ਆਮਦਨ ਸਬੰਧੀ ਰਿਕਾਰਡ ਖੰਗਾਲਣਾ ਸ਼ੁਰੂ ਕਰ ਦਿੱਤਾ ਹੈ। ਇਸ ਕਾਰਨ ਬਾਂਸਲ ਦੇ ਬਿਜ਼ਨੈੱਸ ਪਾਰਟਨਰ ਬਾਲਕਿਸ਼ਨ ਬਾਂਸਲ ਦੇ ਸੈਕਟਰ-26 ਦੀ ਦਫ਼ਤਰ ਵਿਚ ਵੀ ਵਿਭਾਗ ਦੀ ਇਕ ਹੋਰ ਟੀਮ ਨੇ ਛਾਪਾ ਮਾਰ ਕੇ ਉਨ੍ਹਾਂ ਦੀ ਆਮਦਨ ਨਾਲ ਸੰਬੰਧਿਤ ਰਿਕਾਰਡ ਦੀ ਜਾਂਚ ਸ਼ੁਰੂ ਕਰ ਦਿੱਤੀ।
ਮੁਨੀਸ਼ ਬਾਂਸਲ ਕੋਠੀ 'ਚ ਹੀ ਚਲਾਉਂਦੇ ਹਨ ਆਪਣਾ ਦਫ਼ਤਰ
ਪਵਨ ਬਾਂਸਲ ਵੀ ਸੈਕਟਰ-28 ਵਿਚ ਹੀ ਕੋਠੀ ਨੰਬਰ-64 ਵਿਚ ਰਹਿੰਦੇ ਹਨ। ਇਸੇ ਤੋਂ ਕੁਝ ਕਦਮਾਂ ਦੀ ਦੂਰੀ 'ਤੇ ਹੀ ਉਨ੍ਹਾਂ ਦੇ ਬੇਟੇ ਮੁਨੀਸ਼ ਬਾਂਸਲ ਦੀ ਕੋਠੀ ਨੰਬਰ-50 ਹੈ। ਮੁਨੀਸ਼ ਬਾਂਸਲ ਇਸ ਕੋਠੀ ਵਿਚ ਆਪਣਾ ਦਫ਼ਤਰ ਚਲਾਉਂਦੇ ਹਨ, ਜਦਕਿ ਰਹਿੰਦੇ ਉਹ ਕੋਠੀ ਨੰਬਰ-64 ਵਿਚ ਹਨ। ਮੁਨੀਸ਼ ਬਾਂਸਲ ਨੇ ਹਾਲ ਹੀ ਵਿਚ ਇੰਡਸਟ੍ਰੀਅਲ ਏਰੀਆ ਵਿਚ ਮਾਰੂਤੀ ਕਾਰਾਂ ਦਾ ਸ਼ੋਅਰੂਮ ਵੀ ਖੋਲ੍ਹਿਆ ਹੈ। ਸ਼ਹਿਰ ਦੇ ਵੱਡੇ ਕਾਰੋਬਾਰੀ ਬਾਲਕਿਸ਼ਨ ਬਾਂਸਲ ਲੰਬੇ ਸਮੇਂ ਤੋਂ ਬਾਂਸਲ ਦੇ ਕਾਰੋਬਾਰੀ ਸਹਿਯੋਗੀ ਹਨ।  ਇਨਕਮ ਟੈਕਸ ਵਿਭਾਗ ਨੂੰ ਛਾਪੇ ਦੌਰਾਨ ਮੁਨੀਸ਼ ਬਾਂਸਲ ਦੇ ਦਫ਼ਤਰ, ਮਾਰੂਤੀ ਕਾਰਾਂ ਦੇ ਸ਼ੋਅਰੂਮ ਤੇ ਬਾਲਕਿਸ਼ਨ ਬਾਂਸਲ ਦੇ ਦਫ਼ਤਰ ਵਿਚ ਕੀ ਮਿਲਿਆ ਤੇ ਆਮਦਨ ਦੇ ਰਿਕਾਰਡ ਵਿਚ ਕੀ ਗੜਬੜੀ ਮਿਲੀ, ਇਸ ਬਾਰੇ ਵਿਭਾਗ ਦੇ ਅਧਿਕਾਰੀ ਕੁਝ ਵੀ ਦੱਸਣ ਲਈ ਤਿਆਰ ਨਹੀਂ ਹਨ।    ਕਿਹਾ ਜਾ ਰਿਹਾ ਹੈ ਕਿ ਮੁਨੀਸ਼ ਬਾਂਸਲ ਤੇ ਬਾਲਕਿਸ਼ਨ ਬਾਂਸਲ ਦੀ ਆਮਦਨ ਨਾਲ ਸੰਬੰਧਿਤ ਪੂਰੇ ਰਿਕਾਰਡ ਦੀ ਫਿਲਹਾਲ ਜਾਂਚ ਕੀਤੀ ਜਾ ਰਹੀ ਹੈ। ਮੁਨੀਸ਼ ਤੇ ਬਾਲਕਿਸ਼ਨ ਦੇ ਦਫ਼ਤਰਾਂ 'ਤੇ ਦੁਪਹਿਰ ਨੂੰ ਪਹੁੰਚੀਆਂ ਵਿਭਾਗ ਦੀਆਂ ਟੀਮਾਂ ਰਾਤ 8 ਵਜੇ ਤਕ ਰਿਕਾਰਡ ਦੀ ਜਾਂਚ ਕਰ ਰਹੀਆਂ ਸਨ। ਇਸ ਦੌਰਾਨ ਕਿਸੇ ਹੋਰ ਬਾਹਰੀ ਵਿਅਕਤੀ ਨੂੰ ਉਨ੍ਹਾਂ ਦੇ ਦਫ਼ਤਰ ਵਿਚ ਤੇ ਦਫ਼ਤਰ ਵਿਚ ਬੈਠੇ ਕਿਸੇ ਵੀ ਵਿਅਕਤੀ ਨੂੰ ਦਫ਼ਤਰ ਤੋਂ ਬਾਹਰ ਨਹੀਂ ਜਾਣ ਦਿੱਤਾ ਗਿਆ।