ਅਜਨਾਲਾ ਦੇ ਤਿੰਨ ਦੁਕਾਨਦਾਰਾਂ ਨੇ ਸਿਰੰਡਰ ਕੀਤੇ 1 ਕਰੋੜ 35 ਲੱਖ ਰੁਪਏ

02/09/2019 6:51:24 PM

ਅਜਨਾਲਾ (ਵਰਿੰਦਰ) : ਇਨਕਮ ਟੈਕਸ ਵਿਭਾਗ ਅੰਮ੍ਰਿਤਸਰ ਦੀਆਂ ਚਾਰ ਉੱਚ ਪੱਧਰੀ ਜਾਂਚ ਟੀਮਾਂ ਕੋਲ ਬੀਤੇ ਕੱਲ੍ਹ ਅਜਨਾਲਾ ਸ਼ਹਿਰ ਦੇ ਤਿੰਨ ਦੁਕਾਨਦਾਰਾਂ ਵੱਲੋਂ 1 ਕਰੋੜ 35 ਲੱਖ ਰੁਪਏ ਸਿਰੰਡਰ ਕੀਤੇ ਗਏ ਹਨ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਇਨਕਮ ਟੈਕਸ ਵਿਭਾਗ ਦੇ ਜੁਆਇੰਟ ਕਮਿਸ਼ਨਰ ਸ਼ਿਵਾਨੀ ਬਾਂਸਲ ਨੇ ਦੱਸਿਆ ਕਿ ਅਜਨਾਲਾ ਸ਼ਹਿਰ ਦੀਆਂ ਚਾਰ ਦੁਕਾਨਾਂ ਚੋਪੜਾ ਕਲਾਥ ਹਾਊਸ, ਜਸਬੀਰ ਜਿਊਲਰਜ਼, ਦਸ਼ਮੇਸ਼ ਫਰਨੀਚਰ ਹਾਊਸ ਅਤੇ ਭੁੱਲਰ ਮਾਰਬਲ ਸਟੋਰ ਦੇ ਰਿਕਾਰਡ ਦੀ ਜਾਂਚ ਕੀਤੀ ਗਈ ਸੀ। ਉਨ੍ਹਾਂ ਦੱਸਿਆ ਕਿ ਇਸ ਜਾਂਚ ਦੌਰਾਨ ਦਸ਼ਮੇਸ਼ ਫਰਨੀਚਰ ਹਾਊਸ ਅਜਨਾਲਾ ਵੱਲੋਂ 65 ਲੱਖ ਰੁਪਏ, ਭੁੱਲਰ ਮਾਰਬਲ ਵੱਲੋਂ 20 ਲੱਖ ਅਤੇ ਜਸਬੀਰ ਜਿਊਲਰ ਵੱਲੋਂ 50 ਲੱਖ ਰੁਪਏ ਦੀ ਅਣਐਲਾਨੀ ਕਮਾਈ ਦੀ ਰਕਮ ਸਿਰੰਡਰ ਕੀਤੀ ਗਈ ਹੈ। 
ਉਨ੍ਹਾਂ ਦੱਸਿਆ ਕਿ ਅਜਨਾਲਾ ਮੇਨ ਚੌਕ 'ਚ ਸਥਿਤ ਚੋਪੜਾ ਕਲਾਥ ਹਾਊਸ ਦੇ ਰਿਕਾਰਡ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ, ਉਨ੍ਹਾਂ ਵਿਰੁੱਧ ਕਾਰਵਾਈ ਰਿਪੋਟਰ ਤੋਂ ਬਾਅਦ ਅਮਲ 'ਚ ਲਿਆਂਦੀ ਜਾਏਗੀ । ਉਨ੍ਹਾਂ ਦੱਸਿਆ ਕਿ ਟੈਕਸ ਚੋਰੀ ਕਰਨ ਵਾਲੇ ਵਿਅਕਤੀਆਂ ਖਿਲਾਫ ਰੇਡ ਦਾ ਸਿਲਸਲਾ ਇਸੇ ਤਰ੍ਹਾਂ ਜਾਰੀ ਰਹੇਗਾ ਅਤੇ ਜੋ ਵੀ ਕਾਰੋਬਾਰੀ ਵਿਭਾਗ ਕੋਲ ਟੈਕਸ ਨਹੀਂ ਜਮਾਂ ਕਰਵਾਏਗਾ ਉਸ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ ਅਤੇ ਪੈਨੇਲਟੀ ਵੀ ਪਾਈ ਜਾਵੇਗੀ। ਇਥੇ ਦੱਸਣਯੋਗ ਹੈ ਕਿ ਇਨਕਮ ਟੈਕਸ ਵਿਭਾਗ ਵੱਲੋਂ ਬੀਤੇ ਕੱਲ੍ਹ ਅਜਨਾਲਾ ਸ਼ਹਿਰ ਦੀਆਂ ਇੰਨਾਂ ਚਾਰ ਵੱਡੀਆਂ ਦੁਕਾਨਾਂ 'ਤੇ ਛਾਪੇਮਾਰੀ ਦੀ ਇਲਾਕੇ ਭਰ 'ਚ ਚਰਚਾ ਹੈ ਅਤੇ ਕਈ ਸੁਨਿਆਰੇ ਆਪਣੀਆਂ ਦੁਕਾਨਾਂ ਬੰਦ ਕਰਕੇ ਚੱਲਦੇ ਬਣੇ ਤਾਂ ਜੋ ਉਨ੍ਹਾਂ ਦੀਆਂ ਦੁਕਾਨਾਂ 'ਤੇ ਇਨਕਮ ਟੈਕਸ ਵਿਭਾਗ ਵੱਲੋਂ ਛਾਪੇਮਾਰੀ ਨੇ ਕੀਤੀ ਜਾ ਸਕੇ।

Gurminder Singh

This news is Content Editor Gurminder Singh