ਇਨਕਮ ਟੈਕਸ ਦੇ ਇਨਵੈਸਟੀਗੇਸ਼ਨ ਵਿੰਗ ਨੇ ਕੈਟਲ ਫੀਡ ਯੂਨਿਟ ''ਤੇ ਕੀਤੀ ਛਾਪਾਮਾਰੀ

04/26/2018 5:17:30 AM

ਲੁਧਿਆਣਾ(ਸੇਠੀ)-ਆਮਦਨ ਕਰ ਵਿਭਾਗ ਦੇ ਇਨਵੈਸਟੀਗੇਸ਼ਨ ਵਿੰਗ ਨੇ ਖੰਨਾ ਦੇ ਕੈਟਲ ਫੀਡ ਯੂਨਿਟ 'ਤੇ ਛਾਪੇਮਾਰੀ ਕਰ ਕੇ 2 ਕਰੋੜ ਰੁਪਏ ਨਕਦ ਸੀਲ ਕੀਤੇ। ਜਾਣਕਾਰੀ ਅਨੁਸਾਰ ਪ੍ਰਿੰਸੀਪਲ ਡਾਇਰੈਕਟਰ ਪਰਨੀਤ ਸਚਦੇਵਾ ਦੇ ਨਿਰਦੇਸ਼ਾਂ 'ਤੇ ਜੁਆਇੰਟ ਡਾਇਰੈਕਟਰ ਰਿਤੇਸ਼ ਪਰਮਾਰ ਦੀ ਅਗਵਾਈ ਵਿਚ ਵਿਭਾਗ ਦੀਆਂ 20 ਟੀਮਾਂ ਨੇ ਖੰਨਾ ਸਥਿਤ ਅਮਨ ਫੀਡ ਇੰਡਸਟਰੀ 'ਤੇ ਛਾਪੇਮਾਰੀ ਕੀਤੀ ਅਤੇ ਵਿਭਾਗੀ ਟੀਮਾਂ ਨੇ ਇੱਕੋ ਸਮੇਂ ਯੂਨਿਟ ਦੇ ਖੰਨਾ, ਸਰਹੰਦ, ਚੰਡੀਗੜ੍ਹ ਤੇ ਮੋਗਾ ਸਥਿਤ 6 ਘਰਾਂ ਗੋਦਾਮ, ਫੈਕਟਰੀਆਂ ਤੇ ਦਫਤਰ 'ਤੇ ਛਾਪੇਮਾਰੀ ਕੀਤੀ। ਵਿਭਾਗ ਨੂੰ ਉਪਰੋਕਤ ਯੂਨਿਟ ਤੋਂ 2 ਕਰੋੜ ਰੁਪਏ ਨਕਦ ਮਿਲੇ, ਜਿਸ ਨੂੰ ਕਬਜ਼ੇ ਵਿਚ ਲਿਆ ਗਿਆ। ਜਾਣਕਾਰੀ ਅਨੁਸਾਰ ਇਹ ਕਾਰਵਾਈ ਟੈਕਸ ਚੋਰੀ ਨਾਲ ਸਬੰਧਤ ਹੋ ਸਕੀ ਹੈ ਅਤੇ ਖਬਰ ਲਿਖੇ ਜਾਣ ਤਕ ਵਿਭਾਗੀ ਟੀਮਾਂ ਯੂਨਿਟ ਦੀ ਗੰਭੀਰਤਾ ਨਾਲ ਜਾਂਚ ਕਰ ਕੇ, ਸਟਾਕ ਤੇ ਕੰਪਿਊਟਰ ਦੀ ਛਾਣਬੀਣ ਕਰ ਰਹੀਆਂ ਸਨ। ਉਪਰੋਕਤ ਯੂਨਿਟ ਪਸ਼ੂਆਂ ਦਾ ਚਾਰਾ ਤੇ ਕੈਟਲ ਫੀਡ ਬਣਾਉਣ ਦਾ ਕਾਰੋਬਾਰ ਕਰਦਾ ਹੈ। ਸੂਤਰਾਂ ਤੋਂ ਪਤਾ ਲੱਗਾ ਹੈ ਕਿ ਇਹ ਕਾਰਵਾਈ ਵੀਰਵਾਰ ਤਕ ਚਲ ਸਕਦੀ ਹੈ।
ਮਾਲੇਰਕੋਟਲਾ, ਸਮਾਣਾ, ਮੋਗਾ ਤੇ ਪਟਿਆਲਾ ਤੋਂ 4.5 ਕਰੋੜ ਰੁਪਏ ਦੀ ਅਣ-ਐਲਾਨੀ ਜਾਇਦਾਦ ਮਿਲੀ
ਆਮਦਨ ਕਰ ਵਿਭਾਗ ਨੇ ਪਿਛਲੇ ਇਕ ਹਫਤੇ ਦੌਰਾਨ ਟੈਕਸ ਚੋਰਾਂ 'ਤੇ ਨੱਥ ਕੱਸਦੇ ਹੋਏ ਪਟਿਆਲਾ, ਸਮਾਣਾ, ਮੋਗਾ, ਮਾਲੇਰਕੋਟਲਾ ਤੋਂ 4.5 ਕਰੋੜ ਰੁਪਏ ਦੀ ਅਣ-ਐਲਾਨੀ ਜਾਇਦਾਦ ਜ਼ਬਤ ਕੀਤੀ ਹੈ। ਇਸ ਦਾ ਬਿਉਰਾ ਉਪਲੱਬਧ ਕਰਵਾਉਂਦੇ ਹੋਏ ਵਿਭਾਗ ਨੇ ਦੱਸਿਆ ਕਿ ਪਟਿਆਲਾ ਤੇ ਸਮਾਣਾ 'ਚ ਡਾਕਟਰਾਂ ਤੇ ਮੈਡੀਕਲ ਹੋਮ 'ਤੇ ਕੀਤੇ ਗਏ ਸਰਵੇ ਦੀ ਕਾਰਵਾਈ ਵਿਚ ਟੈਕਸਦਾਤਾਵਾਂ ਨੇ 3 ਕਰੋੜ ਦੀ ਅਣ-ਐਲਾਨੀ ਸੰਪਤੀ ਕਬੂਲੀ ਜਦਕਿ ਮਾਲੇਰਕੋਟਲਾ ਵਿਚ ਇਕ ਆਮਦਨ ਕਰ ਦਾਤਾ ਤੋਂ ਇਕ ਕਰੋੜ ਦੀ ਅਣ-ਐਲਾਨੀ ਆਮਦਨ ਫੜੀ ਗਈ, ਉਥੇ ਮੋਗਾ ਵਿਚ ਸਕੂਲ ਯੂਨੀਫਾਰਮ ਸਪਲਾਇਰ ਤੇ ਮੋਗਾ ਰੇਂਜ ਵੱਲੋਂ ਕੀਤੀ ਗਈ ਸਰਵੇ ਦੀ ਕਾਰਵਾਈ ਵਿਚ 50 ਲੱਖ ਰੁਪਏ ਦੀ ਆਮਦਨ ਕਰ ਚੋਰੀ ਫੜੀ ਗਈ। ਵਿਭਾਗੀ ਅਧਿਕਾਰੀਆਂ ਦਾ ਮੰਨਣਾ ਹੈ ਕਿ ਸਰਵੇ ਦੀਆਂ ਕਾਰਵਾਈਆਂ ਵਿਚ ਉਕਤ ਕਰ ਚੋਰਾਂ ਦੇ ਵੱਖ-ਵੱਖ ਦਸਤਾਵੇਜ਼ ਤੇ ਅਕਾਊਂਟ ਬੁੱਕਾਂ ਨੂੰ ਕਬਜ਼ੇ ਵਿਚ ਲਿਆ ਗਿਆ ਹੈ।