ਨਕਲੀ ਇਨਕਮ ਟੈਕਸ ਅਧਿਕਾਰੀ ਬਣ ਕੇ ਬਲੈਕਮੇਲਿੰਗ ਕਰਨ ਦੇ ਮਾਮਲੇ ਦੀਆਂ ਤਾਰਾਂ ਜੁੜੀਆਂ ਹੋ ਸਕਦੀਆਂ ਨੇ ਅੱਪਰਾ ਨਾਲ

02/13/2018 5:14:08 AM

ਅੱਪਰਾ(ਅਜਮੇਰ)-ਬੀਤੇ ਦੋ ਦਿਨ ਤੋਂ ਵੱਡੀ ਚਰਚਾ 'ਚ ਆਏ ਬਾਬੂ ਰਾਮ ਸਰਾਫ ਫਰਮ ਨੂੰ ਨਕਲੀ ਇਨਕਮ ਟੈਕਸ ਅਧਿਕਾਰੀ ਬਣ ਕੇ ਬਲੈਕਮੇਲਿੰਗ ਕਰਨ ਦੇ ਮਾਮਲੇ ਵਿਚ ਕਿਸੇ ਵੇਲੇ ਵੀ ਵੱਡਾ ਮੋੜ ਆ ਸਕਦਾ ਹੈ।  ਜਿੱਥੇ ਫਿਲੌਰ ਪੁਲਸ ਨੇ ਇਸ ਮਾਮਲੇ 'ਚ ਮੁਕੱਦਮਾ ਨੰਬਰ 0052 ਧਾਰਾ ਆਈ. ਪੀ. ਸੀ. 384, 170, 506 ਮਿਤੀ 10/2/2018 ਦਰਜ ਕਰ ਲਿਆ ਹੈ, ਉਥੇ ਇਸ ਕੇਸ ਸਬੰਧੀ ਸੀਨੀਅਰ ਪੁਲਸ ਅਧਿਕਾਰੀਆਂ ਦਾ ਦਬਾਅ ਵਧਣ ਕਾਰਨ ਜਾਂਚ ਤੇਜ਼ ਕਰ ਦਿੱਤੀ ਗਈ ਹੈ। ਪੁਲਸ ਭਾਵੇਂ ਇਸ ਸਬੰਧੀ ਅਜੇ ਕੋਈ ਵੀ ਖੁਲਾਸਾ ਕਰਨ ਦੇ ਮੂਡ 'ਚ ਦਿਖਾਈ ਨਹੀਂ ਦੇ ਰਹੀ ਪਰ ਅੰਦਰ ਦੀ ਖ਼ਬਰ ਇਹ ਹੈ ਕਿ ਇਸ ਮਾਮਲੇ ਦੀਆਂ ਤਾਰਾਂ ਜਿੱਥੇ ਵੱਡੇ ਕੱਦ ਦੇ ਸਿਆਸੀ ਆਗੂਆਂ ਨਾਲ ਜੁੜੀਆਂ ਹੋਈਆਂ ਹਨ, ਉੱਥੇ ਇਸ ਮਾਮਲੇ ਦੀਆਂ ਤਾਰਾਂ ਅੱਪਰਾ ਨਾਲ ਵੀ ਜੁੜੀਆਂ ਹੋਣ ਦਾ ਸ਼ੱਕ ਹੈ, ਕਿਉਂਕਿ ਆਮ ਚਰਚਾ ਹੈ ਕਿ ਬਾਬੂ ਰਾਮ ਸਰਾਫ ਦੇ ਬਿੱਟੂ ਸਰਾਫ ਅਤੇ ਬਿੱਲਾ ਸਰਾਫ ਬਹੁਤ ਹੀ ਠੰਡੇ ਸੁਭਾਅ ਦੇ ਵਪਾਰੀ ਹਨ ਅਤੇ ਕਿਸੇ ਵੀ ਗੱਲ 'ਤੇ ਕਦੇ ਵੀ ਉਲਝਦੇ ਨਹੀਂ ਅਤੇ ਹਮੇਸ਼ਾ ਵਾਦ-ਵਿਵਾਦ ਤੋਂ ਦੂਰ ਹੀ ਰਹਿੰਦੇ ਹਨ, ਸਗੋਂ ਪਿਆਰ ਨਾਲ ਹੀ ਮਸਲਾ ਨਿਬੇੜ ਲੈਂਦੇ ਹਨ, ਜਿਸ ਕਾਰਨ ਹੋ ਸਕਦਾ ਹੈ ਕਿ ਅੱਪਰਾ ਤੋਂ ਹੀ ਕਿਸੇ ਨੇ ਇਹ ਸਭ ਦੱਸ ਕੇ ਲੁਟੇਰਿਆਂ ਨੂੰ ਬਾਬੂ ਰਾਮ ਸਰਾਫ ਫਰਮ ਨੂੰ ਬਲੈਕਮੇਲਿੰਗ ਕਰਨ ਲਈ ਉਕਸਾਇਆ ਹੋਵੇ ਪਰ ਵਰਿੰਦਰ ਘਈ (ਬਿੱਲਾ ਸਰਾਫ) ਵਲੋਂ ਲਏ ਗਏ ਸਖ਼ਤ ਸਟੈਂਡ ਨੇ ਬਾਜ਼ੀ ਪਲਟ ਦਿੱਤੀ ਅਤੇ ਹੁਣ ਸਾਰਾ ਕੁੱਝ ਸਾਹਮਣੇ ਲਿਆਉਣ ਵਿਚ ਪੁਲਸ ਨੂੰ ਬਹੁਤੀ ਦੇਰ ਨਹੀਂ ਲੱਗਣੀ ਚਾਹੀਦੀ। ਹੁਣ ਦੇਖਣਾ ਹੈ ਕਿ ਕੀ ਪੁਲਸ ਕਿਸੇ ਵੀ ਤਰ੍ਹਾਂ ਦੇ ਸਿਆਸੀ ਦਬਾਅ ਤੋਂ ਮੁਕਤ ਹੋ ਕੇ ਇਸ ਵੱਡੀ ਬਲੈਕਮੇਲਿੰਗ ਦੀ ਘਟਨਾ ਦੀ ਪੈੜ ਨੱਪਦੀ ਹੈ ਜਾਂ ਘਟਨਾ ਨੂੰ ਹੀ ਨੱਪ ਕੇ ਗੱਲ ਖਤਮ ਕਰਨ ਦੀ ਕੋਸ਼ਿਸ਼ ਕਰਦੀ ਹੈ।