ਅਮਰੀਕਾ ਭੇਜਣ ਦੇ ਨਾਮ ''ਤੇ ਠੱਗੇ ਪੌਣੇ 8 ਲੱਖ

06/30/2017 7:23:25 AM

ਸੁਲਤਾਨਪੁਰ ਲੋਧੀ,   (ਸੋਢੀ)-  ਥਾਣਾ ਸੁਲਤਾਨਪੁਰ ਲੋਧੀ ਪੁਲਸ ਨੇ ਅਮਰੀਕਾ ਭੇਜਣ ਦੇ ਨਾਮ 'ਤੇ ਪੌਣੇ 8 ਲੱਖ ਰੁਪਏ ਦੀ ਠੱਗੀ ਮਾਰ ਕੇ ਫਰਾਰ ਹੋਈ ਆਈਲੈਟਸ ਅਧਿਆਪਕਾ ਰਵਿੰਦਰ ਕੌਰ ਤੇ ਉਸਦੀ ਮਾਂ ਸੁਰਿੰਦਰ ਕੌਰ ਪਤਨੀ ਹਰਭਜਨ ਸਿੰਘ ਨਿਵਾਸੀ ਕਪੂਰਥਲਾ ਖਿਲਾਫ ਮੁਕੱਦਮਾ ਦਰਜ ਕਰਕੇ ਮਾਂ-ਧੀ ਦੀ ਭਾਲ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ। ਇਸ ਸੰਬੰਧੀ ਥਾਣਾ ਸੁਲਤਾਨਪੁਰ ਲੋਧੀ ਦੇ ਮੁਖੀ ਇੰਸਪੈਕਟਰ ਸਰਬਜੀਤ ਸਿੰਘ ਨੇ ਦੱਸਿਆ ਕਿ ਪੁਲਸ ਕੋਲ ਪਿੰਡ ਨਸੀਰਪੁਰ ਦੇ ਨਿਵਾਸੀ ਅੰਮ੍ਰਿਤਪਾਲ ਸਿੰਘ ਨੇ ਸ਼ਿਕਾਇਤ ਦਰਜ ਕਰਵਾਈ ਹੈ। ਜਿਸ ਨੇ ਦੋਸ਼ ਲਾਇਆ ਕਿ ਜਦ ਉਹ ਕਪੂਰਥਲਾ ਵਿਖੇ ਆਈਲੈਟਸ ਦੀ ਸਿੱਖਿਆ ਲਈ ਧਿਆਨ ਸਿੰਘ ਦੇ ਪੈਟਰੋਲ ਪੰਪ ਸਾਹਮਣੇ ਚਲ ਰਹੇ ਸੈਂਟਰ 'ਚ ਜਾਂਦਾ ਸੀ ਤੇ ਉਥੇ ਪੜ੍ਹਾ ਰਹੀ ਆਈਲੈਟਸ ਟੀਚਰ ਰਵਿੰਦਰ ਕੌਰ ਨੇ ਦੱਸਿਆ ਕਿ ਉਹ ਵੀ ਬੱਚਿਆਂ ਨੂੰ ਸਟੱਡੀ ਬੇਸ 'ਤੇ ਅਮਰੀਕਾ ਭੇਜਦੀ ਹੈ। ਸ਼ਿਕਾਇਤ ਕਰਤਾ ਨੇ ਦੋਸ਼ ਲਾਇਆ ਕਿ 30 ਦਸੰਬਰ 2015 ਨੂੰ ਮੇਰੇ ਭਰਾ ਗੁਰਿੰਦਰ ਸਿੰਘ ਨੇ ਇਕ ਲੱਖ ਰੁਪਏ ਰਵਿੰਦਰ ਕੌਰ ਦੇ ਖਾਤੇ 'ਚ ਪਾਏ ਤੇ 31 ਦਸੰਬਰ 2015 ਨੂੰ ਡੇਢ ਲੱਖ ਰੁਪਏ ਹੋਰ ਉਸਦੇ ਖਾਤੇ 'ਚ ਪਾਏ। ਸ਼ਿਕਾਇਤ ਕਰਤਾ ਅੰਮ੍ਰਿਤਪਾਲ ਸਿੰਘ ਨੇ ਦੋਸ਼ ਲਾਇਆ ਕਿ 9 ਜਨਵਰੀ 2016 ਨੂੰ ਰਵਿੰਦਰ ਕੌਰ ਆਪਣੀ ਮਾਤਾ ਸੁਰਿੰਦਰ ਕੌਰ ਨਾਲ ਮੇਰੇ ਘਰ ਪਿੰਡ ਨਸੀਰਪੁਰ ਵਿਖੇ ਆਈਆਂ ਤੇ ਦੋਹਾਂ ਨੇ ਪਾਸਪੋਰਟ ਦੀ ਫੋਟੋ ਕਾਪੀ ਤੇ 5 ਲੱਖ ਰੁਪਏ ਦੀ ਮੰਗ ਕੀਤੀ ਤਾਂ ਉਨ੍ਹਾਂ 5 ਲੱਖ ਰੁਪਏ ਤੇ ਪਾਸਪੋਰਟ ਦੀ ਕਾਪੀ ਰਵਿੰਦਰ ਕੌਰ ਨੂੰ ਸੌਂਪ ਦਿੱਤੀ। ਉਨ੍ਹਾਂ ਦੱਸਿਆ ਕਿ ਫਿਰ 30 ਜੂਨ 2016 ਨੂੰ 30 ਹਜ਼ਾਰ ਰੁਪਏ ਹੋਰ ਮੈਡੀਕਲ ਕਰਵਾਉਣ ਦੇ ਨਾਮ 'ਤੇ ਰਵਿੰਦਰ ਕੌਰ ਨੇ ਲਏ ਤੇ ਉਸ ਤੋਂ ਬਾਅਦ ਰਵਿੰਦਰ ਕੌਰ ਦਾ ਫੋਨ ਬੰਦ ਆ ਰਿਹਾ ਹੈ। ਥਾਣਾ ਸੁਲਤਾਨਪੁਰ ਲੋਧੀ ਦੇ ਇੰਸਪੈਕਟਰ ਸਰਬਜੀਤ ਸਿੰਘ ਨੇ ਦੱਸਿਆ ਕਿ ਉਕਤ ਲੜਕੀ ਰਵਿੰਦਰ ਕੌਰ ਬਹੁਤ ਹੀ ਸ਼ਾਤਰ ਦਿਮਾਗ ਹੈ ਤੇ ਭੋਲੇ-ਭਾਲੇ ਲੋਕਾਂ ਨਾਲ ਠੱਗੀਆਂ ਕਰਦੀ ਹੈ। ਉਨ੍ਹਾਂ ਦੱਸਿਆ ਕਿ ਦੋਹਾਂ ਮਾਵਾਂ-ਧੀਆਂ ਦੀ ਭਾਲ ਲਈ ਪੁਲਸ ਵਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ।