ਸਰਕਾਰ ਤੋਂ ਮਾਨਤਾ ਪ੍ਰਾਪਤ ਰੇਤ ਖੱਡਾਂ ''ਚ ਵੀ ਕੰਮ ਬੰਦ, ਸਰੰਡਰ ਕਰਨ ਦੀ ਤਿਆਰੀ ''ਚ ਠੇਕੇਦਾਰ

03/12/2018 5:16:36 AM

ਅੰਮ੍ਰਿਤਸਰ,  (ਨੀਰਜ)-  ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਹੈਲੀਕਾਪਟਰ ਫੇਰੀ ਤੋਂ ਬਾਅਦ ਪੰਜਾਬ 'ਚ ਰੇਤ ਦੀ ਗੈਰ-ਕਾਨੂੰਨੀ ਮਾਈਨਿੰਗ ਕਰਨ ਵਾਲੇ ਮਾਫੀਆ ਖਿਲਾਫ ਕਾਰਵਾਈ ਦੇ ਹੁਕਮ ਜਨਹਿੱਤ 'ਚ ਦਿੱਤੇ ਪਰ ਫਿਲਹਾਲ ਇਸ ਦਾ ਨਾਕਾਰਾਤਮਕ ਅਸਰ ਦੇਖਣ ਨੂੰ ਮਿਲ ਰਿਹਾ ਹੈ। ਪ੍ਰਬੰਧਕੀ ਅਧਿਕਾਰੀਆਂ ਵੱਲੋਂ ਰੇਤ ਮਾਈਨਿੰਗ ਸਬੰਧੀ ਕੀਤੀ ਗਈ ਕਾਰਵਾਈ ਤੋਂ ਬਾਅਦ ਅੰਮ੍ਰਿਤਸਰ ਜ਼ਿਲੇ ਦੀਆਂ ਜਾਇਜ਼ (ਸਰਕਾਰ ਵੱਲੋਂ ਮਾਨਤਾ ਪ੍ਰਾਪਤ) ਖੱਡਾਂ ਵੀ ਬੰਦ ਹੋ ਗਈਆਂ ਹਨ, ਜਿਸ ਨਾਲ ਜ਼ਿਲੇ 'ਚ ਰੇਤ ਦਾ ਮੁੱਲ ਦੁੱਗਣਾ ਹੋ ਗਿਆ ਹੈ ਤੇ ਡਿਮਾਂਡ ਅਤੇ ਸਪਲਾਈ 'ਚ ਭਾਰੀ ਫਰਕ ਆਉਣਾ ਸ਼ੁਰੂ ਹੋ ਗਿਆ ਹੈ।
ਜਾਣਕਾਰੀ ਅਨੁਸਾਰ ਸਰਕਾਰ ਵੱਲੋਂ ਮਾਨਤਾ ਪ੍ਰਾਪਤ ਖੱਡਾਂ 'ਚ ਰੇਤ ਮਾਈਨਿੰਗ ਦਾ ਕੰਮ ਬੰਦ ਹੋਣ ਕਾਰਨ ਰਿਟੇਲ 'ਚ ਰੇਤ ਦਾ ਮੁੱਲ ਜੋ 1700 ਤੋਂ 1800 ਰੁਪਏ ਪ੍ਰਤੀ ਸੈਂਕੜਾ ਚੱਲ ਰਿਹਾ ਸੀ, ਅੱਜ ਐਤਵਾਰ ਦੇ ਦਿਨ ਇਕਦਮ 3000 ਰੁਪਏ ਪ੍ਰਤੀ ਸੈਂਕੜੇ ਤੱਕ ਪਹੁੰਚ ਗਿਆ, ਜਿਸ ਨਾਲ ਰੇਤ ਵਿਕਰੇਤਾਵਾਂ ਸਮੇਤ ਆਮ ਜਨਤਾ 'ਚ ਹਾਹਾਕਾਰ ਮਚੀ ਹੋਈ ਹੈ।
ਕੋਟ ਮਹਿਤਾਬ ਖੱਡ 'ਚ ਮਾਈਨਿੰਗ ਦਾ ਕੰਮ ਬੰਦ ਹੋਣ ਕੰਢੇ : ਪੰਜਾਬ ਸਰਕਾਰ ਵੱਲੋਂ ਅਜਨਾਲਾ ਸਥਿਤ ਰਾਵੀ ਦਰਿਆ ਦੇ ਇਲਾਕਿਆਂ 'ਚ ਰੇਤ ਦੀਆਂ ਖੱਡਾਂ ਦੀ ਬੋਲੀ ਕਰਵਾਈ ਗਈ ਸੀ, ਇਥੇ ਬੱਲੜਵਾਲ, ਡੱਡੀਆਂ ਤੇ ਰੂੜੇਵਾਲਾ ਇਲਾਕੇ 'ਚ ਰੇਤ ਦੀਆਂ ਖੱਡਾਂ ਹਨ, ਜਿਨ੍ਹਾਂ ਨੂੰ ਮਾਈਨਿੰਗ ਕਰਨ ਵਾਲੇ ਠੇਕੇਦਾਰਾਂ ਵੱਲੋਂ ਕਰੋੜਾਂ ਰੁਪਇਆਂ ਦੀ ਬੋਲੀ ਦੇ ਕੇ ਠੇਕੇ 'ਤੇ ਲਿਆ ਗਿਆ ਪਰ ਪ੍ਰਸ਼ਾਸਨ ਵੱਲੋਂ ਕੀਤੀ ਗਈ ਕਾਰਵਾਈ ਤੋਂ ਬਾਅਦ ਇਨ੍ਹਾਂ ਖੱਡਾਂ 'ਚ ਰੇਤ ਦੀ ਮਾਈਨਿੰਗ ਬੰਦ ਹੋ ਗਈ ਹੈ। ਇਸ ਤੋਂ ਇਲਾਵਾ ਬਿਆਸ ਇਲਾਕੇ 'ਚ ਸਥਿਤ ਕੋਟ ਮਹਿਤਾਬ ਖੱਡ 'ਚ ਵੀ ਰੇਤ ਦੀ ਮਾਈਨਿੰਗ ਦਾ ਕੰਮ ਲਗਭਗ ਬੰਦ ਹੋਣ ਕੰਢੇ ਹੈ।
ਚਾਹੜਪੁਰ ਤੇ ਖਾਨਪੁਰ ਦੀਆਂ ਖੱਡਾਂ ਪਹਿਲਾਂ ਹੀ ਹੋ ਚੁੱਕੀਆਂ ਸਰੰਡਰ : ਸਰਕਾਰ ਵੱਲੋਂ ਚਾਹੜਪੁਰ ਤੇ ਖਾਨਪੁਰ ਦੀਆਂ ਖੱਡਾਂ 'ਚ ਵੀ ਰੇਤ ਦੀ ਮਾਈਨਿੰਗ ਕਰਨ ਲਈ ਨਿਲਾਮੀ ਕਰਵਾਈ ਗਈ ਪਰ ਇਨ੍ਹਾਂ ਖੱਡਾਂ ਦੇ ਠੇਕੇਦਾਰਾਂ ਨੇ ਲਾਭ ਨਾ ਹੁੰਦਾ ਦੇਖ ਕੇ ਕੰਮ ਬੰਦ ਕਰ ਦਿੱਤਾ ਤੇ ਸਰਕਾਰ ਨੇ ਇਨ੍ਹਾਂ ਖੱਡਾਂ ਨੂੰ ਸਰੰਡਰ ਕਰ ਦਿੱਤਾ। ਇਹ 2 ਖੱਡਾਂ ਦੇ ਬੰਦ ਹੋਣ ਕਾਰਨ ਜੋ 4 ਖੱਡਾਂ ਰਹਿੰਦੀਆਂ ਸਨ ਉਨ੍ਹਾਂ 'ਚ ਵੀ ਹੁਣ ਕੰਮ ਬੰਦ ਹੋ ਚੁੱਕਾ ਹੈ, ਜਿਸ ਨਾਲ ਰੇਤ ਦਾ ਮੁੱਲ ਕਈ ਗੁਣਾ ਵੱਧ ਜਾਵੇਗਾ।
ਮਾਈਨਿੰਗ ਕਰਨ ਵਾਲੇ ਠੇਕੇਦਾਰਾਂ 'ਚ ਰੋਸ : ਅਜਨਾਲਾ ਖੇਤਰ 'ਚ ਜੋ ਰੇਤ ਦੀਆਂ ਖੱਡਾਂ ਬਚੀਆਂ ਹਨ ਉਨ੍ਹਾਂ 'ਚ ਕੰਮ ਬੰਦ ਹੋਣ ਕਾਰਨ ਤੇ ਸਰਕਾਰ ਵੱਲੋਂ ਕੋਈ ਰਾਹਤ ਨਾ ਦਿੱਤੇ ਜਾਣ ਕਾਰਨ ਮਾਈਨਿੰਗ ਕਰਨ ਵਾਲੇ ਠੇਕੇਦਾਰਾਂ 'ਚ ਕਾਫ਼ੀ ਰੋਸ ਪਾਇਆ ਜਾ ਰਿਹਾ ਹੈ ਤੇ ਨਿਯਮ ਦੱਸਦੇ ਹਨ ਕਿ ਜੇਕਰ ਆਉਣ ਵਾਲੇ ਦਿਨਾਂ 'ਚ ਇਹੀ ਹਾਲ ਰਿਹਾ ਤਾਂ ਇਹ ਖੱਡਾਂ ਜਿਨ੍ਹਾਂ 'ਚ ਬੱਲੜਵਾਲ, ਰੂੜੇਵਾਲਾ ਤੇ ਡੱਡੀਆਂ ਦੇ ਠੇਕੇਦਾਰ ਸਰਕਾਰ ਨੂੰ ਸਰੰਡਰ ਕਰ ਦੇਣਗੇ ਕਿਉਂਕਿ ਉਹ ਸਰਕਾਰ ਦੀ ਕਾਰਵਾਈ ਤੋਂ ਕਾਫ਼ੀ ਪ੍ਰੇਸ਼ਾਨ ਹਨ। 
ਪ੍ਰਸ਼ਾਸਨ ਨੇ ਮਸ਼ੀਨਾਂ ਦੇ ਪ੍ਰਯੋਗ 'ਤੇ ਲਾਈ ਰੋਕ : ਗੈਰ-ਕਾਨੂੰਨੀ ਮਾਈਨਿੰਗ ਸਬੰਧੀ ਮੁੱਖ ਮੰਤਰੀ ਵੱਲੋਂ ਹੁਕਮ ਦਿੱਤੇ ਜਾਣ ਤੋਂ ਬਾਅਦ ਜ਼ਿਲਾ ਪ੍ਰਸ਼ਾਸਨ ਜਿਸ 'ਚ ਮਾਈਨਿੰਗ ਵਿਭਾਗ, ਇੰਡਸਟਰੀ ਵਿਭਾਗ ਤੇ ਪ੍ਰਦੂਸ਼ਣ ਕੰਟਰੋਲ ਵਿਭਾਗ ਨੇ ਰੇਤ ਦੀ ਮਾਈਨਿੰਗ ਕਰਨ ਲਈ ਪ੍ਰਯੋਗ ਕੀਤੀ ਜਾ ਰਹੀ ਮਸ਼ੀਨਰੀ 'ਤੇ ਹੀ ਰੋਕ ਲਾ ਦਿੱਤੀ ਹੈ। 
ਪਿਛਲੇ 6 ਮਹੀਨਿਆਂ 'ਚ ਕਿਉਂ ਪ੍ਰਯੋਗ ਹੋਣ ਦਿੱਤੀ ਮਸ਼ੀਨਰੀ? : ਅੱਜ ਜਦੋਂ ਸਰਕਾਰ ਵੱਲੋਂ ਮਾਨਤਾ ਪ੍ਰਾਪਤ ਖੱਡਾਂ 'ਚ ਪ੍ਰਸ਼ਾਸਨ ਨੇ ਇਕਦਮ ਮਸ਼ੀਨਰੀ ਜਿਸ 'ਚ ਜੇ. ਸੀ. ਬੀ., ਬਰਮੀ ਤੇ ਪੋਕ ਮਸ਼ੀਨਾਂ ਦੇ ਪ੍ਰਯੋਗ 'ਤੇ ਰੋਕ ਲਾ ਦਿੱਤੀ ਹੈ, ਉਸ ਵਿਚ ਇਹ ਸਵਾਲ ਖੜ੍ਹਾ ਹੋ ਰਿਹਾ ਹੈ ਕਿ ਪ੍ਰਸ਼ਾਸਨ ਨੇ ਉਸ ਸਮੇਂ ਇਨ੍ਹਾਂ ਮਸ਼ੀਨਾਂ ਦੇ ਪ੍ਰਯੋਗ 'ਤੇ ਰੋਕ ਕਿਉਂ ਨਹੀਂ ਲਾਈ ਜਦੋਂ ਅੰਮ੍ਰਿਤਸਰ 'ਚ ਰੇਤ ਦੀਆਂ ਖੱਡਾਂ ਨੂੰ ਨਿਲਾਮ ਕੀਤਾ ਗਿਆ ਸੀ। ਰੇਤ ਦੇ ਠੇਕੇ ਲੈਣ ਵਾਲੇ ਲੋਕਾਂ ਦਾ ਕਹਿਣਾ ਹੈ ਕਿ ਉਹ ਮਸ਼ੀਨਰੀ ਦੇ ਯੁੱਗ 'ਚ ਮਸ਼ੀਨਰੀ ਦਾ ਪ੍ਰਯੋਗ ਨਹੀਂ ਕਰਨਗੇ ਤਾਂ ਕੀ ਕਰਨਗੇ। ਉਹ ਸਰਕਾਰ ਤੋਂ ਠੇਕਾ ਲੈਣ ਦੇ ਬਾਅਦ ਤੋਂ ਹੀ ਮਸ਼ੀਨਰੀ ਦਾ ਪ੍ਰਯੋਗ ਕਰ ਰਹੇ ਹਨ, ਜੇਕਰ ਅਜਿਹਾ ਕਰਨਾ ਗਲਤ ਸੀ ਤਾਂ ਉਸ ਸਮੇਂ ਸਰਕਾਰ ਨੇ ਮਸ਼ੀਨਰੀ ਦਾ ਪ੍ਰਯੋਗ ਕਰਨ ਤੋਂ ਕਿਉਂ ਨਹੀਂ ਰੋਕਿਆ?