25 ਫੀਸਦੀ ਘੱਟ ਹੋਣਗੇ ਇੰਪਰੂਵਮੈਂਟ ਟਰੱਸਟ ਦੀ ਪ੍ਰਾਪਰਟੀ ਦੇ ਰੇਟ

12/14/2018 10:34:43 AM

ਜਲੰਧਰ (ਪੁਨੀਤ)— ਆਰਥਿਕ ਤੰਗੀ ਨਾਲ ਜੂਝ ਰਹੇ ਜਲੰਧਰ ਇੰਪਰੂਵਮੈਂਟ ਟਰੱਸਟ ਦਾ ਮਾਮਲਾ ਚੰਡੀਗੜ੍ਹ ਪਹੁੰਚਿਆ, ਜਿਸ ਵਿਚ ਟਰੱਸਟ ਦੀ ਪ੍ਰਾਪਰਟੀ ਦੇ ਰੇਟ 25 ਫੀਸਦੀ ਘੱਟ  ਕਰਨਾ ਅਹਿਮ ਮੰਨਿਆ ਜਾ ਰਿਹਾ ਹੈ। ਅਧਿਕਾਰੀਆਂ ਵਲੋਂ ਭਰੋਸਾ ਦਿੱਤਾ ਜਾ ਰਿਹਾ ਹੈ ਕਿ  ਜਲਦੀ ਹੀ ਟਰੱਸਟ ਦੀ ਫਾਈਲ ਨੂੰ ਕਲੀਅਰ ਕਰ ਦਿੱਤਾ ਜਾਵੇਗਾ। 

ਇਸ ਪੂਰੇ ਘਟਨਾਚੱਕਰ ਵਿਚ ਲੇਡੀ ਸਿੰਘਮ ਮੰਨੀ ਜਾਂਦੀ ਟਰੱਸਟ ਦੀ ਈ. ਓ. ਸੁਰਿੰਦਰ ਕੁਮਾਰੀ ਦੀਆਂ ਕੋਸ਼ਿਸ਼ਾਂ ਰੰਗ  ਲਿਆਈਆਂ ਹਨ। ਵੀਰਵਾਰ ਨੂੰ ਈ. ਓ. ਲੋਕਲ ਬਾਡੀਜ਼ ਵਿਭਾਗ ਦੇ ਸੀਨੀਅਰ ਸਕੱਤਰ ਏ. ਵੇਣੂ ਪ੍ਰਸਾਦ ਤੇ ਡਾਇਰੈਕਟਰ ਕਰਨੇਸ਼ ਸ਼ਰਮਾ ਨਾਲ ਮੁਲਾਕਾਤ ਕਰ ਕੇ ਉਨ੍ਹਾਂ ਨੂੰ ਟਰੱਸਟ ਦੀਆਂ  ਮੁਸ਼ਕਲਾਂ ਤੋਂ ਜਾਣੂ ਕਰਵਾਇਆ। ਪਿਛਲੇ ਮਹੀਨੇ ਇੰਪਰੂਵਮੈਂਟ ਟਰੱਸਟ ਵਲੋਂ ਪ੍ਰਾਪਰਟੀ  ਨੀਲਾਮ ਕਰਨ ਨੂੰ ਲੈ ਕੇ ਇਕ  ਫਾਈਲ ਲੋਕਲ ਬਾਡੀਜ਼ ਵਿਭਾਗ ਦੇ ਹੈੱਡ ਆਫਿਸ ਚੰਡੀਗੜ੍ਹ  ਭਿਜਵਾਈ ਗਈ ਸੀ। ਇਸ ਵਿਚ ਦੱਸਿਆ ਗਿਆ ਸੀ ਕਿ ਮਾਰਕੀਟ ਟਰੈਂਡ ਦੇ ਕਾਰਨ ਟਰੱਸਟ ਦੀ  ਪ੍ਰਾਪਰਟੀ ਦੇ ਰੇਟ ਵਿਚ 25 ਫੀਸਦੀ ਦੀ ਗਿਰਾਵਟ ਨੂੰ ਮਨਜ਼ੂਰੀ ਦਿੱਤੀ ਗਈ ਹੈ। 

ਰਿਜ਼ਰਵ ਪ੍ਰਾਈਸ ਘੱਟ ਹੋਣ ਦਾ ਟਰੱਸਟ ਨੂੰ ਮਿਲੇਗਾ ਲਾਭ
ਪਿਛਲੇ  ਮਹੀਨੇ ਇੰਪਰੂਵਮੈਂਟ ਟਰੱਸਟ ਦੇ ਚੀਫ ਇੰਜੀਨੀਅਰ ਮੁਕੁਲ ਸੋਨੀ ਨੇ ਜਲੰਧਰ ਵਿਚ  ਅਧਿਕਾਰੀਆਂ ਨਾਲ ਮੁਲਾਕਾਤ ਕਰ ਕੇ ਪ੍ਰਾਪਰਟੀ ਦੇ ਰਿਜ਼ਰਵ ਪ੍ਰਾਈਸ ਘੱਟ ਕਰਨ ਨੂੰ ਲੈ ਕੇ  ਇਕ ਅਹਿਮ ਮੀਟਿੰਗ ਕੀਤੀ ਸੀ। ਇਸ ਉਪਰੰਤ ਟਰੱਸਟ ਮੁਲਾਜ਼ਮਾਂ ਨੇ ਰਿਜ਼ਰਵ ਪ੍ਰਾਈਸ ਦੀ ਫਾਈਲ  ਈ. ਓ. ਸੁਰਿੰਦਰ ਕੁਮਾਰੀ ਨੂੰ ਸੌਂਪ ਦਿੱਤੀ। ਇਸ ਫਾਈਲ 'ਚ ਲੋਕਲ ਬਾਡੀਜ਼ ਵਿਭਾਗ ਕੋਲੋਂ  ਜੋ ਇਜਾਜ਼ਤ ਮੰਗੀ ਗਈ ਹੈ ਉਸ ਨਾਲ ਇੰਪਰੂਵਮੈਂਟ ਟਰੱਸਟ ਨੂੰ ਲਾਭ ਹੋਵੇਗਾ। ਟਰੱਸਟ ਦੀ  ਪ੍ਰਾਪਰਟੀ ਤੋਂ ਜਿਨ੍ਹਾਂ ਲੋਕਾਂ ਦਾ ਮੋਹ ਭੰਗ ਹੋ ਗਿਆ ਹੈ ਉਹ ਦੁਬਾਰਾ ਟਰੱਸਟ ਪ੍ਰਤੀ  ਆਪਣਾ  ਭਰੋਸਾ ਵਿਖਾ ਸਕਦੇ ਹਨ। 

ਪਲਾਟ ਜ਼ਬਤ ਕਰਨ 'ਤੇ ਜਲਦੀ ਹੋਵੇਗੀ ਕਾਰਵਾਈ
ਟਰੱਸਟ  ਦੀਆਂ 2 ਸਕੀਮਾਂ ਦੇ ਪਲਾਟ ਧਾਰਕਾਂ ਨੂੰ ਛੱਡ ਕੇ ਬਾਕੀ ਸਾਰੇ ਪਲਾਟ ਜ਼ਬਤ ਕੀਤੇ ਜਾ ਰਹੇ  ਹਨ। ਇਸ ਸਬੰਧ ਵਿਚ ਸਰਕਾਰ ਵਲੋਂ ਜਲਦੀ ਹੀ ਇਕ ਚਿੱਠੀ ਜਾਰੀ ਕੀਤੀ ਜਾ ਰਹੀ ਹੈ। ਅਕਾਲੀ  ਸਰਕਾਰ ਦੇ ਸਮੇਂ ਪਲਾਟ 'ਤੇ ਨਿਰਮਾਣ ਨਾ ਕਰਨ ਵਾਲਿਆਂ ਨੂੰ ਅਕਤੂਬਰ 2018 ਤੱਕ ਦੀ ਮੋਹਲਤ  ਦਿੱਤੀ ਗਈ ਸੀ, ਜੋ ਹੁਣ ਪੂਰੀ ਹੋ ਗਈ ਹੈ। ਐੱਲ. ਈ. ਡੀ. ਸਣੇ ਕਈ ਘਪਲਿਆਂ ਨੂੰ ਉਜਾਗਰ  ਕਰਨ ਵਾਲੇ ਲੋਕਲ ਬਾਡੀਜ਼ ਮੰਤਰੀ ਨਵਜੋਤ ਸਿੰਘ ਸਿੱਧੂ ਮਾਮਲੇ ਨੂੰ ਗੰਭੀਰਤਾ ਨਾਲ ਲੈ  ਰਹੇ  ਹਨ। ਜਿਸ ਕਾਰਨ ਹੁਣ ਲੱਗਦਾ ਹੈ ਕਿ ਮਿਲੀਭੁਗਤ ਨਾਲ ਘਪਲਾ ਕਰਨ ਵਾਲਿਆਂ ਦੀ ਹੁਣ ਚੱਲ  ਨਹੀਂ ਸਕੇਗੀ।

ਲੇਡੀ ਸਿੰਘਮ ਦੀ ਬਦੌਲਤ ਸੁਲਝਿਆ ਮਾਮਲਾ
ਇੰਪਰੂਵਮੈਂਟ ਟਰੱਸਟ ਦੀ  ਈ. ਓ. ਲੇਡੀ ਸਿੰਘਮ ਮੰਨੀ ਜਾਂਦੀ ਸੁਰਿੰਦਰ ਕੁਮਾਰੀ ਦੀਆਂ ਕੋਸ਼ਿਸ਼ਾਂ ਰੰਗ ਲਿਆ ਰਹੀਆਂ  ਹਨ। 10 ਦਸੰਬਰ ਨੂੰ ਇੰਪਰੂਵਮੈਂਟ ਟਰੱਸਟ ਦੀ ਮੀਟਿੰਗ ਚੰਡੀਗੜ੍ਹ ਵਿਚ ਲੋਕਲ ਬਾਡੀਜ਼  ਵਿਭਾਗ ਦੇ ਸੀਨੀਅਰ ਮੈਂਬਰਾਂ ਨਾਲ ਹੋਣੀ ਸੀ ਪਰ ਚੇਅਰਮੈਨ ਦੇ ਨਾ ਹੋਣ ਕਾਰਨ ਮੀਟਿੰਗ  ਨੂੰ ਰੱਦ ਕਰ ਦਿੱਤਾ ਗਿਆ। 
ਬਹਾਦੁਰੀ ਦਿਖਾਉਂਦਿਆਂ ਇੰਪਰੂਵਮੈਂਟ ਟਰੱਸਟ ਦੀ ਈ. ਓ.  ਸੁਰਿੰਦਰ ਕੁਮਾਰੀ ਨੇ ਟਰੱਸਟ ਨੂੰ ਆ ਰਹੀਆਂ ਪ੍ਰੇਸ਼ਾਨੀਆਂ ਨੂੰ ਲੈ ਕੇ ਲੋਕਲ ਬਾਡੀਜ਼  ਵਿਭਾਗ ਦੇ ਸੀਨੀਅਰ ਅਧਿਕਾਰੀਆਂ ਨਾਲ ਮੁਲਾਕਾਤ ਕਰ ਕੇ ਪੂਰਾ ਮਾਮਲਾ ਉਨ੍ਹਾਂ ਤੱਕ  ਪਹੁੰਚਾਇਆ। 

ਕਰਮ ਕਰ ਰਹੀ ਹਾਂ, ਨਤੀਜੇ ਸਾਹਮਣੇ ਆ ਰਹੇ ਹਨ : ਸੁਰਿੰਦਰ ਕੁਮਾਰੀ
ਇੰਪਰੂਵਮੈਂਟ  ਟਰੱਸਟ ਦੀ ਈ. ਓ. ਸੁਰਿੰਦਰ ਕੁਮਾਰੀ ਨੇ ਕਿਹਾ ਕਿ ਉਹ ਆਪਣੀ ਡਿਊਟੀ  ਪੂਰੀ ਈਮਾਨਦਾਰੀ  ਨਾਲ ਕਰ ਰਹੀ ਹੈ। ਉਹ ਕਰਮ ਕਰ ਰਹੀ ਹੈ ਤੇ ਨਤੀਜਾ ਸਾਹਮਣੇ ਵੀ ਆ ਰਿਹਾ ਹੈ। ਉਨ੍ਹਾਂ  ਕਿਹਾ ਕਿ ਜੇਕਰ ਕਿਸੇ ਨੂੰ ਇੰਪਰੂਵਮੈਂਟ ਟਰੱਸਟ ਤੋਂ ਕਿਸੇ ਕਿਸਮ ਦੀ ਦਿੱਕਤ ਆ ਰਹੀ ਹੋਵੇ  ਤਾਂ ਉਹ ਸਿੱਧਾ  ਉਨ੍ਹਾਂ ਨਾਲ ਸੰਪਰਕ ਕਰਨ। ਚੰਡੀਗੜ੍ਹ ਵਿਚ ਹੋਈ ਮੀਟਿੰਗ ਸਬੰਧੀ ਪੁੱਛੇ  ਜਾਣ 'ਤੇ ਉਨ੍ਹਾਂ ਕਿਹਾ ਕਿ ਅਧਿਕਾਰੀਆਂ ਨੇ ਜਲਦੀ ਹੀ ਮੁੱਦਾ ਸੁਲਝਾਉਣ ਦਾ ਭਰੋਸਾ  ਦਿੱਤਾ ਹੈ।

Shyna

This news is Content Editor Shyna