ਨਾਜਾਇਜ਼ ਪੈਕਡ ਵਾਟਰ ਫੈਕਟਰੀ ''ਤੇ ਛਾਪਾ, ਮਸ਼ੀਨਾਂ ਸੀਲ

11/08/2017 6:14:39 AM

ਲੁਧਿਆਣਾ, (ਸਹਿਗਲ)- ਸਿਹਤ ਵਿਭਾਗ ਦੀ ਟੀਮ ਨੇ ਸਾਹਨੇਵਾਲ ਦੇ ਕੋਲ ਚੱਲ ਰਹੀ ਨਾਜਾਇਜ਼ ਪੈਕਡ ਵਾਟਰ ਫੈਕਟਰੀ 'ਤੇ ਛਾਪਾ ਮਾਰ ਕੇ ਉੱਥੇ ਲੱਗੀਆਂ ਮਸ਼ੀਨਾਂ ਨੂੰ ਨਾ ਸਿਰਫ ਸੀਲ ਕਰ ਦਿੱਤਾ ਬਲਕਿ ਉੱਥੇ ਪਈਆਂ ਪੈਕ ਕੀਤੇ ਪਾਣੀ ਦੀਆਂ 700 ਪੇਟੀਆਂ ਨਸ਼ਟ ਕਰਵਾ ਦਿੱਤੀਆਂ। ਜ਼ਿਲਾ ਸਿਹਤ ਅਧਿਕਾਰੀ ਦੀ ਅਗਵਾਈ ਵਿਚ ਛਾਪਾ ਮਾਰਨ ਵਾਲੀ ਟੀਮ ਵਿਚ ਸ਼ਾਮਲ ਫੂਡ ਸੇਫਟੀ ਅਫਸਰ ਯੋਗੇਸ਼ ਗੋਇਲ ਨੇ ਦੱਸਿਆ ਕਿ ਫੈਕਟਰੀ ਵਿਚ ਪਾਣੀ ਦੀ ਜਾਂਚ ਕਰਨ ਲਈ ਕੋਈ ਲੈਬ ਨਹੀਂ ਸੀ ਤੇ ਨਾ ਕੋਈ ਕੈਮਿਸਟ ਤਾਇਨਾਤ ਕੀਤਾ ਗਿਆ ਸੀ। ਇਸ ਤੋਂ ਇਲਾਵਾ ਨਾ ਤਾਂ ਫੈਕਟਰੀ ਮਾਲਕਾਂ ਵੱਲੋਂ ਲਾਇਸੈਂਸ ਲਿਆ ਗਿਆ ਸੀ। ਫੈਕਟਰੀ ਵਿਚ ਚਾਰੇ ਪਾਸੇ ਗੰਦਗੀ ਪੱਸਰੀ ਹੋਈ ਸੀ। ਜ਼ਿਲਾ ਸਿਹਤ ਅਧਿਕਾਰੀ ਨੇ ਦੱਸਿਆ ਕਿ ਮਸ਼ੀਨਾਂ ਨੂੰ ਸੀਲ ਕਰਨ ਤੋਂ ਇਲਾਵਾ ਪਾਣੀ ਦਾ ਇਕ ਸੈਂਪਲ ਜਾਂਚ ਦੇ ਲਈ ਭੇਜਿਆ ਜਾ ਰਿਹਾ ਹੈ। ਸਾਰੀ ਕਾਰਵਾਈ ਇਕ ਗੁਪਤ ਸੂਚਨਾ ਦੇ ਆਧਾਰ 'ਤੇ ਕੀਤੀ ਗਈ।