10 ਲੱਖ ਮਜ਼ਦੂਰਾਂ ਦੇ ਪਲਾਇਨ ਨਾਲ ਵਧੇਗਾ ਸੰਕਟ

05/06/2020 1:34:14 AM

ਜਲੰਧਰ: ਕੋਰੋਨਾ ਸੰਕਟ ਦਰਮਿਆਨ ਪੰਜਾਬ ਤੋਂ ਪਲਾਇਨ ਲਈ ਅਰਜ਼ੀ ਦਾਖਲ ਕਰਨ ਵਾਲੇ ਹੋਰ ਸੂਬਿਆਂ ਦੇ ਮਜ਼ਦੂਰਾਂ ਦੀ ਗਿਣਤੀ ਮੰਗਲਵਾਰ ਨੂੰ 10 ਲੱਖ ਪਾਰ ਕਰ ਗਈ ਹੈ। ਮੰਗਲਵਾਰ ਦੇਰ ਸ਼ਾਮ ਤੱਕ 1008018 ਲੋਕਾਂ ਨੇ ਪੰਜਾਬ ਤੋਂ ਬਾਹਰ ਜਾਣ ਲਈ ਅਰਜ਼ੀਆਂ ਦਾਖਲ ਕੀਤੀਆਂ ਹਨ। ਇਨ੍ਹਾਂ 'ਚੋਂ ਸਭ ਤੋਂ ਜਿਆਦਾ ਲੋਕ ਲੁਧਿਆਣੇ ਤੋਂ ਹਨ ਅਤੇ ਲੁਧਿਆਣੇ 'ਚ ਹੀ 5 ਲੱਖ 41 ਹਜ਼ਾਰ ਲੋਕਾਂ ਨੇ ਅਰਜ਼ੀ ਦਾਖਲ ਕੀਤੀ ਹੈ। ਇਨ੍ਹਾਂ ਪ੍ਰਵਾਸੀ ਮਜ਼ਦੂਰਾਂ ਦਾ ਪੰਜਾਬ ਦੇ ਆਰਥਿਕ ਵਿਕਾਸ 'ਚ ਅਹਿਮ ਯੋਗਦਾਨ ਹੈ ਅਤੇ ਖੇਤੀਬਾੜੀ ਤੋਂ ਲੈ ਕੇ ਇੰਡਸਟਰੀ ਅਤੇ ਸਰਵਿਸ ਸੈਕਟਰ ਦਾ ਕੰਮ ਇਨ੍ਹਾਂ ਪ੍ਰਵਾਸੀ ਮਜ਼ਦੂਰਾਂ ਦੇ ਦਮ 'ਤੇ ਚਲਦਾ ਹੈ। 2011 ਦੀ ਜਨਗਣਨਾ ਮੁਤਾਬਕ ਪੰਜਾਬ 'ਚ ਪ੍ਰਵਾਸੀ ਮਜ਼ਦੂਰਾਂ ਦੀ ਗਿਣਤੀ ਲਗਭਗ 25 ਲੱਖ ਸੀ ਅਤੇ ਪੰਜਾਬ ਪ੍ਰਵਾਸੀ ਮਜ਼ਦੂਰਾਂ ਲਈ ਅੱਠਵਾਂ ਪਸੰਦੀਦਾ ਸਥਾਨ ਹੈ ਅਤੇ ਦੇਸ਼ 'ਚ ਹੋਣ ਵਾਲੀ ਕੁੱਲ ਇੰਟਰਨਲ ਮਾਈਗ੍ਰੇਸ਼ਨ ਦਾ ਲਗਭਗ 6 ਫੀਸਦੀ ਹਿੱਸਾ ਪੰਜਾਬ 'ਚ ਆਉਂਦਾ ਹੈ।

ਪੰਜਾਬ 'ਚ ਵਾਪਸ ਲਿਆਉਣਾ ਹੋਵੇਗਾ ਵੱਡੀ ਚੁਣੌਤੀ
ਪੰਜਾਬ ਤੋਂ ਘਰ ਵਾਪਸੀ ਕਰ ਰਹੇ ਪ੍ਰਵਾਸੀ ਮਜ਼ਦੂਰਾਂ ਨੂੰ ਵਾਪਸ ਲਿਆਉਣ ਇਥੋਂ ਦੇ ਉੱਦਮੀਆਂ ਲਈ ਇੰਨਾ ਸੌਖਾਲਾ ਨਹੀਂ ਹੋਵੇਗਾ। 2011 ਜਨਗਣਨਾ ਰੁਝਾਨਾਂ ਤੋਂ ਸਪੱਸ਼ਟ ਹੁੰਦਾ ਹੈ ਕਿ ਦੇਸ਼ 'ਚ ਨੌਕਰੀ ਲਈ ਆਪਣਾ ਸੂਬਾ ਛੱਡਣ ਲਈ ਜਿਆਦਾਤਰ ਮਜ਼ਦੂਰ ਗੁਆਂਢੀ ਸੂਬੇ 'ਚ ਹੀ ਜਾਣ ਨੂੰ ਪਹਿਲ ਦਿੰਦੇ ਹਨ। ਦਿੱਲੀ ਅਤੇ ਮੁੰਬਈ ਵਰਗੇ ਸ਼ਹਿਰ ਮਜ਼ਦੂਰਾਂ ਦੇ ਪਸੰਦੀਦਾ ਹਨ। ਮਹਾਰਾਸ਼ਟਰ ਅਤੇ ਦਿੱਲੀ ਤੋਂ ਬਾਅਦ ਗੁਜਰਾਤ, ਮੱਧ ਪ੍ਰਦੇਸ਼, ਕਰਨਾਟਕ ਵਰਗੇ ਸੂਬਿਆਂ ਨੂੰ ਪਹਿਲ ਦਿੱਤੀ ਜਾਂਦੀ ਹੈ ਅਤੇ ਪੰਜਾਬ ਦਾ ਨੰਬਰ ਇਸ ਮਾਮਲੇ 'ਚ 8ਵੇਂ ਨੰਬਰ 'ਤੇ ਆਉਂਦਾ ਹੈ। ਲਿਹਾਜਾ ਜਿਸ ਰਫਤਾਰ ਨਾਲ ਪੰਜਾਬ ਤੋਂ ਮਜ਼ਦੂਰਾਂ ਦਾ ਪਲਾਇਨ ਹੋ ਰਿਹਾ ਹੈ। ਉਸ ਰਫਤਾਰ ਨਾਲ ਇਨ੍ਹਾਂ ਦੀ ਵਾਪਸੀ ਮੁਸ਼ਕਲ ਹੋਵੇਗੀ।

ਕਿਹੜੇ ਜ਼ਿਲੇ ਤੋਂ ਕਿੰਨੇ ਲੋਕਾਂ ਨੇ ਘਰ ਵਾਪਸੀ ਲਈ ਦਾਖਲ ਕੀਤੀ ਅਰਜ਼ੀ
ਅੰਮ੍ਰਿਤਸਰ 59053,ਬਰਨਾਲਾ 4490,ਬਠਿੰਡਾ 21360, ਫਰੀਦਕੋਟ 2820, ਫਤਹਿਗੜ੍ਹ ਸਾਹਿਬ 26792, ਫਾਜ਼ਿਲਕਾ 5939, ਫਿਰੋਜ਼ਪੁਰ 4499, ਗੁਰਦਾਸਪੁਰ 9878, ਹੁਸ਼ਿਆਰਪੁਰ 20909, ਜਲੰਧਰ 113147, ਕਪੂਰਥਲਾ 18388, ਲੁਧਿਆਣਾ 541349, ਮਾਨਸਾ 3872, ਮੋਗਾ 6649, ਪਠਾਨਕੋਟ 10314, ਪਟਿਆਲਾ 34242, ਰੂਪਨਗਰ 10141, ਮੋਹਾਲੀ 88887, ਸੰਗਰੂਰ 10687, ਨਵਾਂਸ਼ਹਿਰ 6146, ਮੁਕਤਸਰ 4686, ਤਰਨਤਾਰਨ 3770, ਅਤੇ ਕੁੱਲ 1008018 ਮਜ਼ਦੂਰਾਂ ਨੇ ਘਰ ਵਾਪਸੀ ਲਈ ਅਰਜ਼ੀ ਦਾਖਲ ਕੀਤੀ ਹੈ।

Deepak Kumar

This news is Content Editor Deepak Kumar