ਪਵਿੱਤਰ ਨਗਰੀ ''ਚ ਨਾਜਾਇਜ਼ ਕਬਜ਼ਿਆਂ ਦੀ ਭਰਮਾਰ

12/18/2017 7:26:41 AM

ਸੁਲਤਾਨਪੁਰ ਲੋਧੀ, (ਧੀਰ, ਸੋਢੀ)- ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ 2019 'ਚ ਆ ਰਿਹਾ ਹੈ, ਜਿਸ ਲਈ ਪੰਜਾਬ ਸਰਕਾਰ ਤੇ ਪ੍ਰਸ਼ਾਸਨ ਵਲੋਂ ਵੱਡੇ ਪੱਧਰ 'ਤੇ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਇਸੇ ਸਬੰਧ 'ਚ ਸੁਲਤਾਨਪੁਰ ਲੋਧੀ ਦੀ ਐੱਸ. ਡੀ. ਐੱਮ. ਡਾ. ਚਾਰੂਮਿਤਾ ਨੇ ਸੁਲਤਾਨਪੁਰ ਲੋਧੀ ਹਲਕੇ ਦੇ ਵਿਧਾਇਕ ਸ਼੍ਰੀ ਨਵਤੇਜ ਸਿੰਘ ਚੀਮਾ ਦੇ ਹੁਕਮਾਂ ਅਨੁਸਾਰ ਪਵਿੱਤਰ ਨਗਰੀ ਸੁਲਤਾਨਪੁਰ ਲੋਧੀ 'ਚ ਵੱਖ-ਵੱਖ ਥਾਵਾਂ 'ਤੇ ਕੀਤੇ ਗਏ ਨਾਜਾਇਜ਼ ਕਬਜ਼ੇ ਹਟਾਉਣ ਦੀ ਮੁਹਿੰਮ ਨਗਰ ਕੌਂਸਲ ਦੇ ਸਹਿਯੋਗ ਨਾਲ ਚਲਾਈ ਗਈ ਸੀ ਤੇ ਇਸੇ ਕੜੀ ਤਹਿਤ ਹੀ 10 ਦਿਨ ਪਹਿਲਾਂ ਪਾਵਨ ਨਗਰੀ ਦੀ ਹਦੂਦ 'ਚ ਤਲਵੰਡੀ ਪੁਲ ਤੋਂ ਪਾਰ ਮਿੰਨੀ ਬੱਸ ਸਟਾਪ ਦੇ ਨੇੜੇ ਨਾਜਾਇਜ਼ ਕਬਜ਼ਾ ਕਰਕੇ ਰੱਖੇ ਖੋਖਿਆਂ ਨੂੰ ਹਟਾਉਣ ਦੇ ਹੁਕਮ ਦਿੱਤੇ ਸਨ। 
ਪ੍ਰਸ਼ਾਸਨਿਕ ਅਧਿਕਾਰੀਆਂ ਦੇ ਹੁਕਮਾਂ 'ਤੇ ਕਾਰਵਾਈ ਕਰਦੇ ਹੋਏ ਨਗਰ ਕੌਂਸਲ ਅਮਲੇ ਵਲੋਂ ਤਲਵੰਡੀ ਰੋਡ 'ਤੇ ਸੜਕ ਕਿਨਾਰੇ ਲੱਗਦੀਆਂ ਰੇਹੜੀਆਂ ਤੇ ਕੁਝ ਹੋਰ ਆਰਜ਼ੀ ਦੁਕਾਨਾਂ ਵੀ ਰੋਡ ਤੋਂ ਹਟਵਾਈਆਂ ਸਨ ਪਰ ਦੋ ਦਿਨ ਬਾਅਦ ਹੀ ਫਿਰ ਤੋਂ ਦੁਬਾਰਾ ਲੋਕਾਂ ਉਸੇ ਤਰ੍ਹਾਂ ਹੀ ਨਾਜਾਇਜ਼ ਕਬਜ਼ੇ ਕਰ ਲਏ। ਪਵਿੱਤਰ ਨਗਰੀ ਦੇ ਪ੍ਰਮੁੱਖ ਪ੍ਰਵੇਸ਼ ਦਵਾਰ ਤਲਵੰਡੀ ਪੁਲ ਦੇ ਨਜ਼ਦੀਕ ਨਾਜਾਇਜ਼ ਕਬਜ਼ੇ ਕਰਕੇ ਬੇਤੁਕੇ ਢੰਗ ਨਾਲ ਰੱਖੇ ਹੋਏ ਲੱਕੜ ਦੇ ਖੋਖੇ ਜਿਥੇ ਸ਼ਹਿਰ ਦੀ ਸੁੰਦਰਤਾ 'ਚ ਵੱਡਾ ਅੜਿੱਕਾ ਹਨ, ਉਥੇ ਸਰਕਾਰ ਅਤੇ ਪ੍ਰਸ਼ਾਸਨ ਵਲੋਂ ਨਾਜਾਇਜ਼ ਕਬਜ਼ਿਆਂ ਖਿਲਾਫ ਆਰੰਭ ਕੀਤੀ  ਕਾਰਵਾਈ 'ਤੇ ਵੀ ਪ੍ਰਸ਼ਨ ਚਿੰਨ੍ਹ ਹਨ । 
ਇਕ ਹੋਰ ਵੀ ਹੈਰਾਨੀ ਵਾਲੀ ਗੱਲ ਵਾਪਰੀ ਕਿ ਪ੍ਰਸ਼ਾਸਨ ਵਲੋਂ ਨਾਜਾਇਜ਼ ਕਬਜ਼ੇ ਹਟਾਉਣ ਲਈ ਚਿਤਾਵਨੀ ਦਿੱਤੀ ਗਈ ਪਰ ਇਸ ਤੋਂ ਬਾਅਦ ਇਕ ਵਿਅਕਤੀ ਵਲੋਂ ਤਲਵੰਡੀ ਪੁਲ ਦੇ ਨੇੜੇ ਹੀ ਸੜਕ ਕਿਨਾਰੇ ਇਕ ਪੱਕਾ ਖੋਖਾ ਹੋਰ ਰੱਖਕੇ ਬਚਦੀ ਥਾਂ 'ਤੇ ਕਬਜ਼ਾ ਕਰ ਲਿਆ ਗਿਆ, ਜਿਸਦੀ ਇਥੇ ਕਾਫੀ ਚਰਚਾ ਹੋ ਰਹੀ ਹੈ। ਲੋਕ ਕਹਿ ਰਹੇ ਹਨ ਕਿ ਪ੍ਰਸ਼ਾਸਨ ਵਲੋਂ ਨਾਜਾਇਜ਼ ਕਬਜ਼ੇ ਹਟਾਉਣ ਦੀ ਮੁਹਿੰਮ ਸ਼ੁਰੂ ਕਰਵਾਈ ਗਈ ਹੈ ਕਿ ਹੋਰ ਕਬਜ਼ੇ ਕਰਾਉਣ ਦੀ?   ਇਕ ਪਾਸੇ ਪੰਜਾਬ ਸਰਕਾਰ ਤੇ ਪ੍ਰਸ਼ਾਸਨ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਆ ਰਹੇ 550ਵੇਂ ਪ੍ਰਕਾਸ਼ ਪੁਰਬ ਦੇ ਮੱਦੇਨਜ਼ਰ ਸ਼ਹਿਰ ਨੂੰ ਸੁੰਦਰ ਬਣਾਉਣ ਦੇ ਯਤਨ ਆਰੰਭੇ ਜਾ ਰਹੇ ਹਨ ਤੇ ਦੂਜੇ ਪਾਸੇ ਸ਼ਹਿਰ 'ਚ ਵੱਖ-ਵੱਖ ਥਾਵਾਂ 'ਤੇ ਲੋਕਾਂ ਵਲੋਂ ਨਾਜਾਇਜ਼ ਕਬਜ਼ੇ ਧੜਾਧੜ ਜਾਰੀ ਹਨ। ਕੁਝ ਦਿਨ ਪਹਿਲਾਂ ਸੁਲਤਾਨਪੁਰ ਲੋਧੀ ਦੇ ਇਕ ਬਾਜ਼ਾਰ 'ਚ ਕਾਂਗਰਸ ਪਾਰਟੀ ਦੇ ਇਕ ਸੀਨੀਅਰ ਆਗੂ ਵਲੋਂ ਵੀ ਆਪਣੀ ਦੁਕਾਨ ਦੇ ਮੂਹਰੇ ਲੈਂਟਰ 'ਚ ਗਾਡਰ ਪਾ ਕੇ ਚਾਰ ਪੰਜ ਫੁੱਟ ਸੜਕ 'ਚ ਨਾਜਾਇਜ਼ ਕਬਜ਼ਾ ਕਰਨ ਦੀ ਵੱਡੇ ਪੱਧਰ 'ਤੇ ਚਰਚਾ ਹੋ ਰਹੀ ਹੈ, ਜਿਸ ਬਾਰੇ ਨਗਰ ਕੌਂਸਲ ਕਮੇਟੀ ਤੇ ਪ੍ਰਸ਼ਾਸਨ ਵੀ ਚੰਗੀ ਤਰ੍ਹਾਂ ਜਾਣੂੰ ਹੈ ਪਰ ਜਾਣ ਬੁੱਝ ਕੇ ਅਣਜਾਣ ਬਣ ਰਹੀ ਹੈ। ਇਸ ਤੋਂ ਇਲਾਵਾ ਸ਼ਹਿਰ ਦੀ ਗੁਰੂ ਨਾਨਕ ਕਾਲੋਨੀ 'ਚ ਬਿਨਾਂ ਨਕਸ਼ਾ ਪਾਸ ਕਰਵਾਏ ਬੇਤਰਤੀਬੇ ਢੰਗ ਨਾਲ ਉਸਾਰੀ ਕੀਤੀ ਜਾ ਰਹੀ ਹੈ, ਜਿਸ ਨਾਲ ਸ਼ਹਿਰ ਦੀ ਸੁੰਦਰਤਾ ਵਿਗੜ ਰਹੀ ਹੈ। ਸਥਾਨਕ ਸ਼ਹਿਰ ਵਾਸੀਆਂ ਦੀ ਹਲਕਾ ਸੁਲਤਾਨਪੁਰ ਲੋਧੀ ਦੇ ਵਿਧਾਇਕ ਸ਼੍ਰੀ ਨਵਤੇਜ ਸਿੰਘ ਚੀਮਾ ਤੋਂ ਮੰਗ ਕੀਤੀ ਹੈ ਕਿ ਸ਼ਹਿਰ 'ਚ ਨਾਜਾਇਜ਼ ਕਬਜ਼ਿਆਂ ਵਿਰੁਧ ਮੁਹਿੰਮ ਪਾਰਦਰਸ਼ੀ ਢੰਗ ਨਾਲ ਚਲਾਈ ਜਾਵੇ ਤੇ ਤਲਵੰਡੀ ਪੁਲ ਦੇ ਨੇੜੇ ਨਾਜਾਇਜ਼ ਕਬਜ਼ੇ ਖ਼ਤਮ ਕਰਵਾਏ ਜਾਣ ਤਾਂ ਜੋ ਸ਼ਹਿਰ ਦੀ ਦਿੱਖ ਨੂੰ ਸੁੰਦਰ ਬਣਾਇਆ ਜਾ ਸਕੇ।