ਆਬਕਾਰੀ ਵਿਭਾਗ ਵੱਲੋਂ ਭਾਰੀ ਮਾਤਰਾ 'ਚ ਨਾਜਾਇਜ਼ ਸ਼ਰਾਬ ਬਰਾਮਦ

01/16/2018 1:01:05 PM

ਜਲੰਧਰ(ਪਾਹਵਾ)— ਗੈਰ ਕਾਨੂੰਨੀ ਢੰਗ ਨਾਲ ਵੇਚੀ ਜਾ ਰਹੀ ਸਰਾਬ ਦੇ ਇਕ ਵੱਡੇ ਮਾਮਲੇ ਦਾ ਖੁਲਾਸਾ ਹੋਇਆ ਹੈ। ਸ਼ਰਾਬ ਸਿੰਡੀਕੇਟ ਦੇ ਲੋਕਾਂ ਨੇ ਆਬਕਾਰੀ ਵਿਭਾਗ ਦੀ ਮਦਦ ਨਾਲ ਸ਼ਹਿਰ 'ਚ ਲਿਆਂਦੀ ਜਾ ਰਹੀ ਗੈਰ ਕਾਨੂੰਨੀ ਸ਼ਰਾਬ ਦੀ ਭਾਰੀ ਖੇਪ ਕਬਜ਼ੇ 'ਚ ਲੈ ਲਈ ਹੈ, ਜਿਸ ਨੂੰ ਪੁਲਸ ਥਾਣਾ ਡਿਵੀਜ਼ਨ ਨੰਬਰ ਇਕ ਨੂੰ ਸੌਂਪ ਦਿੱਤਾ ਗਿਆ ਹੈ। ਪੁਲਸ ਨੇ ਮਾਮਲੇ 'ਚ ਐੱਫ. ਆਈ. ਆਰ. ਦਰਜ ਕਰ ਲਈ ਹੈ। 
ਮਿਲੀ ਜਾਣਕਾਰੀ ਮੁਤਾਬਕ ਮਕਸੂਦਾਂ ਦੇ ਕੋਲ ਆਬਕਾਰੀ ਵਿਭਾਗ ਨੇ ਨਾਕਾ ਲਗਾ ਰੱਖਿਆ ਸੀ। ਨਾਕੇ ਦੌਰਾਨ ਇਕ ਟਾਟਾ 407 ਨੂੰ ਰੋਕਿਆ। ਗੱਡੀ ਦੇ ਰੁੱਕਦੇ ਹੀ ਉਸ ਦਾ ਡਰਾਈਵਰ ਫਰਾਰ ਹੋ ਗਿਆ। ਗੱਡੀ ਦੀ ਜਦੋਂ ਤਲਾਸ਼ੀ ਲਈ ਗਈ ਤਾਂ ਉਸ 'ਚੋਂ ਭਾਰੀ ਮਾਤਰਾ 'ਚ ਸ਼ਰਾਬ ਬਰਾਮਦ ਕੀਤੀ ਗਈ। ਜਾਣਕਾਰੀ ਮਿਲੀ ਹੈ ਕਿ ਇਹ ਸ਼ਰਾਬ ਗੈਰ ਕਾਨੂੰਨੀ ਤੌਰ 'ਤੇ ਸ਼ਹਿਰ 'ਚ ਵੇਚਣ ਲਈ ਲਿਆਂਦੀ ਜਾ ਰਹੀ ਸੀ। ਗੱਡੀ 'ਚ ਇਕ ਹੀ ਬੈਚ ਵਾਲੀ ਸ਼ਰਾਬ ਬਰਾਮਦ ਕੀਤੀ ਗਈ, ਜਿਸ 'ਚ ਵੱਖ-ਵੱਖ ਤੌਰ ਬਰਾਂਡ ਦੀ ਸ਼ਰਾਬ ਹੈ। ਬਰਾਮਦ ਕੀਤੀ ਗਈ ਸ਼ਰਾਬ 'ਚ ਅਕਾਲੀ ਦਲ ਦੇ ਇਕ ਸਾਬਕਾ ਵਿਧਾਇਕ ਦੀ ਡਿਸਟਿਲਰੀ 'ਚ ਤਿਆਰ ਕੀਤੀ ਗਈ ਸ਼ਰਾਬ ਵੀ ਸ਼ਾਮਲ ਹੈ। 


ਸੂਤਰਾਂ ਤੋਂ ਇਹ ਵੀ ਜਾਣਕਾਰੀ ਮਿਲੀ ਹੈ ਕਿ ਆਬਕਾਰੀ ਵਿਭਾਗ ਨੂੰ ਜੋ ਸ਼ਰਾਬ ਬਰਾਮਦ ਹੋਈ ਹੈ, ਉਸੇ ਬੈਚ ਨੰਬਰ ਦੀ ਹੋਰ ਵੀ ਸ਼ਰਾਬ ਅੰਮ੍ਰਿਤਸਰ ਦੇ ਕੋਲ ਮਹਿਤਾ 'ਚ ਇਕ ਠੇਕੇ 'ਤੇ ਬਰਾਮਦ ਕੀਤੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਜਲੰਧਰ 'ਚ ਜੋ ਸ਼ਰਾਬ ਫੜੀ ਗਈ ਹੈ, ਉਹ ਸ਼ਰਾਬ ਇਸੇ ਠੇਕੇ ਤੋਂ ਲਿਆਂਦੀ ਗਈ ਸੀ। ਆਬਕਾਰੀ ਵਿਭਾਗ ਹੁਣ ਇਸ ਸ਼ਰਾਬ ਦੀ ਜਾਂਚ ਕਰ ਰਿਹਾ ਹੈ ਤਾਂਕਿ ਪਤਾ ਲੱਗ ਸਕੇ ਕਿ ਲੁਧਿਆਣਾ ਅਤੇ ਬਠਿੰਡਾ ਦੇ ਬੈਚ ਨੰਬਰ ਦੀ ਸ਼ਰਾਬ ਜਲੰਧਰ 'ਚ ਕਿਵੇਂ ਪਹੁੰਚਾਈ ਜਾ ਰਹੀ ਸੀ। ਆਬਕਾਰੀ ਵਿਭਾਗ ਨੇ ਮਹਿਤਾ 'ਚ ਠੇਕੇ 'ਤੇ ਵੀ ਬਰਾਮਦ ਸ਼ਰਾਬ ਨੂੰ ਕਬਜ਼ੇ 'ਚ ਲੈ ਲਿਆ ਹੈ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ।