ਸ਼ਾਮ ਪੈਂਦੇ ਹੀ ਢਾਬਿਆਂ ''ਤੇ ਸ਼ੁਰੂ ਹੋ ਜਾਂਦਾ ਹੈ ਸ਼ਰਾਬ ਪਿਲਾਉਣ ਦਾ ਸਿਲਸਿਲਾ, ਜਿਊਣਾ ਹੋਇਆ ਮੋਹਾਲ

12/18/2017 1:35:33 PM

ਕਪੂਰਥਲਾ (ਗੌਰਵ)— ਆਬਕਾਰੀ ਵਿਭਾਗ ਦੀ ਸੁਸਤ ਕਾਰਜਪ੍ਰਣਾਲੀ ਦੇ ਕਾਰਨ ਸ਼ਹਿਰ 'ਚ ਸ਼ਾਮ ਪੈਂਦੇ ਹੀ ਸੜਕ ਕਿਨਾਰੇ ਬਣੇ ਕਈ ਢਾਬਿਆਂ 'ਚ ਜਿੱਥੇ ਸ਼ਰੇਆਮ ਨਾਜਾਇਜ਼ ਤੌਰ 'ਤੇ ਸ਼ਰਾਬ ਪਿਲਾਉਣ ਦਾ ਸਿਲਸਿਲਾ ਸ਼ੁਰੂ ਹੋ ਜਾਂਦਾ ਹੈ, ਉਥੇ ਹੀ ਸਰਕਾਰ ਦੇ ਆਬਕਾਰੀ ਰੈਵੇਨਿਊ ਨੂੰ ਭਾਰੀ ਨੁਕਸਾਨ ਪਹੁੰਚਾਉਣ ਵਾਲੇ ਇਨ੍ਹਾਂ ਢਾਬਿਆਂ 'ਚ ਸ਼ਰਾਬ ਪੀਣ ਵਾਲੇ ਜ਼ਿਆਦਾਤਰ ਲੋਕਾਂ ਦੇ ਸ਼ੱਕੀ ਹੋਣ ਦੇ ਕਾਰਨ ਇਨ੍ਹਾਂ ਖੇਤਰਾਂ 'ਚ ਕਈ ਵਾਰ ਲੜਾਈ-ਝਗੜਾ ਹੋਣ ਦੇ ਸਿੱਟੇ ਵੱਜੋਂ ਮਾਹੌਲ ਵੀ ਖਰਾਬ ਹੋਣ ਦਾ ਡਰ ਬਣਿਆ ਰਹਿੰਦਾ ਹੈ, ਜਿਸ ਕਾਰਨ ਇਨ੍ਹਾਂ ਖੇਤਰਾਂ 'ਚ ਰਹਿੰਦੇ ਲੋਕਾਂ ਦਾ ਜਿਊਣਾ ਮੋਹਾਲ ਹੋ ਗਿਆ ਹੈ। 
ਲੰਬੇ ਸਮੇਂ ਤੋਂ ਚਲ ਰਿਹਾ ਹੈ ਸ਼ਰਾਬ ਪਿਲਾਉਣ ਦਾ ਸਿਲਸਿਲਾ
ਸ਼ਹਿਰ ਦੇ ਕਈ ਢਾਬਾ ਮਾਲਕਾਂ ਦਾ ਨਾਜਾਇਜ਼ ਸ਼ਰਾਬ ਪਿਲਾਉਣ ਦੀ ਆਦਤ ਲੰਬੇ ਸਮੇਂ ਤੋਂ ਚਲ ਰਹੀ ਹੈ। ਇਨ੍ਹਾਂ ਢਾਬਿਆਂ 'ਚ ਪਿਛਲੇ ਇਕ ਦਹਾਕੇ ਤੋਂ ਰਾਤ ਹੁੰਦੇ ਹੀ ਗੱਡੀਆਂ ਅਤੇ ਸਕੂਟਰਾਂ 'ਤੇ ਅਜਿਹੇ ਵਿਅਕਤੀ ਆਉਣੇ ਸ਼ੁਰੂ ਹੋ ਜਾਂਦੇ ਹਨ ਜੋ ਤਕਰੀਬਨ ਹਰ ਰੋਜ਼ ਆਪਣੀ ਸ਼ਰਾਬ ਪੀਣ ਦੀ ਆਦਤ ਨੂੰ ਪੂਰਾ ਕਰਨ ਲਈ ਸ਼ਰੇਆਮ ਇਨ੍ਹਾਂ ਢਾਬਿਆਂ 'ਚ ਬਣੇ ਬੈਂਚਾਂ ਉਪਰ ਬੈਠ ਕੇ ਸ਼ਰਾਬ ਪੀਂਦੇ ਹਨ। ਜਿਸ ਦਾ ਪੂਰਾ ਨਜ਼ਾਰਾ ਇਨ੍ਹਾਂ ਢਾਬਿਆਂ ਦੇ ਆਸ-ਪਾਸ ਦੇ ਖੇਤਰਾਂ ਵਿਚ ਰਹਿੰਦੇ ਲੋਕਾਂ ਨੂੰ ਸਾਫ ਵੇਖਣ ਨੂੰ ਮਿਲਦਾ ਹੈ। ਮੋਟੇ ਲਾਲਚ ਦੇ ਕਾਰਨ ਇਨ੍ਹਾਂ ਢਾਬਾ ਮਾਲਕਾਂ ਵਲੋਂ ਜਿਥੇ ਸ਼ਰਾਬ ਪਿਲਾਉਣ ਲਈ ਲੋਕਾਂ ਨੂੰ ਰੋਕਿਆ ਵੀ ਨਹੀਂ ਜਾਂਦਾ ਉਥੇ ਹੀ ਕੁਝ ਢਾਬਾ ਮਾਲਕਾਂ ਨੇ ਤਾਂ ਆਪਣੇ ਵਲੋਂ ਵੀ ਸ਼ਰਾਬ ਖਰੀਦ ਕੇ ਇਥੇ ਆਉਣ ਵਾਲੇ ਗਾਹਕਾਂ ਨੂੰ ਦੇਣ ਦਾ ਸਿਲਸਿਲਾ ਸ਼ੁਰੂ ਕੀਤਾ ਹੋਇਆ ਹੈ ਜੋ ਕਿਤੇ ਨਾ ਕਿਤੇ ਇਨ੍ਹਾਂ ਢਾਂਬਾ ਮਾਲਕਾਂ ਦੀ ਮਨਮਾਨੀ ਵਲ ਇਸ਼ਾਰਾ ਕਰ ਰਿਹਾ ਹੈ। 'ਜਗ ਬਾਣੀ' ਨੇ ਬੀਤੀ ਰਾਤ ਜਦੋਂ ਸ਼ਹਿਰ ਦੇ ਵੱਖ-ਵੱਖ ਖੇਤਰਾਂ ਨਕੋਦਰ ਰੋਡ, ਨਵੀਂ ਸਬਜ਼ੀ ਮੰਡੀ ਦੇ ਆਸ-ਪਾਸ, ਸੁਲਤਾਨਪੁਰ ਲੋਧੀ ਮਾਰਗ, ਕਰਤਾਰਪੁਰ ਮਾਰਗ, ਕਾਂਜਲੀ ਮਾਰਗ ਅਤੇ ਅੰਮ੍ਰਿਤਸਰ ਮਾਰਗ ਦਾ ਦੌਰਾ ਕੀਤਾ ਤਾਂ ਵੱਡੀ ਗਿਣਤੀ 'ਚ ਢਾਬਾ ਮਾਲਕਾਂ ਅਤੇ ਰੇਹੜੀ ਵਾਲਿਆਂ ਵਲੋਂ ਲੋਕਾਂ ਨੂੰ ਸ਼ਰੇਆਮ ਸ਼ਰਾਬ ਪਿਲਾਉਣ ਦਾ ਦੌਰ ਵੇਖਣ ਨੂੰ ਮਿਲਿਆ। ਜਿਸ ਦੌਰਾਨ ਸ਼ਰਾਬ ਪੀ ਰਹੇ ਲੋਕਾਂ ਦੀ ਆਪਸੀ ਬਹਿਸ ਵੀ ਮਾਹੌਲ ਨੂੰ ਕਾਫੀ ਖਰਾਬ ਕਰਦੀ ਵੇਖਣ ਨੂੰ ਮਿਲੀ। 


ਸਿਰਫ ਕਾਗਜ਼ਾਂ ਤਕ ਸੀਮਤ ਹੈ ਆਬਕਾਰੀ ਵਿਭਾਗ ਦੀ ਮੁਹਿੰਮ
ਜੇਕਰ ਆਬਕਾਰੀ ਵਿਭਾਗ ਦੀ ਮੁਹਿੰਮ ਵੱਲ ਝਾਤੀ ਮਾਰੀਏ ਤਾਂ ਇਹ ਮੁਹਿੰਮ ਸਿਰਫ ਕਾਗਜ਼ਾਂ ਤਕ ਹੀ ਸੀਮਤ ਆਉਂਦੀ ਹੈ, ਇਨ੍ਹਾਂ ਖੇਤਰਾਂ 'ਚ ਰਹਿੰਦੇ ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਪਿਛਲੇ ਲੰਬੇ ਸਮੇਂ ਤੋਂ ਬੇਹੱਦ ਘੱਟ ਮੌਕਿਆਂ 'ਤੇ ਆਬਕਾਰੀ ਵਿਭਾਗ ਦੀ ਇਨ੍ਹਾਂ ਢਾਬਿਆਂ 'ਚ ਸ਼ਰਾਬ ਪੀ ਰਹੇ ਲੋਕਾਂ ਨੂੰ ਰੋਕਣ ਵਾਸਤੇ ਕੋਈ ਮੁਹਿੰਮ ਚਲਦੀ ਦੇਖੀ ਹੈ। ਆਮ ਤੌਰ 'ਤੇ ਤਾਂ ਇੰਝ ਲੱਗਦਾ ਹੈ ਕਿ ਜਿਵੇ ਇਨ੍ਹਾਂ ਢਾਬਾ ਮਾਲਕਾਂ ਨੂੰ ਆਬਕਾਰੀ ਵਿਭਾਗ ਦਾ ਕੋਈ ਡਰ ਹੀ ਨਹੀਂ ਹੈ। ਜਿਸ ਕਾਰਨ ਜਿੱਥੇ ਕਰੋੜਾਂ ਰੁਪਏ ਦੀ ਰਕਮ ਖਰਚ ਕੇ ਸਰਕਾਰੀ ਸ਼ਰਾਬ ਦੇ ਠੇਕੇ ਲੈਣ ਵਾਲੇ ਠੇਕੇਦਾਰਾਂ ਨੂੰ ਤੇ ਉਥੇ ਹੀ ਸਰਕਾਰੀ ਖਜ਼ਾਨੇ ਨੂੰ ਵੀ ਭਾਰੀ ਨੁਕਸਾਨ ਹੋ ਰਿਹਾ ਹੈ। ਜੋ ਕਿਤੇ ਨਾ ਕਿਤੇ ਆਬਕਾਰੀ ਵਿਭਾਗ ਦੀ ਬੇਹੱਦ ਢਿੱਲੀ ਕਾਰਜਪ੍ਰਣਾਲੀ ਦੀ ਮਿਸਾਲ ਹੈ।
ਕੀ ਕਹਿੰਦੇ ਹਨ ਸਹਾਇਕ ਕਮਿਸ਼ਨਰ ਆਬਕਾਰੀ
ਇਸ ਸਬੰਧੀ ਜਦੋਂ ਸਹਾਇਕ ਕਮਿਸ਼ਨਰ ਆਬਕਾਰੀ ਪਵਨਜੀਤ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਸ਼ਹਿਰ 'ਚ ਕਿਸੇ ਕੀਮਤ 'ਤੇ ਵੀ ਕੁਝ ਢਾਬਾ ਮਾਲਕਾਂ ਵੱਲੋਂ ਨਾਜਾਇਜ਼ ਤੌਰ 'ਤੇ ਸ਼ਰਾਬ ਪਿਲਾਉਣ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਸ ਸਬੰਧੀ ਇਕ ਵੱਡੀ ਮੁਹਿੰਮ ਚਲਾਈ ਜਾਵੇਗੀ।