ਪਿੰਡ ਡੱਬਵਾਲੀ ਢਾਬ ਵਿਖੇ ਆਧੁਨਿਕ ਢੰਗ ਨਾਲ ਕੱਢੀ ਜਾ ਰਹੀ ਸੀ ਨਜਾਇਜ਼ ਸ਼ਰਾਬ, ਪੁਲਸ ਨੇ ਕੀਤੀ ਰੇਡ

08/05/2023 11:40:44 AM

ਮਲੋਟ (ਸ਼ਾਮ ਜੁਨੇਜਾ) : ਪੰਜਾਬ ਅੰਦਰ ਨਸ਼ਿਆਂ ਵਿਰੁੱਧ ਵਿੱਢੀ ਜ਼ੋਰਦਾਰ ਮੁਹਿੰਮ ਨੂੰ ਉਸ ਵੇਲੇ ਸਫ਼ਲਤਾ ਮਿਲੀ ਜਦੋਂ ਮਲੋਟ ਐਕਸਾਈਜ਼ ਪੁਲਸ ਅਤੇ ਥਾਣਾ ਕਬਰਵਾਲਾ ਦੀ ਪੁਲਸ ਦੀ ਸਾਂਝੀ ਕਾਰਵਾਈ ਤਹਿਤ ਪਿੰਡ ਡੱਬਵਾਲੀ ਢਾਬ ਵਿਖੇ ਇਕ ਘਰ  ਵਿਚ ਆਧੁਨਿਕ ਤਰੀਕੇ ਬਿਜਲੀ ਦੀਆਂ ਭੱਠੀਆਂ ਤੇ ਹੋਰ ਸਾਜੋ-ਸਮਾਨ ਨਾਲ ਤਿਆਰ ਕੀਤੀ ਜਾ ਰਹੀ ਨਜਾਇਜ਼ ਸ਼ਰਾਬ ਦੇ ਜ਼ਖੀਰੇ ਨੂੰ ਬਰਾਮਦ ਕੀਤਾ ਹੈ। ਪੁਲਸ ਨੇ ਇਸ ਮਾਮਲੇ ਵਿਚ ਕਥਿਤ ਦੋਸ਼ੀ ਨੂੰ ਵੀ ਗ੍ਰਿਫਤਾਰ ਕਰ ਲਿਆ ਹੈ।  ਇਸ ਸਬੰਧੀ ਥਾਣਾ ਮੁੱਖ ਅਫ਼ਸਰ ਐੱਸ. ਆਈ. ਸੁਖਦੇਵ ਸਿੰਘ ਢਿੱਲੋਂ ਅਤੇ ਐਕਸਾਈਜ਼ ਇੰਸਪੈਕਟਰ ਨਿਰਮਲ ਸਿੰਘ ਅਤੇ ਐਕਸਾਈਜ਼ ਇੰਸਪੈਕਟਰ ਗੁਰਵਿੰਦਰ ਸਿੰਘ ਸੰਧੂ ਦੀ ਅਗਵਾਈ ਹੇਠ ਸਾਂਝੀ ਕਾਰਵਾਈ ਤਹਿਤ ਪੁਲਸ ਨੇ ਮੁਖਬਰੀ ਦੇ ਆਧਾਰ ’ਤੇ ਕਾਰਵਾਈ ਕਰਕੇ ਵਿਸ਼ਾਲਦੀਪ ਸਿੰਘ ਪੁੱਤਰ ਅਮਰੀਕ ਸਿੰਘ ਵਾਸੀ ਗੁਰੂਸਰ ਰੋਡ ਢਾਣੀ ਡੱਬਵਾਲੀ ਢਾਬ ਵਿਖੇ ਛਾਪੇਮਾਰੀ ਕੀਤੀ। ਜਿਥੇ ਉਕਤ ਵਿਅਕਤੀ ਵੱਲੋਂ ਘਰ ਵਿਚ ਬਿਜਲੀ ਦੇ ਹੀਟਰਾਂ ਅਤੇ ਰੈਡੀਐਟਰਾਂ, ਐਕਜਸਟ ਪੱਖਿਆਂ ਅਤੇ ਡਰੰਮਾਂ ਨਾਲ ਵੱਖ-ਵੱਖ ਤਿੰਨ ਭੱਠੀਆਂ ਤੇ ਆਧੁਨਿਕ ਤਰੀਕੇ ਨਾਲ ਨਜਾਇਜ਼ ਸ਼ਰਾਬ ਬਨਾਈ ਜਾ ਰਹੀ ਸੀ।

ਉਕਤ ਵਿਅਕਤੀ ਵੱਲੋਂ ਸਾਰਾ ਪ੍ਰਬੰਧ ਆਟੋਮੈਟਿਕ ਤਰੀਕੇ ਨਾਲ ਚਲਾਇਆ ਜਾ ਰਿਹਾ ਸੀ। ਇਸ ਮੌਕੇ ਪੁਲਸ ਨੇ ਉਕਤ ਫੈਕਟਰੀ ਵਿਚੋਂ ਡਰੱਮ, ਹੀਟਰ, ਰੈਡੀਅੇਟਰ ਤੇ ਸਾਜੋ ਸਮਾਨ ਤੋਂ ਇਲਾਵਾ 3 ਚਾਲੂ ਭੱਠੀਆਂ, 1600 ਲਿਟਰ ਲਾਹਣ ਅਤੇ 600 ਲਿਟਰ ਨਜਾਇਜ਼ ਸ਼ਰਾਬ ਵੀ ਬਰਾਮਦ ਕੀਤੀ। ਲਾਹਣ ਅਤੇ ਸ਼ਰਾਬ ਜਿਥੇ ਡਰੰਮਾਂ ਵਿਚ ਸੀ ਉਥੇ 6-6 ਬੋਤਲਾਂ ਨਜਾਇਜ਼ ਸ਼ਰਾਬ ਦੀ ਪਲਾਸਟਿਕ ਦੀਆਂ ਥੈਲੀਆਂ ਵਿਚ ਪੈਕਿੰਗ ਕੀਤੀ ਹੋਈ। ਜਿਨ੍ਹਾਂ ਦੀ ਸਪਲਾਈ ਪਿੰਡ ਗੁਰੂਸਰ , ਡੱਬਵਾਲੀ ਢਾਬ ਪੱਕੀ ਸਮੇਤ ਦਰਜਨਾਂ ਆਸਪਾਸ ਦੇ ਪਿੰਡਾਂ ਵਿਚ ਕਰਦਾ ਸੀ। ਸਭ ਤੋਂ ਵੱਡੀ ਗੱਲ ਕਿ ਦਿਨ ਰਾਤ ਚੱਲ ਰਹੀਆਂ ਬਿਜਲੀ ਦੀਆਂ ਭੱਠੀਆਂ ਲਈ ਬਿਜਲੀ ਵੀ ਚੋਰੀ ਕਰਦਾ ਸੀ। ਪੁਲਸ ਨੇ ਉਕਤ ਵਿਅਕਤੀ ਨੂੰ ਹਿਰਾਸਤ ਵਿਚ ਲੈ ਕੇ ਉਸਦੇ ਵਿਰੁੱਧ ਥਾਣਾ ਕਬਰਵਾਲਾ ਵਿਖੇ ਐੱਫ. ਆਈ. ਆਰ. ਨੰਬਰ 111 ਮਿਤੀ 4/8/23 ਅ/ਧ 61-1/14 ਐਕਸਾਈਜ਼ ਐਕਟ ਤਹਿਤ ਮੁਕੱਦਮਾਂ ਦਰਜ ਕਰ ਲਿਆ ਹੈ। ਪੁਲਸ ਵੱਲੋਂ ਕਾਬੂ ਦੋਸ਼ੀ ਨੂੰ ਅਦਾਲਤ ਵਿਚ ਪੇਸ਼ ਕੀਤਾ ਜਾਵੇਗ। ਜ਼ਿਕਰਯੋਗ ਹੈ ਕਿ ਲੰਬੀ ਵਿਧਾਨ ਸਭਾ ਹਲਕੇ ਵਿਚ ਕਰੀਬ ਦੋ ਸਾਲ ਪਹਿਲਾਂ ਪਿੰਡ ਬਾਦਲ ਵਿਖੇ ਇਕ ਅਕਾਲੀ ਆਗੂ ਦੇ ਬਾਗ ਵਿਚ ਬਣੀ ਨਜਾਇਜ ਸ਼ਰਾਬ ਦੀ ਫੈਕਟਰੀ ਤੋਂ ਬਾਅਦ ਆਬਕਾਰੀ ਵਿਭਾਗ ਤੇ ਪੁਲਸ ਦੀ ਇਹ ਵੱਡੀ ਕਾਮਯਾਬੀ ਹੈ। ਹਾਲਾਂਕਿ ਪਿੰਡ ਬਾਦਲ ਵਾਲੇ ਮਾਮਲੇ ਵਿਚ ਸਿਆਸੀ ਭਾਰ ਪੈਣ ਕਰਕੇ ਕਈ ਪ੍ਰਭਾਵਸ਼ਾਲੀ ਲੋਕਾਂ ਨੂੰ ਕਾਰਵਾਈ ਤੋਂ ਪਾਸੇ ਹੀ ਰੱਖਿਆ ਗਿਆ ਸੀ। 

Gurminder Singh

This news is Content Editor Gurminder Singh