ਨਵਜੋਤ ਸਿੱਧੂ ਦੇ ਜਾਂਦਿਆਂ ਹੀ ਨਾਜਾਇਜ਼ ਕਾਲੋਨੀਆਂ ਦੇ ਕੰਮ ''ਚ ਆਈ ਤੇਜ਼ੀ

06/26/2019 11:31:50 AM

ਜਲੰਧਰ (ਖੁਰਾਣਾ)— ਕ੍ਰਿਕਟਰ ਤੋਂ ਰਾਜਨੇਤਾ ਬਣੇ ਨਵਜੋਤ ਸਿੰਘ ਸਿੱਧੂ ਦੇ ਸਿਤਾਰੇ ਇਨ੍ਹੀਂ ਦਿਨੀਂ ਭਾਵੇਂ ਗਰਦਿਸ਼ 'ਚ ਚੱਲ ਰਹੇ ਹਨ ਪਰ ਜਲੰਧਰ 'ਚ ਉਨ੍ਹਾਂ ਨੇ ਬਤੌਰ ਲੋਕਲ ਬਾਡੀਜ਼ ਮੰਤਰੀ ਆਪਣੀ ਜੋ ਦਹਿਸ਼ਤ ਕਾਇਮ ਕੀਤੀ ਸੀ, ਉਸ ਨਾਲ ਨਾਜਾਇਜ਼ ਕਾਲੋਨੀਆਂ ਦੇ ਕੰਮ 'ਚ ਕੁਝ ਕਮੀ ਜ਼ਰੂਰ ਆਈ ਸੀ। ਹੁਣ ਸਿਆਸੀ ਕਾਰਨਾਂ ਕਾਰਨ ਨਵਜੋਤ ਸਿੱਧੂ ਨੂੰ ਲੋਕਲ ਬਾਡੀਜ਼ ਮੰਤਰੀ ਦੇ ਅਹੁਦੇ ਤੋਂ ਹਟਾਇਆ ਜਾ ਚੁੱਕਾ ਹੈ ਅਤੇ ਉਨ੍ਹਾਂ ਦੀ ਥਾਂ 'ਤੇ ਬ੍ਰਹਮ ਮਹਿੰਦਰਾ ਨੇ ਲੋਕਲ ਬਾਡੀਜ਼ ਮੰਤਰਾਲਾ ਦਾ ਜ਼ਿੰਮਾ ਸੰਭਾਲ ਲਿਆ ਹੈ। ਸਿੱਧੂ ਦੇ ਮੰਤਰੀ ਅਹੁਦੇ ਤੋਂ ਹਟਦਿਆਂ ਹੀ ਜਲੰਧਰ 'ਚ ਨਾਜਾਇਜ਼ ਕਾਲੋਨੀਆਂ ਕੱਟਣ ਦਾ ਸਿਲਸਿਲਾ ਇਕਦਮ ਤੇਜ਼ ਹੋ ਗਿਆ। ਕਈ ਏਕੜਾਂ 'ਚ ਨਾਜਾਇਜ਼ ਕਾਲੋਨੀ ਕੱਟੇ ਜਾਣ ਦੀ ਤਾਜ਼ੀ ਘਟਨਾ ਰਾਮਾ ਮੰਡੀ ਤੋਂ ਢਿੱਲਵਾਂ ਜਾਂਦੀ ਸੜਕ ਕਿਨਾਰੇ ਬਣੇ ਗੁਰੂ ਅੰਗਦ ਦੇਵ ਸਕੂਲ ਦੇ ਸਾਹਮਣੇ ਦੀ ਹੈ, ਜਿੱਥੇ ਇਨ੍ਹੀਂ ਦਿਨੀਂ ਧੜੱਲੇ ਨਾਲ ਨਾਜਾਇਜ਼ ਕਾਲੋਨੀ ਦੀ ਪਲਾਟਿੰਗ ਕੀਤੀ ਜਾ ਰਹੀ ਹੈ ਅਤੇ ਦਰਜਨਾਂ ਦੇ ਹਿਸਾਬ ਨਾਲ ਉਥੇ ਲੇਬਰ ਲੱਗੀ ਹੋਈ ਹੈ। ਇਥੇ ਖੇਤਾਂ 'ਚੋਂ ਸੜਕਾਂ ਕੱਢ ਕੇ ਕਾਲੋਨੀ ਡਿਵੈਲਪ ਕੀਤੀ ਜਾ ਰਹੀ ਹੈ।

ਬੀਤੇ ਦਿਨ 'ਜਗ ਬਾਣੀ' ਟੀਮ ਨੇ ਜਦੋਂ ਇਲਾਕੇ ਦਾ ਦੌਰਾ ਕੀਤਾ ਤਾਂ ਇਲਾਕਾ ਵਾਸੀਆਂ ਨੇ ਦੋਸ਼ ਲਗਾਇਆ ਕਿ ਕੁਝ ਕਾਂਗਰਸੀ ਨੇਤਾ ਹੀ ਮਿਲ ਕੇ ਇਹ ਕਾਲੋਨੀ ਕੱਟ ਰਹੇ ਹਨ। ਪਤਾ ਲੱਗਾ ਹੈ ਕਿ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਇਸ ਕਾਲੋਨੀ ਬਾਰੇ ਕਈ ਸ਼ਿਕਾਇਤਾਂ ਕੀਤੀਆਂ ਜਾ ਚੁੱਕੀਆਂ ਹਨ ਪਰ ਸਿਆਸੀ ਦਬਾਅ ਕਾਰਨ ਇਸ ਕਾਲੋਨੀ 'ਤੇ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ। ਕੋਈ ਵੀ ਨਿਗਮ ਅਧਿਕਾਰੀ ਇਸ ਕਾਲੋਨੀ ਬਾਰੇ ਬੋਲਣ ਨੂੰ ਤਿਆਰ ਨਹੀਂ ਹੈ। ਦੂਜੇ ਪਾਸੇ ਇਸ ਸਮੇਂ ਸ਼ਹਿਰ ਦੀਆਂ ਸੈਂਕੜੇ ਬਿਲਡਿੰਗਾਂ ਅਤੇ ਨਾਜਾਇਜ਼ ਕਾਲੋਨੀਆਂ ਦਾ ਮਾਮਲਾ ਇਨ੍ਹੀਂ ਦਿਨੀਂ ਹਾਈਕੋਰਟ ਪਹੁੰਚਿਆ ਹੋਇਆ ਹੈ। ਪਤਾ ਲੱਗਾ ਹੈ ਕਿ ਹਾਈਕੋਰਟ 'ਚ ਰਿਟ ਪਾਉਣ ਵਾਲੇ ਆਰ. ਟੀ. ਆਈ. ਵਰਕਰ ਸਿਮਰਨਜੀਤ ਸਿੰਘ ਨੇ ਇਸ ਨਾਜਾਇਜ਼ ਕਾਲੋਨੀ ਬਾਰੇ ਸ਼ਿਕਾਇਤ ਹਾਈਕੋਰਟ 'ਚ ਭੇਜੀ ਸੂਚੀ 'ਚ ਦਰਜ ਕਰਵਾ ਦਿੱਤੀ ਹੈ। ਹੁਣ ਦੇਖਣਾ ਹੈ ਕਿ ਨਿਗਮ ਅਧਿਕਾਰੀ ਕਦੋਂ ਤੱਕ ਸਿਆਸੀ ਦਬਾਅ ਕਾਰਨ ਇਸ ਕਾਲੋਨੀ ਦਾ ਬਚਾਅ ਕਰਦੇ ਹਨ।

ਰਾਮਾ ਮੰਡੀ ਡੰਪ ਦੇ ਵਿਵਾਦ 'ਚ ਕੁੱਦੇ ਯੂਨੀਅਨ ਆਗੂ
ਰਾਮਾ ਮੰਡੀ ਇਲਾਕੇ 'ਚ ਫਲਾਈਓਵਰ ਦੇ ਹੇਠਾਂ ਬਣਾਏ ਜਾਣ ਵਾਲੇ ਕੂੜੇ ਦੇ ਡੰਪ ਨੂੰ ਲੈ ਕੇ ਨਿਗਮ ਦੀਆਂ ਯੂਨੀਅਨਾਂ ਦੇ ਆਗੂ ਮੌਕੇ 'ਤੇ ਪਹੁੰਚੇ, ਜਿਸ ਦੌਰਾਨ ਇਲਾਕੇ ਦੇ ਕੌਂਸਲਰ ਦੀ ਕਾਰਗੁਜ਼ਾਰੀ ਸਬੰਧੀ ਕਈ ਸ਼ਿਕਾਇਤਾਂ ਸਾਹਮਣੇ ਆਈਆਂ। ਮੌਕੇ 'ਤੇ ਨਿਗਮ ਦੇ ਹੈਲਥ ਆਫੀਸਰ ਡਾ. ਸ਼੍ਰੀ ਕ੍ਰਿਸ਼ਨ ਸ਼ਰਮਾ ਵੀ ਪਹੁੰਚੇ, ਜਿਨ੍ਹਾਂ ਨੇ ਫਲਾਈਓਵਰ ਦੇ ਉਪਰ ਲੱਗਦੇ ਕੂੜੇ ਦਾ ਹਵਾਲਾ ਵੀ ਦਿੱਤਾ। ਅਜੇ ਇਸ ਡੰਪ ਬਾਰੇ ਕੋਈ ਅੰਤਿਮ ਫੈਸਲਾ ਨਹੀਂ ਲਿਆ ਗਿਆ ਪਰ ਨਿਗਮ ਨੇ ਬਦਲ ਦਿੱਤਾ ਹੈ ਕਿ ਉਥੇ ਸਾਰਾ ਕੂੜਾ ਸੈਗਰੀਗੇਟ ਕਰਕੇ ਟਰਾਲੀਆਂ 'ਚ ਸੁੱਟਿਆ ਜਾਵੇ ਤਾਂ ਜੋ ਡੰਪ ਦੀ ਨੌਬਤ ਹੀ ਨਾ ਆਵੇ।

shivani attri

This news is Content Editor shivani attri