ਅੱਧੀ ਦਰਜਨ ਪਿੰਡਾਂ ਦੇ ਲੋਕਾਂ ਨੇ ਮਾਈਨਿੰਗ ਮਾਫੀਏ ਨੂੰ ਖਦੇੜਿਆ

02/03/2020 12:04:25 PM

ਨੂਰਪੁਰਬੇਦੀ (ਭੰਡਾਰੀ)— ਜ਼ਿਲਾ ਪ੍ਰਸ਼ਾਸਨ ਦੀ ਢਿੱਲੀ ਕਾਰਗੁਜ਼ਾਰੀ ਅਤੇ ਸੱਤਾਧਾਰੀ ਨੇਤਾਵਾਂ ਦੀ ਸ਼ਹਿ 'ਤੇ ਸਮੁੱਚੇ ਜ਼ਿਲੇ 'ਚ ਗੈਰ-ਕਾਨੂੰਨੀ ਮਾਈਨਿੰਗ ਦਾ ਧੰਦਾ ਧੜੱਲੇ ਨਾਲ ਜਾਰੀ ਹੈ। ਇਸ ਮਾਈਨਿੰਗ ਮਾਫੀਏ ਦੇ ਹੌਸਲੇ ਇੰਨੇ ਬੁਲੰਦ ਹੋ ਚੁੱਕੇ ਹਨ ਕਿ ਹੁਣ ਉਨ੍ਹਾਂ ਵੱਲੋਂ ਦਰਿਆਵਾਂ ਦਾ ਮੁੱਖ ਮੋੜ ਕੇ ਲੋਕਾਂ ਦੀ ਜਾਨ-ਮਾਲ ਅਤੇ ਸੰਪਤੀ ਨੂੰ ਵੀ ਨੁਕਸਾਨ ਪਹੁੰਚਾਉਣ ਤੋਂ ਗੁਰੇਜ਼ ਨਹੀਂ ਕੀਤਾ ਜਾ ਰਿਹਾ। ਇਸ ਸਮੁੱਚੇ ਮਸਲੇ 'ਤੇ ਪ੍ਰਸ਼ਾਸਨ ਵੱਲੋਂ ਧਾਰੀ ਚੁੱਪ ਕਾਰਨ ਬੀਤੇ ਦਿਨ ਪਿੰਡ ਗੋਬਿੰਦਪੁਰ ਬੇਲਾ 'ਚ ਇਕੱਠੇ ਹੋਏ ਅੱਧਾ ਦਰਜਨ ਪਿੰਡਾਂ ਦੇ ਲੋਕਾਂ ਨੇ ਆਪਣੀ ਏਕਤਾ ਦਾ ਸਬੂਤ ਦਿੰਦਿਆਂ ਨਾ ਸਿਰਫ ਉਕਤ ਮਾਈਨਿੰਗ ਮਾਫੀਆ ਨੂੰ ਖਦੇੜਿਆ ਸਗੋਂ ਅੱਗੇ ਤੋਂ ਅਜਿਹੀ ਹਰਕਤ ਕਰਨ 'ਤੇ ਉਨ੍ਹਾਂ ਨਾਲ ਖੁਦ ਹੱਥੀਂ ਨਿਪਟਣ ਦਾ ਵੀ ਤਹੱਈਆ ਕੀਤਾ।  

ਬੀਤੇ ਦਿਨ ਗੋਬਿੰਦਪੁਰ ਬੇਲਾ ਤੋਂ ਇਲਾਵਾ ਮੌਠਾਪੁਰ, ਝਿੰਜੜੀ, ਮਾਜਰਾ, ਰੌਲੀ, ਭੈਣੀ, ਅਮਰਪੁਰ ਬੇਲਾ ਅਤੇ ਬਿੱਲਪੁਰ ਆਦਿ ਅੱਧੀ ਦਰਜਨ ਪਿੰਡਾਂ ਤੋਂ ਇਕੱਠੇ ਹੋਏ ਲੋਕਾਂ ਨੇ ਕਿਹਾ ਕਿ ਮਾਈਨਿੰਗ ਮਾਫੀਆ ਵੱਲੋਂ ਸਤਲੁਜ ਦਰਿਆ ਦੇ ਸਮਾਨਾਂਤਰ 50-50 ਫੁੱਟ ਡੂੰਘੀ ਖੁਦਾਈ ਕੀਤੇ ਜਾਣ ਕਾਰਨ ਉਨ੍ਹਾਂ ਨੂੰ ਭਵਿੱਖ 'ਚ ਜਾਨ-ਮਾਲ ਤੋਂ ਇਲਾਵਾ ਫਸਲਾਂ ਦੀ ਤਬਾਹੀ ਦਾ ਹੁਣ ਤੋਂ ਹੀ ਡਰ ਸਤਾਉਣ ਲੱਗ ਪਿਆ ਹੈ। ਉਨ੍ਹਾਂ ਕਿਹਾ ਕਿ ਉਕਤ ਖੁਦਾਈ ਪਿੰਡ ਗੋਬਿੰਦਪੁਰ ਬੇਲਾ ਤੋਂ ਕਰੀਬ ਅੱਧਾ ਕਿਲੋਮੀਟਰ ਦੀ ਦੂਰੀ 'ਤੇ ਪਿੰਡ ਅਗੰਮਪੁਰ ਦੀ ਹੱਦਬਸਤ 'ਚ ਪੈਂਦੀ ਜ਼ਮੀਨ 'ਚ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਕੁਝ ਲੋਕਾਂ ਨੇ ਭਾਰੀ ਮੁਨਾਫਾ ਕਮਾਉਣ ਲਈ ਆਪਣੀ ਜ਼ਮੀਨ ਮਾਈਨਿੰਗ ਮਾਫੀਆ ਨੂੰ ਦਿੱਤੀ ਹੋਈ ਹੈ, ਜਿਸ ਨਾਲ ਦਰਜਨ ਭਰ ਪਿੰਡਾਂ ਦੇ ਲੋਕਾਂ ਦਾ ਜੀਵਨ ਖਤਰੇ 'ਚ ਪੈ ਗਿਆ ਹੈ। ਉਨ੍ਹਾਂ ਕਿਹਾ ਕਿ ਕੁਝ ਦਿਨ ਪਹਿਲਾਂ ਵੀ ਮਾਈਨਿੰਗ ਮਾਫੀਆ ਨੂੰ ਰੋਕਣ ਦਾ ਪਿੰਡ ਵਾਸੀਆਂ ਨੇ ਆਪਣੇ ਪੱਧਰ 'ਤੇ ਯਤਨ ਕੀਤਾ ਸੀ ਪਰ ਇਸ ਦੌਰਾਨ ਮਾਫੀਆ ਵੱਲੋਂ ਲੋਕਾਂ ਨੂੰ ਧਮਕਾਇਆ ਗਿਆ ਸੀ ਅਤੇ ਨਤੀਜੇ ਭੁਗਤਣ ਦੀ ਚਿਤਾਵਨੀ ਦਿੱਤੀ ਗਈ ਸੀ।

ਮਾਫੀਏ 'ਤੇ ਨਿਗ੍ਹਾ ਰੱਖਣ ਲਈ ਲੋਕਾਂ ਨੇ ਪੱਕਾ ਮੋਰਚਾ ਲਾਉਣ ਦਾ ਲਿਆ ਫੈਸਲਾ
ਬੀਤੇ ਦਿਨ ਭਾਵੇਂ ਉਕਤ ਪਿੰਡਾਂ ਦੇ ਲੋਕਾਂ ਨੇ ਇਕਜੁੱਟ ਹੋ ਕੇ ਨਾ ਸਿਰਫ ਮਾਈਨਿੰਗ ਮਾਫੀਆ ਨੂੰ ਖਦੇੜਿਆ ਸਗੋਂ ਅੱਗੇ ਤੋਂ ਮਾਫੀਏ 'ਤੇ ਨਿਗ੍ਹਾ ਰੱਖਣ ਲਈ ਪੱਕਾ ਮੋਰਚਾ ਲਾਉਣ ਦਾ ਵੀ ਫੈਸਲਾ ਲਿਆ। ਇਸ ਮੌਕੇ ਪਿੰਡ ਵਾਸੀਆਂ ਨੇ ਜ਼ਿਲਾ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਮੁਰਦਾਬਾਦ ਦੇ ਜ਼ੋਰਦਾਰ ਨਾਅਰੇ ਵੀ ਲਾਏ। ਪਿੰਡ ਵਾਸੀਆਂ ਨੇ ਕਿਹਾ ਕਿ ਮਾਫੀਆ ਵੱਲੋਂ ਪਿੰਡ ਗੋਬਿੰਦਪੁਰ ਬੇਲਾ ਵੱਲ 400 ਤੋਂ 500 ਮੀਟਰ ਤੱਕ ਖੁਦਾਈ ਕੀਤੀ ਗਈ । ਬਰਸਾਤ ਦੇ ਦਿਨਾਂ 'ਚ ਦਰਿਆ ਦਾ ਪਾਣੀ ਕਈ ਪਿੰਡਾਂ 'ਚ ਤਬਾਹੀ ਮਚਾ ਸਕਦਾ ਹੈ।
ਉਨ੍ਹਾਂ ਕਿਹਾ ਕਿ ਜੇਕਰ ਪ੍ਰਸ਼ਾਸਨ ਨੇ ਜਲਦ ਇਥੇ ਪਹੁੰਚ ਕੇ ਸਮੁੱਚੇ ਹਾਲਾਤ ਦਾ ਜਾਇਜ਼ਾ ਨਾ ਲਿਆ ਤਾਂ ਮਾਈਨਿੰਗ ਮਾਫੀਆ ਦੇ ਮੁੜ ਕਾਬਜ਼ ਹੋਣ 'ਤੇ ਦਰਿਆਈ ਖੇਤਰ ਨਾਲ ਲੱਗਦੇ ਦਰਜਨ ਦੇ ਕਰੀਬ ਪਿੰਡਾਂ ਦੇ ਲੋਕ ਇਸ ਵਿਰੁੱਧ ਪ੍ਰਸ਼ਾਸਨ ਅਤੇ ਸਰਕਾਰ ਖਿਲਾਫ਼ ਸੰਘਰਸ਼ ਵਿੱਢਣਗੇ। ਇਸ ਮੌਕੇ ਨੰਬਰਦਾਰ ਦਿਆਲ ਸਿੰਘ, ਸੁਖਵਿੰਦਰ ਸਿੰਘ ਸ਼ੰਮੀ, ਨੰਬਰਦਾਰ ਜਸਵਿੰਦਰ ਸਿੰਘ, ਸੰਜੀਵ ਸ਼ਰਮਾ, ਬਲਵੀਰ ਸਿੰਘ, ਰਣਜੀਤ ਸਿੰਘ, ਮਨਦੀਪ ਸਿੰਘ, ਜਰਨੈਲ ਸਿੰਘ, ਮਹਿੰਦਰ ਸਿੰਘ, ਮੋਹਨ ਸਿੰਘ ਕੰਗ, ਜਗਵੀਰ ਸਿੰਘ, ਪ੍ਰਿਤਪਾਲ ਸਿੰਘ, ਮਨਦੀਪ ਸਿੰਘ, ਅਮਰਜੀਤ ਸਿੰਘ, ਜਸਵਿੰਦਰ ਜੱਸੀ, ਸੁੱਚਾ ਸਿੰਘ, ਭਜਨ ਸਿੰਘ , ਭਾਗ ਸਿੰਘ ਸਮੇਤ ਵੱਖ-ਵੱਖ ਪਿੰਡਾਂ ਦੇ ਲੋਕ ਹਾਜ਼ਰ ਸਨ।

ਬਰਿੰਦਰ ਢਿੱਲੋਂ ਨੇ ਦਿੱਤੀ ਮਾਈਨਿੰਗ ਮਾਫੀਆ ਨੂੰ ਕਲੀਨ ਚਿੱਟ : ਇਲਾਕਾ ਸੰਘਰਸ਼ ਕਮੇਟੀ
ਇਸ ਮੌਕੇ ਲੋਕਾਂ ਦੇ ਸੰਘਰਸ਼ ਨੂੰ ਹਮਾਇਤ ਦੇਣ ਪਹੁੰਚੇ ਇਲਾਕਾ ਸੰਘਰਸ਼ ਕਮੇਟੀ ਦੇ ਪ੍ਰਧਾਨ ਮਾ. ਗੁਰਨੈਬ ਸਿੰਘ ਜੇਤੇਵਾਲ ਨੇ ਕਿਹਾ ਕਿ ਬੀਤੇ ਦਿਨੀਂ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਬਰਿੰਦਰ ਢਿੱਲੋਂ ਨੇ ਮਾਈਨਿੰਗ ਮਾਫੀਆ ਦੀਆਂ ਗਤੀਵਿਧੀਆਂ ਦੀ ਰਿਪੋਰਟ ਤਿਆਰ ਕਰਨ ਲਈ ਕਮੇਟੀ ਦਾ ਗਠਨ ਕੀਤਾ ਸੀ ਪਰ ਢਿੱਲੋਂ ਵੱਲੋਂ ਉਕਤ ਮਾਫ਼ੀਆ ਨੂੰ ਕਲੀਨ ਚਿੱਟ ਦੇ ਦਿੱਤੀ ਗਈ, ਜਿਸ ਕਰ ਕੇ ਨਾ ਸਿਰਫ ਇਲਾਕੇ 'ਚ ਨਾਜਾਇਜ਼ ਗੁੰਡਾ ਪਰਚੀ ਵਾਲਿਆਂ ਦੇ ਹੌਸਲੇ ਬੁਲੰਦ ਹੋ ਰਹੇ ਹਨ ਸਗੋਂ ਮਾਈਨਿੰਗ ਮਾਫੀਆ ਵੱਲੋਂ ਵੀ ਖੇਤਰ ਦੇ ਖਣਿਜ ਪਦਾਰਥਾਂ ਦੀ ਲੁੱਟ ਮਚਾਈ ਹੋਈ ਹੈ। ਉਨ੍ਹਾਂ ਕਿਹਾ ਕਿ ਇਲਾਕਾ ਸੰਘਰਸ਼ ਕਮੇਟੀ ਇਲਾਕੇ ਦੇ ਲੋਕਾਂ ਨਾਲ ਖੜ੍ਹੀ ਹੈ।

ਲੋਕਾਂ 'ਚ ਹਾਹਾਕਾਰ ਦੇ ਬਾਵਜੂਦ ਕਿਉਂ ਚੁੱਪ ਨੇ ਵੋਟਾਂ ਦੇ ਵਪਾਰੀ : ਐਡਵੋਕੇਟ ਚੱਢਾ
ਸਮਾਜਕ ਅਤੇ ਆਰ. ਟੀ. ਆਈ. ਕਾਰਜਕਰਤਾ ਐਡਵੋਕੇਟ ਦਿਨੇਸ਼ ਚੱਢਾ ਨੇ ਕਿਹਾ ਕਿ ਜਦੋਂ ਜ਼ਿਲੇ ਦੇ ਲੋਕਾਂ 'ਚ ਨਾਜਾਇਜ਼ ਮਾਈਨਿੰਗ ਨੂੰ ਲੈ ਕੇ ਇਸ ਕਦਰ ਹਾਹਾਕਾਰ ਮਚੀ ਹੋਈ ਹੈ ਤਾਂ ਵੋਟਾਂ ਲੈਣ ਵਾਲੇ ਲੀਡਰ ਕਿਉਂ ਚੁੱਪ ਬੈਠੇ ਹੋਏ ਹਨ ਅਤੇ ਉਹ ਲੋਕਾਂ ਨਾਲ ਕਿਉਂ ਨਹੀਂ ਖੜ੍ਹ ਰਹੇ। ਚੱਢਾ ਨੇ ਕਿਹਾ ਕਿ ਜਿਸ ਤਰ੍ਹਾਂ ਜ਼ਿਲੇ 'ਚ ਪਹਾੜਾਂ ਅਤੇ ਦਰਿਆਵਾਂ ਦੀ ਬਰਬਾਦੀ ਕੀਤੀ ਜਾ ਰਹੀ ਹੈ, ਉਸ ਨਾਲ ਇਲਾਕਾ ਕੁਦਰਤੀ ਸੰਕਟ 'ਚ ਪਹੁੰਚ ਚੁੱਕਾ ਹੈ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਉਕਤ ਪਿੰਡਾਂ ਦੇ ਲੋਕਾਂ ਨੇ ਇਕਜੁੱਟ ਹੋ ਕੇ ਆਵਾਜ਼ ਬੁਲੰਦ ਕੀਤੀ ਹੈ, ਉਸੇ ਤਰ੍ਹਾਂ ਹਰ ਪ੍ਰਭਾਵਿਤ ਪਿੰਡ ਦੇ ਲੋਕ ਅੱਗੇ ਆਉਣ ਤਾਂ ਹੀ ਇਸ ਬਰਬਾਦੀ ਅਤੇ ਲੁੱਟ ਨੂੰ ਨੱਥ ਪਾਈ ਜਾ ਸਕਦੀ ਹੈ। ਨਹੀਂ ਤਾਂ ਐੱਨ. ਜੀ. ਟੀ. ਦੇ ਹੁਕਮਾਂ ਤੱਕ ਨੂੰ ਇਹ ਨਾਜਾਇਜ਼ ਮਾਈਨਿੰਗ ਅਤੇ ਗੁੰਡਾ ਟੈਕਸ ਮਾਫੀਆ ਵਾਲੇ ਟਿੱਚ ਸਮਝਦੇ ਹਨ।

shivani attri

This news is Content Editor shivani attri