ਨਾਜਾਇਜ਼ ਸ਼ਰਾਬ ਕੱਢ ਕੇ ਵੇਚਣ ਵਾਲੇ ਪਤੀ-ਪਤਨੀ ਵਿਰੁੱਧ ਕੇਸ ਦਰਜ

07/20/2017 12:03:03 PM


ਬਟਾਲਾ(ਬੇਰੀ)-ਨਾਜਾਇਜ਼ ਸ਼ਰਾਬ ਵੇਚਣ ਦਾ ਧੰਦਾ ਕਰਨ ਵਾਲੇ ਪਤੀ-ਪਤਨੀ ਵਿਰੁੱਧ ਥਾਣਾ ਕੋਟਲੀ ਸੂਰਤ ਮੱਲੀ ਦੀ ਪੁਲਸ ਨੇ ਕੇਸ ਦਰਜ ਕੀਤਾ ਹੈ। 
ਹੌਲਦਾਰ ਬਲਦੇਵ ਸਿੰਘ ਨੇ ਦੱਸਿਆ ਕਿ ਗੁਪਤਚਰ ਨੇ ਗੁਪਤ ਸੂਚਨਾ ਦਿੱਤੀ ਕਿ ਹਰਵੰਤ ਸਿੰਘ ਪੁੱਤਰ ਬਲਬੀਰ ਸਿੰਘ ਅਤੇ ਜੀਤੀ ਪਤਨੀ ਬਲਬੀਰ ਸਿੰਘ ਵਾਸੀਆਨ ਪਿੰਡ ਢਿੱਲਵਾਂ ਨਾਜਾਇਜ਼ ਸ਼ਰਾਬ ਕੱਢ ਕੇ ਵੇਚਣ ਦਾ ਧੰਦਾ ਕਰਦੇ ਹਨ ਅਤੇ ਜੇਕਰ ਉਕਤ ਦੇ ਘਰ ਵਿਚ ਛਾਪਾ ਮਾਰਿਆ ਜਾਵੇ ਤਾਂ ਬਰਾਮਦਗੀ ਹੋ ਸਕਦੀ ਹੈ। ਹੌਲਦਾਰ ਬਲਦੇਵ ਸਿੰਘ ਨੇ ਦੱਸਿਆ ਕਿ ਇਸਦੇ ਤੁਰੰਤ ਬਾਅਦ ਉਨ੍ਹਾਂ ਨੇ ਪਿੰਡ ਢਿੱਲਵਾਂ ਵਿਖੇ ਛਾਪਾ ਮਾਰਿਆ ਤਾਂ ਉਥੋਂ ਇਕ ਚਾਲੂ ਭੱਠੀ ਅਤੇ 20 ਕਿਲੋ ਲਾਹਣ ਬਰਾਮਦ ਹੋਈ, ਜਦਕਿ ਉਕਤ ਪਤੀ-ਪਤਨੀ ਪੁਲਸ ਨੂੰ ਦੇਖ ਕੇ ਮੌਕੇ ਤੋਂ ਫਰਾਰ ਹੋਣ ਵਿਚ ਸਫਲ ਹੋ ਗਏ। ਹੌਲਦਾਰ ਬਲਦੇਵ ਸਿੰਘ ਅਨੁਸਾਰ ਉਕਤ ਪਤੀ-ਪਤਨੀ ਦੇ ਵਿਰੁੱਧ ਥਾਣਾ ਕੋਟਲੀ ਸੂਰਤ ਮੱਲੀ ਵਿਚ ਐਕਸਾਈਜ਼ ਐਕਟ ਤਹਿਤ ਕੇਸ ਦਰਜ ਕਰ ਦਿੱਤਾ ਗਿਆ ਹੈ।