ਜਥੇਦਾਰ ਅਕਾਲ ਤਖਤ ਵਲੋਂ ਹੋਲਾ-ਮੁਹੱਲਾ ਪੂਰੇ ਜਾਹੋ-ਜਹਾਲ ਨਾਲ ਮਨਾਉਣ ਦਾ ਐਲਾਨ

03/22/2021 5:33:51 PM

ਪਟਿਆਲਾ (ਮਨਦੀਪ ਸਿੰਘ ਜੋਸਨ) : ਪੰਜਾਬ ਸਰਕਾਰ ਵੱਲੋਂ ਸੂਬੇ ’ਚ ਕੋਰੋਨਾ ਸਬੰਧੀ ਜਾਰੀ ਆਦੇਸ਼ਾਂ ਤੋਂ ਬੇਪਰਵਾਹ ਹੋ ਕੇ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਮਾਰਚ ਦੇ ਆਖ਼ਰ ’ਚ ਆ ਰਹੇ ਹੋਲੇ-ਮੁਹੱਲੇ ਨੂੰ ਪੂਰੇ ਜਾਹੋ-ਜਹਾਲ ਨਾਲ ਮਨਾਉਣ ਦਾ ਐਲਾਨ ਕੀਤਾ ਗਿਆ ਹੈ। ਜਥੇਦਾਰ ਹਰਪ੍ਰੀਤ ਸਿੰਘ ਇੱਥੇ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਵਿਖੇ ਇਕ ਧਾਰਮਿਕ ਸਮਾਗਮ ’ਚ ਹਿੱਸਾ ਲੈਣ ਤੋਂ ਬਾਅਦ ਗੱਲਬਾਤ ਕਰ ਰਹੇ ਸਨ। ਯਾਦ ਰਹੇ ਕਿ ਪੰਜਾਬ ਸਰਕਾਰ ਨੇ ਕੋਰੋਨਾ ਦੇ ਮੱਦੇਨਜ਼ਰ ਬਹੁਤੇ ਧਾਰਮਿਕ ਸਮਾਗਮਾਂ ਜਾਂ ਹੋਰ ਇਕੱਠਾਂ ’ਤੇ ਪਾਬੰਦੀ ਲਾਉਣ ਦੇ ਆਦੇਸ਼ ਦਿੱਤੇ ਹਨ ਪਰ ਇਹ ਕਿਸੇ ਵੀ ਧਰਮ ਜਾਂ ਰੈਲੀਆਂ ’ਤੇ ਸਰਕਾਰ ਅੱਜ ਤੱਕ ਲਾਗੂ ਨਹੀਂ ਕਰ ਪਾਈ ਹੈ। ਜਥੇਦਾਰ ਅਕਾਲ ਤਖਤ ਗਿਆਨੀ ਹਰਪ੍ਰੀਤ ਸਿੰਘ ਨੇ ਕੇਂਦਰ ਸਰਕਾਰ ਨੂੰ ਫਿਰ ਆੜੇ ਹੱਥੀਂ ਲੈਂਦਿਆਂ ਆਖਿਆ ਹੈ ਕਿ ਕੇਂਦਰ ਬਾਰ-ਬਾਰ ਪੰਜਾਬ ਅਤੇ ਸਿੱਖ ਪੰਥ ਨਾਲ ਧੱਕਾ ਕਰ ਰਹੀ ਹੈ। ਪਹਿਲਾਂ ਨਣਕਾਨਾ ਸਾਹਿਬ ਦੇ 100 ਸਾਲਾ ਸ਼ਤਾਬਦੀ ’ਤੇ ਜਥੇ ਨੂੰ ਨਣਕਾਨਾ ਸਾਹਿਬ ਜਾਣ ਤੋਂ ਰੋਕਣਾ, ਕਰਤਾਰਪੁਰ ਕੋਰੀਡਾਰ ਨੂੰ ਬੰਦ ਕਰਨਾ ਕੇਂਦਰ ਦੀ ਮਾੜੀ ਨੀਅਤ ਦਾ ਸਬੂਤ ਹੈ। ਉਨ੍ਹਾਂ ਆਖਿਆ ਕਿ ਕਰਤਾਰਪੁਰ ਕੋਰੀਡਾਰ ਤੁਰੰਤ ਖੋਲਿ੍ਹਆ ਜਾਣਾ ਚਾਹੀਦਾ ਹੈ। ਭਾਵੇਂ ਸਰਕਾਰ ਜਥਿਆਂ ਨੂੰ 50 ਜਾਂ 100 ਦੇ ਰੂਪ ’ਚ ਛੋਟੇ ਕਰ ਲਵੇ। ਉਨ੍ਹਾਂ ਸਵਾਲ ਕੀਤਾ ਕਿ ਅੱਜ ਵੱਡੀਆਂ-ਵੱਡੀਆਂ ਸਿਆਸੀ ਰੈਲੀਆਂ ਹੋ ਰਹੀਆਂ ਹਨ, ਕੀ ਉਥੇ ਕੋਰੋਨਾ ਨਹੀਂ ਫੈਲ ਰਿਹਾ?

ਇਹ ਵੀ ਪੜ੍ਹੋ : CBSE ਬੋਰਡ ਪ੍ਰੀਖਿਆਵਾਂ : 10ਵੀਂ ਅਤੇ 12ਵੀਂ ਦੇ ਪ੍ਰੀਖਿਆਰਥੀ ਬਦਲ ਸਕਣਗੇ ਐਗਜ਼ਾਮ ਸੈਂਟਰ

ਜਥੇਦਾਰ ਅਕਾਲ ਤਖਤ ਨੇ ਆਖਿਆ ਕਿ 400 ਸਾਲਾ ਸ਼ਤਾਬਦੀ ਨੂੰ ਸਮਰਪਿਤ ਸਮੁੱਚੇ ਸਮਾਗਮ ਜਾਰੀ ਰਹਿਣਗੇ। ਕੁਝ ਛੋਟੇ ਬੱਚਿਆਂ ਦੇ ਸਮਾਗਮ ਸਨ, ਸਿਰਫ਼ ਉਨ੍ਹਾਂ ਨੂੰ ਹੀ ਕੈਂਸਲ ਕੀਤਾ ਗਿਆ ਹੈ। ਉਨ੍ਹਾਂ ਆਖਿਆ ਕਿ ਸਰਕਾਰਾਂ ਨੂੰ ਸਿੱਖ ਕੌਮ ਦੀ ਭਾਵਨਾਵਾਂ ਦਾ ਖਿਆਲ ਰੱਖਣਾ ਚਾਹੀਦਾ ਹੈ। ਸ਼੍ਰੋਮਣੀ ਕਮੇਟੀ ਸਿੱਖ ਧਰਮ ਦੇ ਪ੍ਰਚਾਰ ਦੇ ਪ੍ਰਸਾਰ ਲਈ ਪੂਰੀ ਕੋਸ਼ਿਸ਼ ਕਰੇਗੀ ਅਤੇ ਅਸੀਂ ਸਰਬੱਤ ਦੇ ਭਲੇ ਲਈ ਹਮੇਸ਼ਾ ਅੱਗੇ ਹੋ ਕੇ ਕੰਮ ਕਰਾਂਗੇ। ਇਸ ਮੌਕੇ ਉਨ੍ਹਾਂ ਨਾਲ ਐੱਸ. ਜੀ. ਪੀ. ਸੀ. ਦੇ ਸਾਬਕਾ ਪ੍ਰਧਾਨ ਪ੍ਰੋ. ਕ੍ਰਿਪਾਲ ਸਿੰਘ ਬਡੂੰਗਰ, ਕਾਰਜਕਾਰਨੀ ਮੈਂਬਰ ਸਤਵਿੰਦਰ ਸਿੰਘ ਟੌਹੜਾ, ਬੀਬੀ ਕੁਲਦੀਪ ਕੌਰ ਟੌਹੜਾ, ਜਥੇਦਾਰ ਜਸਮੇਲ ਸਿੰਘ ਲਾਛੜੂ, ਮੈਨੇਜਰ ਕਰਨੈਲ ਸਿੰਘ ਨਾਭਾ ਅਤੇ ਹੋਰ ਨੇਤਾ ਹਾਜ਼ਰ ਸਨ।

ਇਹ ਵੀ ਪੜ੍ਹੋ : ਜੈਤੋ ਪੁਲਸ ਨੇ ਬਿਨਾਂ ਮਾਸਕ ਵਾਲ਼ਿਆਂ ਦਾ ਕੀਤਾ ਕੋਰੋਨਾ ਟੈਸਟ ਅਤੇ ਕੱਟੇ ਚਲਾਨ

ਨੋਟ- ਇਸ ਖ਼ਬਰ ਨਾਲ ਸਬੰਧਤ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ

 

 

 

Anuradha

This news is Content Editor Anuradha