ਮੰਗਾਂ ਦੀ ਪੂਰਤੀ ਜਲਦੀ ਨਾ ਹੋਈ ਤਾਂ ਡੀ. ਸੀ. ਦਫਤਰ ਅੱਗੇ 2 ਨੂੰ ਹੋਵੇਗਾ ਧਰਨਾ ਪ੍ਰਦਰਸ਼ਨ

05/25/2017 12:40:29 PM

ਤਰਨਤਾਰਨ, (ਆਹਲੂਵਾਲੀਆ) - ਸੀ. ਪੀ. ਆਈ. ਐੱਮ. ਵੱਲੋਂ ਆਪਣੀਆਂ ਮੰਗਾਂ ਸੰਬੰਧੀ ਜਨਰਲ ਬਾਡੀ ਦੀ ਹੰਗਾਮੀ ਮੀਟਿੰਗ ਜ਼ਿਲਾ ਸਕੱਤਰ ਕਾਮਰੇਡ ਮੇਜਰ ਸਿੰਘ ਭਿੱਖੀਵਿੰਡ, ਪਾਲ ਸਿੰਘ ਜਾਮਾਰਾਏ, ਸੁਖਦੇਵ ਸਿੰਘ ਗੋਹਲਵੜ, ਚਰਨਜੀਤ ਸਿੰਘ ਪੂਹਲਾ, ਲਛਮਣ ਦਾਸ ਪੱਟੀ ਅਤੇ ਕੁਲਵੰਤ ਸਿੰਘ ਗੋਹਲਵੜ ਦੀ ਅਗਵਾਈ ਹੇਠ ਕੀਤੀ ਗਈ।
ਉਪਰੋਕਤ ਆਗੂਆਂ ਨੇ ਗੱਲਬਾਤ ਦੌਰਾਨ ਦੱਸਿਆ ਕਿ ਜ਼ਿਲਾ ਤਰਨਤਾਰਨ ਵਿਚ ਸਰਕਾਰ ਵੱਲੋਂ ਕਈ ਪਿੰਡਾਂ ਵਿਚ ਕਣਕ ਦੀਆਂ ਪਰਚੀਆਂ ਪੈਸੇ ਲੈ ਕੇ ਵੰਡੀਆਂ ਗਈਆਂ ਪਰ ਗਰੀਬਾਂ ਨੂੰ ਕਣਕ ਨਹੀਂ ਮਿਲੀ। ਉਨ੍ਹਾਂ ਅੱਗੇ ਦੱਸਿਆ ਕਿ ਬੁਢਾਪਾ ਤੇ ਵਿਧਵਾ ਪੈਨਸ਼ਨ ਜੋ 6 ਮਹੀਨਿਆਂ ਦੀ ਆਈ ਹੈ ਉਹ ਵੱਖ-ਵੱਖ ਪਿੰਡਾਂ 'ਚ 2 ਮਹੀਨਿਆਂ ਦੀ ਹੀ ਦਿੱਤੀ ਜਾ ਰਹੀ ਹੈ ਜਿਸ ਦੀ ਪਾਰਟੀ ਸਖਤ ਸ਼ਬਦਾਂ ਵਿਚ ਨਿਖੇਧੀ ਕਰਦੀ ਹੈ। ਉਨ੍ਹਾਂ ਕਿਹਾ ਕਿ ਬੀਤੇ ਸਮੇਂ ਵਿਚ ਪਰਚੇ ਰੱਦ ਨਹੀਂ ਹੋਏ ਤੇ ਸੰਬੰਧਿਤ ਅਧਿਕਾਰੀ ਉਨ੍ਹਾਂ ਦੀਆਂ ਉਕਤ ਮੁਸ਼ਕਿਲਾਂ ਨਹੀਂ ਸੁਣ ਰਹੇ ਤੇ ਨਰੇਗਾ ਦੇ ਕੀਤੇ ਕੰਮ ਦੇ ਲੋਕਾਂ ਨੂੰ ਪੈਸੇ ਨਹੀਂ ਮਿਲ ਰਹੇ। ਆਗੂਆਂ ਨੇ ਦੱਸਿਆ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਜਲਦ ਨਾ ਮੰਨੀਆਂ ਗਈਆਂ ਤਾਂ ਉਨ੍ਹਾਂ ਦੀ ਜਥੇਬੰਦੀ ਵੱਲੋਂ 2 ਜੂਨ ਨੂੰ ਡੀ. ਸੀ. ਦਫਤਰ ਵਿਖੇ ਧਰਨਾ ਪ੍ਰਦਰਸ਼ਨ ਕੀਤਾ ਜਾਵੇਗਾ। ਇਸ ਮੌਕੇ ਕਿਰਪਾਲ ਸਿੰਘ, ਬਲਦੇਵ ਸਿੰਘ ਗੋਹਲਵੜ, ਅਮਰਜੀਤ ਕੋਟਲੀ, ਸੁਖਵਿੰਦਰ ਸਿੰਘ ਜੰਡੋਕੇ, ਬੀਰ ਸਿੰਘ, ਨਿੰਦਰ ਸਿੰਘ, ਨਛੱਤਰ ਤੁੜ, ਤਰਸੇਮ ਰਾਣਾ ਆਦਿ ਹਾਜ਼ਰ ਸਨ।