ਜੇ ਖਹਿਰਾ ''ਚ ਗ਼ੈਰਤ ਹੈ ਤਾਂ ਦੇਣ ਰਾਣਾ ਵਾਂਗ ਅਸਤੀਫਾ : ਧਰਮਸੌਤ

01/20/2018 12:47:41 AM

ਚੰਡੀਗੜ੍ਹ (ਕਮਲ)  - ਅੱਜ ਇਥੇ ਇਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪੰਜਾਬ ਦੇ ਜੰਗਲਾਤ, ਪ੍ਰਿੰਟਿੰਗ ਤੇ ਸਟੇਸ਼ਨਰੀ ਅਤੇ ਐੱਸ. ਸੀ./ਬੀ. ਸੀ. ਭਲਾਈ ਵਿਭਾਗ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੌਤ ਨੇ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ 'ਤੇ ਤਿੱਖਾ ਸਿਆਸੀ ਹਮਲਾ ਬੋਲਦਿਆਂ ਕਿਹਾ ਕਿ ਸੀਨੀਅਰ ਕਾਂਗਰਸੀ ਆਗੂ ਰਾਣਾ ਗੁਰਜੀਤ ਸਿੰਘ ਨੇ ਪਾਰਟੀ ਦੇ ਹਿੱਤਾਂ ਨੂੰ ਦੇਖਦੇ ਹੋਏ ਨੈਤਿਕਤਾ ਦੇ ਆਧਾਰ 'ਤੇ ਕੈਬਨਿਟ ਮੰਤਰੀ ਦੇ ਅਹੁਦੇ ਤੋਂ ਖੁਦ ਅਸਤੀਫਾ ਦਿੱਤਾ ਹੈ, ਭਾਵੇਂ ਕਿ ਉਹ ਕਿਸੇ ਵੀ ਮਾਮਲੇ 'ਚ ਕਸੂਰਵਾਰ ਨਹੀਂ ਹਨ ਤੇ ਨਾ ਹੀ ਉਨ੍ਹਾਂ 'ਤੇ ਕਿਸੇ ਵੀ ਅਦਾਲਤ 'ਚ ਕੋਈ ਕੇਸ ਹੀ ਚੱਲ ਰਿਹਾ ਹੈ ਪਰ ਵਿਰੋਧੀ ਧਿਰ ਦੇ ਆਗੂ ਸੁਖਪਾਲ ਖਹਿਰਾ 'ਤੇ ਤਾਂ ਮਾਣਯੋਗ ਅਦਾਲਤ 'ਚ ਕੇਸ ਚੱਲ ਰਿਹਾ ਹੈ। ਇਸ ਲਈ ਜੇਕਰ ਖਹਿਰਾ 'ਚ ਜ਼ਰਾ ਜਿੰਨੀ ਵੀ ਗ਼ੈਰਤ ਹੈ ਤਾਂ ਉਹ ਆਪਣੇ ਅਹੁਦੇ ਤੋਂ ਅਸਤੀਫਾ ਦੇ ਕੇ ਆਪਣੇ ਵਿਰੁੱਧ ਚੱਲ ਰਹੇ ਕੇਸ ਦਾ ਸਾਹਮਣਾ ਕਰਨ।
ਧਰਮਸੌਤ ਨੇ ਕਿਹਾ ਕਿ ਖਹਿਰਾ ਨੇ ਕੀ ਅਸਤੀਫਾ ਦੇਣਾ ਹੈ, ਅਹੁਦੇ ਪਿੱਛੇ ਹੀ ਤਾਂ ਖਹਿਰਾ ਨੇ ਕਾਂਗਰਸ ਪਾਰਟੀ ਦੀ ਪਿੱਠ 'ਚ ਛੁਰਾ ਮਾਰਿਆ ਸੀ। ਉਨ੍ਹਾਂ ਕਿਹਾ ਕਿ ਖਹਿਰਾ ਤਾਂ ਸਿਰਫ ਫੋਕੀ ਸ਼ੋਹਰਤ ਹਾਸਿਲ ਕਰਨ ਲਈ ਬੇਲੋੜੀ ਤੇ ਬੇਤੁਕੀ ਬਿਆਨਬਾਜ਼ੀ ਹੀ ਕਰ ਸਕਦੇ ਹਨ।
ਉਨ੍ਹਾਂ ਕਿਹਾ ਕਿ ਇਤਿਹਾਸ ਗਵਾਹ ਹੈ ਕਿ ਕਾਂਗਰਸ ਪਾਰਟੀ ਵੱਲੋਂ ਵਿਵਾਦਾਂ 'ਚ ਘਿਰਨ ਵਾਲੇ ਆਗੂਆਂ ਤੋਂ ਹਮੇਸ਼ਾ ਹੀ ਜਾਂਚ ਤੋਂ ਪਹਿਲਾਂ ਅਸਤੀਫੇ ਲਏ ਜਾਂਦੇ ਰਹੇ ਹਨ ਪਰ ਅਕਾਲੀ ਦਲ 'ਚ ਪਰਿਵਾਰਵਾਦ ਭਾਰੂ ਹੋਣ ਕਰਕੇ ਬਾਦਲਾਂ ਵੱਲੋਂ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ 'ਤੇ ਵੱਡੇ-ਵੱਡੇ ਦੋਸ਼ ਲੱਗਣ ਤੋਂ ਬਾਅਦ ਵੀ ਅਸਤੀਫਾ ਨਹੀਂ ਲਿਆ ਗਿਆ ਸੀ, ਜਿਸ ਤੋਂ ਸਾਫ ਜ਼ਾਹਿਰ ਹੈ ਕਿ ਅਕਾਲੀ ਦਲ ਨੂੰ ਪਾਰਟੀ ਵਰਕਰਾਂ ਤੇ ਲੋਕ ਹਿੱਤਾਂ ਨਾਲੋਂ ਪਹਿਲਾਂ ਆਪਣੇ ਪਰਿਵਾਰ ਦੇ ਹਿੱਤ ਪਿਆਰੇ ਹਨ।