ਸਾਵਧਾਨੀ : ਆਈ. ਸੀ. ਐੱਮ. ਆਰ. ਨੇ ਕੀਤਾ ਜ਼ਰੂਰੀ, ਬਿਨਾਂ ਲੱਛਣਾਂ ਦੇ ਵੀ ਹੋਵੇਗੀ ਜਾਂਚ

04/11/2020 4:45:03 PM

ਚੰਡੀਗੜ੍ਹ (ਅਰਚਨਾ) : ਕੋਰੋਨਾ ਦੇ ਮਰੀਜ਼ਾਂ ਦਾ ਇਲਾਜ ਕਰਨ ਵਾਲੇ ਡਾਕਟਰਾਂ ਦੀ ਮੌਤ ਅਤੇ ਇਨਫੈਕਸ਼ਨ ਨੂੰ ਦੇਖਦਿਆਂ ਹੁਣ ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ (ਆਈ. ਸੀ. ਐੱਮ. ਆਰ.) ਨੇ ਕੋਰੋਨਾ ਦੇ ਲੱਛਣ ਨਾ ਹੋਣ 'ਤੇ ਵੀ ਡਾਕਟਰਾਂ ਅਤੇ ਨਰਸਾਂ ਦੇ ਹਰ 5ਵੇਂ ਅਤੇ 14ਵੇਂ ਦਿਨ ਕੋਰੋਨਾ ਟੈਸਟ ਕਰਨ ਦੇ ਨਿਰਦੇਸ਼ ਦਿੱਤੇ ਹਨ। ਆਈ. ਸੀ. ਐੱਮ. ਆਰ. ਨੇ ਕੋਰੋਨਾ ਵਾਇਰਸ ਦੇ ਖਾਤਮੇ ਲਈ ਨਵੀਂ ਰਣਨੀਤੀ ਬਣਾਈ ਹੈ। ਪਹਿਲਾਂ ਕੋਰੋਨਾ ਦਾ ਇਲਾਜ ਕਰਨ ਵਾਲੇ ਹੈਲਥ ਵਰਕਰਜ਼ ਦੇ ਕੋਰੋਨਾ ਟੈਸਟ ਉਨ੍ਹਾਂ 'ਚ ਬੁਖਾਰ, ਜ਼ੁਕਾਮ, ਖੰਘ ਜਾਂ ਸਾਹ ਲੈਣ 'ਚ ਤਕਲੀਫ਼ ਹੋਣ ਤੋਂ ਬਾਅਦ ਹੀ ਕੀਤੇ ਜਾਂਦੇ ਸਨ। ਅਜਿਹੇ ਲੋਕ ਜੋ ਕੋਰੋਨਾ ਸੰਕ੍ਰਮਿਤ ਵਿਅਕਤੀ ਦੇ ਸੰਪਰਕ 'ਚ ਆਏ ਸਨ, ਉਨ੍ਹਾਂ ਦੇ ਟੈਸਟ ਵੀ 14 ਦਿਨ ਬਾਅਦ ਸ਼ੱਕੀ ਲੱਛਣ ਸਾਹਮਣੇ ਆਉਣ ਤੋਂ ਬਾਅਦ ਹੀ ਕੀਤੇ ਜਾ ਰਹੇ ਹਨ ਪਰ ਹੁਣ ਆਈ. ਸੀ. ਐੱਮ. ਆਰ. ਨੇ ਵੱਖ-ਵੱਖ ਰਾਜਾਂ ਸਮੇਤ ਚੰਡੀਗੜ੍ਹ ਨੂੰ ਹਿਦਾਇਤ ਦਿੱਤੀ ਹੈ ਕਿ ਉਹ ਕੋਰੋਨਾ ਟੈਸਟ ਦੀ ਗਿਣਤੀ 'ਚ ਵਾਧਾ ਕਰਨ।

ਇਹ ਵੀ ਪੜ੍ਹੋ ► ਖਤਰਾ : ਕਿਵੇਂ ਹੋਵੇਗੀ ਬਲੱਡ ਡੋਨਰਜ਼ ''ਚ ਕੋਰੋਨਾ ਵਾਇਰਸ ਦੀ ਜਾਂਚ ?

ਆਈ. ਸੀ. ਐੱਮ. ਆਰ. ਨੇ ਬਣਾਈ ਰਣਨੀਤੀ
♦ ਹਾਟਸਪਾਟ 'ਚ ਇਨਫੈਕਸ਼ਨ ਦੇ ਸੰਪਰਕ 'ਚ ਆਉਣ ਵਾਲਿਆਂ ਦੇ ਵੀ ਹੋਣਗੇ ਟੈਸਟ
ਆਈ. ਸੀ. ਐੱਮ. ਆਰ. ਨੇ ਚੰਡੀਗੜ੍ਹ ਨੂੰ ਭੇਜੇ ਨਿਰਦੇਸ਼ਾਂ 'ਚ ਕਿਹਾ ਹੈ ਕਿ ਅਜਿਹੇ ਹਾਟਸਪਾਟ ਜਿਥੇ ਵੱਡੀ ਗਿਣਤੀ 'ਚ ਕੋਰੋਨਾ ਪਾਜ਼ੇਟਿਵ ਕੇਸ ਸਾਹਮਣੇ ਆਏ ਹਨ, ਉਥੇ ਕੋਰੋਨਾ ਇਨਫੈਕਟਡ ਵਿਅਕਤੀ ਦੇ ਸੰਪਰਕ 'ਚ ਆਉਣ ਵਾਲੇ ਲੋਕ ਭਾਵੇਂ ਉਨ੍ਹਾਂ 'ਚ ਕੋਰੋਨਾ ਨਾਲ ਜੁੜੇ ਲੱਛਣ ਪਾਏ ਜਾ ਰਹੇ ਹਨ ਜਾਂ ਨਹੀਂ ਉਨ੍ਹਾਂ ਸਭ ਦੇ ਕੋਰੋਨਾ ਟੈਸਟ ਕੀਤੇ ਜਾਣ। ਜਿਵੇਂ ਡੇਰਾਬਸੀ ਦਾ ਪਿੰਡ ਜਵਾਹਰਪੁਰ ਹਾਟਸਪਾਟ 'ਚ ਤਬਦੀਲ ਹੁੰਦਾ ਜਾ ਰਿਹਾ ਹੈ, ਉਂਝ ਹੀ ਹੋਰ ਹਾਟਸਪਾਟ ਨਾਲ ਸਬੰਧਤ ਲੋਕਾਂ ਦੇ ਕੋਰੋਨਾ ਪਾਜ਼ੇਟਿਵ ਦੇ ਸੰਪਰਕ 'ਚ ਆਉਣ ਵਾਲੇ ਲੱਛਣ ਨਾ ਹੋਣ ਵਾਲੇ ਲੋਕਾਂ ਦਾ ਵੀ ਕੋਰੋਨਾ ਟੈਸਟ ਕਰਨਾ ਲਾਜ਼ਮੀ ਕੀਤਾ ਗਿਆ ਹੈ। ਸਿਹਤ ਮੰਤਰਾਲੇ ਨੇ ਇਹ ਵੀ ਕਿਹਾ ਹੈ ਕਿ ਕੋਰੋਨਾ ਟੈਸਟ ਅਤੇ ਸੈਂਪਲਿੰਗ ਦਾ ਕੰਮ ਈ. ਐੱਨ. ਟੀ. ਅਤੇ ਰੈਜ਼ੀਡੈਂਟ ਡਾਕਟਰਾਂ ਨੂੰ ਵੀ ਦਿੱਤਾ ਜਾਵੇ ਤਾਂ ਕਿ ਕੋਰੋਨਾ ਦੀ ਜਾਂਚ ਜੰਗੀ ਪੱਧਰ 'ਤੇ ਕੀਤੀ ਜਾ ਸਕੇ।

ਇਹ ਵੀ ਪੜ੍ਹੋ ► ਕੈਪਟਨ ਦਾ ਵੱਡਾ ਐਲਾਨ : 30 ਜੂਨ ਤੱਕ ਬੰਦ ਰਹਿਣਗੇ ਸਾਰੇ ਵਿਦਿਅਕ ਅਦਾਰੇ

♦ ਇਕ ਹਜ਼ਾਰ ਨਵੀਆਂ ਟੈਸਟ ਕਿੱਟਾਂ ਮੰਗਵਾਈਆਂ
ਪੀ. ਜੀ. ਆਈ. ਡਾਇਰੈਕਟਰ ਪ੍ਰੋ. ਜਗਤ ਰਾਮ ਦਾ ਕਹਿਣਾ ਹੈ ਕਿ ਡਾਕਟਰ ਅਤੇ ਨਰਸ ਜੋ ਕੋਰੋਨਾ ਮਰੀਜ਼ ਦੇ ਸੰਪਰਕ 'ਚ ਆ ਰਹੇ ਹਨ, ਉਨ੍ਹਾਂ ਦੀ ਰੈਗੂਲਰ ਜਾਂਚ ਕੀਤੀ ਜਾ ਰਹੀ ਹੈ ਅਤੇ ਸਿਰਫ਼ ਈ. ਐੱਨ. ਟੀ. ਜਾਂ ਰੈਜ਼ੀਡੈਂਟ ਡਾਕਟਰ ਹੀ ਨਹੀਂ ਸਗੋਂ ਦੂਜੇ ਵਿਭਾਗ ਜਿਵੇਂ ਮੈਡੀਸਨ, ਪਲਮੋਨਰੀ, ਸਰਜਰੀ ਵਿਭਾਗਾਂ ਦੇ ਡਾਕਟਰ ਅਤੇ ਰੈਜ਼ੀਡੈਂਟ ਡਾਕਟਰਾਂ ਦੀ ਟੀਮ ਕੋਰੋਨਾ ਮਰੀਜ਼ਾਂ ਦੇ ਟੈਸਟ, ਸੈਂਪਲਿੰਗ ਅਤੇ ਇਲਾਜ 'ਚ ਲੱਗੀ ਹੋਈ ਹੈ। ਕੋਰੋਨਾ ਟੈਸਟ ਲਈ ਦਿੱਲੀ ਤੋਂ ਇਕ ਹਜ਼ਾਰ ਨਵੀਆਂ ਟੈਸਟ ਕਿੱਟਾਂ ਦਾ ਸਟਾਕ ਮੰਗਵਾਇਆ ਗਿਆ ਹੈ ਤਾਂ ਕਿ ਕੋਰੋਨਾ ਜਾਂਚ 'ਚ ਕਿਸੇ ਤਰ੍ਹਾਂ ਦੀ ਵੀ ਰੁਕਾਵਟ ਦਾ ਸਾਹਮਣਾ ਨਾ ਕਰਨਾ ਪਵੇ।

♦ ਪ੍ਰੋਟੋਕਾਲ ਮੁਤਾਬਕ ਹੀ ਕੀਤੀ ਜਾਵੇਗੀ ਜਾਂਚ
ਗੌਰਮਿੰਟ ਮੈਡੀਕਲ ਕਾਲਜ ਅਤੇ ਹਸਪਤਾਲ ਸੈਕਟਰ-32 ਦੇ ਮੈਡੀਕਲ ਸੁਪਰਡੈਂਟ ਪ੍ਰੋ. ਰਵੀ ਗੁਪਤਾ ਦਾ ਕਹਿਣਾ ਹੈ ਕਿ ਕੋਰੋਨਾ ਮਰੀਜ਼ਾਂ ਦਾ ਇਲਾਜ ਕਰਨ ਵਾਲੇ ਡਾਕਟਰਾਂ ਅਤੇ ਹੋਰ ਹੈਲਥ ਵਰਕਰਾਂ ਦੀ ਜਾਂਚ ਸਿਹਤ ਮੰਤਰਾਲਾ ਦੁਬਾਰਾ ਜਾਰੀ ਕੀਤੇ ਗਏ ਪ੍ਰੋਟੋਕਾਲ ਮੁਤਾਬਕ ਹੀ ਕੀਤੀ ਜਾਵੇਗੀ। ਪਹਿਲਾਂ ਸਿਰਫ਼ ਉਨ੍ਹਾਂ ਡਾਕਟਰਾਂ, ਨਰਸਾਂ ਅਤੇ ਪੈਰਾਮੈਡੀਕਲ ਸਟਾਫ਼ ਦੇ ਟੈਸਟ ਕੀਤੇ ਜਾ ਰਹੇ ਸਨ, ਜਿਨ੍ਹਾਂ 'ਚ ਬੁਖਾਰ ਜਾਂ ਲੂ ਨਾਲ ਸਬੰਧਤ ਕੋਈ ਲੱਛਣ ਦਿਸਦੇ ਸਨ। ਪ੍ਰੋ. ਗੁਪਤਾ ਦਾ ਕਹਿਣਾ ਹੈ ਕਿ ਸਰਕਾਰ ਕੋਰੋਨਾ ਨਾਲ ਲੜਨ ਲਈ ਨਵੀਆਂ ਰਣਨੀਤੀਆਂ ਬਣਾ ਰਹੀਆਂ ਹਨ, ਤਾਂ ਕਿ ਕੋਰੋਨਾ ਦਾ ਛੇਤੀ ਅੰਤ ਹੋ ਜਾਵੇ।

ਇਹ ਵੀ ਪੜ੍ਹੋ ► ਕਰਫਿਊ ਨੇ ਲਈ ਮਾਸੂਮ ਦੀ ਜਾਨ, ਇਲਾਜ ਨਾ ਹੋਣ ਕਾਰਣ ਦੁਨੀਆ ਛੱਡ ਗਈ 1 ਸਾਲ ਦੀ ਬੱਚੀ 

Anuradha

This news is Content Editor Anuradha