ICICI ਬੈਂਕ ਦਾ ਏ. ਟੀ. ਐੱਮ. ਲੁੱਟਣ ਵਾਲੇ ਗਿਰੋਹ ਦੇ 4 ਮੈਂਬਰ ਕਾਬੂ

06/25/2019 12:53:58 PM

ਫਾਜ਼ਿਲਕਾ (ਨਾਗਪਾਲ, ਲੀਲਾਧਰ) – ਕਰੀਬ 1 ਮਹੀਨਾ ਪਹਿਲਾਂ ਆਈ. ਸੀ. ਆਈ. ਸੀ. ਆਈ. ਬੈਂਕ ਦਾ ਏ. ਟੀ. ਐੱਮ. ਤੋੜ ਕੇ ਕਰੀਬ 16,50,000 ਰੁਪਏ ਲੁੱਟਣ ਵਾਲੇ ਗਿਰੋਹ ਦੇ ਮੈਂਬਰਾਂ ਨੂੰ ਪੁਲਸ ਨੇ ਕਾਬੂ ਕਰਨ 'ਚ ਸਫਲਤਾ ਹਾਸਲ ਕੀਤੀ ਹੈ। ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਫਾਜ਼ਿਲਕਾ ਦੇ ਡੀ. ਐੱਸ. ਪੀ. ਜਗਦੀਸ਼ ਕੁਮਾਰ ਨੇ ਦੱਸਿਆ ਕਿ ਫਾਜ਼ਿਲਕਾ ਦੇ ਐੱਸ. ਐੱਸ. ਪੀ. ਦੀਪਕ ਹਿਲੌਰੀ ਦੇ ਮਾਰਗ ਦਰਸ਼ਨ ਹੇਠ ਥਾਣਾ ਸਦਰ ਫਾਜ਼ਿਲਕਾ ਦੇ ਸਬ-ਇੰਸਪੈਕਟਰ ਕਿਸ਼ੋਰ ਚੰਦ ਨੂੰ ਦੌਰਾਨੇ ਗਸ਼ਤ ਸੂਚਨਾ ਮਿਲੀ ਸੀ ਕਿ ਲੁਧਿਆਣਾ ਦੇ ਸਿੰਧਵਾ ਬੇਟ ਇਲਾਕੇ 'ਚ ਰਾਤ ਦੇ ਸਮੇਂ ਲੁੱਟ-ਖੋਹ ਕਰਨ ਵਾਲੇ ਗਿਰੋਹ ਦੇ ਮੈਂਬਰ ਜਿਨ੍ਹਾਂ ਨੇ ਲੁਧਿਆਣਾ 'ਚ ਆਈ. ਸੀ. ਆਈ. ਸੀ. ਆਈ. ਬੈਂਕ ਦਾ ਏ. ਟੀ. ਐੱਮ. ਲੁੱਟਿਆ ਸੀ ਅਤੇ ਜੋ ਲੁਕਦੇ ਫਿਰ ਰਹੇ ਸਨ, ਇਸ ਇਲਾਕੇ 'ਚ ਵਾਰਦਾਤ ਕਰਨੀ ਚਾਹੁੰਦੇ ਹਨ। ਇਸ 'ਤੇ ਪੁਲਸ ਨੇ ਨੇੜਲੇ ਪਿੰਡ ਸਲੇਮਸ਼ਾਹ ਦੇ ਸੇਮਨਾਲੇ ਦੇ ਨੇੜੇ ਛਾਪੇਮਾਰੀ ਕਰ ਕੇ ਉਕਤ ਗਿਰੋਹ ਦੇ 5 'ਚੋਂ 4 ਮੈਂਬਰਾਂ ਨੂੰ ਕਾਬੂ ਕਰ ਲਿਆ।

ਡੀ. ਐੱਸ. ਪੀ. ਨੇ ਦੱÎਸਿਆ ਕਿ ਗਿਰੋਹ ਦੇ ਮੈਂਬਰਾਂ ਦੀ ਪਛਾਣ ਆਕਾਸ਼ਦੀਪ ਸਿੰਘ, ਸੁਨੀਲ ਕੁਮਾਰ, ਰਾਜ ਕੁਮਾਰ ਉਰਫ ਰਾਜੂ, ਕੁਲਦੀਪ ਸਿੰਘ, ਸੁਖਚੈਨ ਸਿੰਘ ਉਰਫ ਪਿੰਟੂ ਵਜੋਂ ਹੋਈ ਹੈ। ਪੁਲਸ ਨੇ ਇਨ੍ਹਾਂ 'ਚੋਂ ਸੁਖਚੈਨ ਸਿੰਘ ਨੂੰ ਛੱਡ ਕੇ ਬਾਕੀਆਂ ਨੂੰ ਕਾਬੂ ਕਰ ਲਿਆ। ਦੱÎਸਿਆ ਜਾਂਦਾ ਹੈ ਕਿ ਇਹ ਗੁਰਵਿੰਦਰਜੀਤ ਸਿੰਘ ਤੋਂ ਨਸ਼ਾ ਲੈਣ ਲਈ ਆਏ ਸਨ ਕਿ ਫੜੇ ਗਏ। ਸੁਖਚੈਨ ਸਿੰਘ ਅਤੇ ਗੁਰਵਿੰਦਰਜੀਤ ਸਿੰਘ ਫਰਾਰ ਹਨ। ਜਗਦੀਸ਼ ਕੁਮਾਰ ਨੇ ਦੱਸਿਆ ਕਿ ਏ. ਟੀ. ਐੱਮ. ਦੇ ਲੁਟੇਰੇ ਗਿਰੋਹ ਦੇ ਕੁਲ 8 ਮੈਂਬਰ ਸਨ, ਜਿਨ੍ਹਾਂ 'ਚੋਂ 3 ਪਹਿਲਾਂ ਫੜੇ ਜਾ ਚੁੱਕੇ ਹਨ ਅਤੇ ਬਾਕੀ ਪੰਜਾਂ 'ਚੋਂ ਸੁਖਚੈਨ ਸਿੰਘ ਨੂੰ ਛੱਡ ਕੇ ਬਾਕੀ 4 ਨੂੰ ਪੁਲਸ ਨੇ ਕਾਬੂ ਕਰ ਲਿਆ।


ਇਹੋ ਕੁਝ ਹੋਇਆ ਬਰਾਮਦ
ਜਗਦੀਸ਼ ਕੁਮਾਰ ਨੇ ਦੱਸਿਆ ਕਿ ਫੜੇ ਗਏ ਦੋਸ਼ੀਆਂ ਕੋਲੋਂ 32 ਬੋਰ ਦਾ ਇਕ ਪਿਸਤੌਲ, 2 ਜ਼ਿੰਦਾ ਕਾਰਤੂਸ, 2 ਰਾਡਾਂ ਅਤੇ ਇਕ ਕਿਰਚ ਬਰਾਮਦ ਹੋਈ ਹੈ।

ਪੰਜਾਂ ਖਿਲਾਫ ਨੇ ਕਈ ਮਾਮਲੇ ਦਰਜ
ਡੀ. ਐੱਸ. ਪੀ. ਨੇ ਦੱਸਿਆ ਕਿ ਇਨ੍ਹਾਂ 'ਚੋਂ ਸੁਖਚੈਨ ਸਿੰਘ ਖਿਲਾਫ ਸਿੰਧਵਾ ਬੇਟ ਲੁਧਿਆਣਾ 'ਚ 5 ਮਾਮਲੇ ਦਰਜ ਹਨ। ਪੰਜਾਂ 'ਚੋਂ ਤਿੰਨ ਅਸਲਾ ਐਕਟ ਅਤੇ ਬਾਕੀ 2 ਧਾਰਾ 379 ਦੇ ਤਹਿਤ ਦਰਜ ਹਨ। ਰਾਜ ਕੁਮਾਰ ਉਰਫ ਰਾਜੂ ਦੇ ਖਿਲਾਫ ਵੀ ਥਾਣਾ ਸਿੰਧਵਾ ਬੇਟ ਲੁਧਿਆਣਾ 'ਚ 3 ਅਸਲਾ ਐਕਟ, 2 ਐੱਨ. ਡੀ. ਪੀ. ਐੱਸ. ਐਕਟ ਅਤੇ ਇਕ ਧਾਰਾ 379 ਤਹਿਤ ਮਾਮਲਾ ਦਰਜ ਹੈ। ਦੋਸ਼ੀ ਆਕਾਸ਼ਦੀਪ ਸਿੰਘ ਉਰਫ ਕਾਸੀ ਖਿਲਾਫ ਵੀ ਥਾਣਾ ਸਿੰਧਵਾ ਬੇਟ ਲੁਧਿਆਣਾ 'ਚ ਅਸਲਾ ਐਕਟ ਦੇ ਤਹਿਤ ਤਿੰਨ ਮਾਮਲੇ ਦਰਜ ਹਨ। ਦੋਸ਼ੀ ਸੁਨੀਲ ਕੁਮਾਰ ਦੇ ਵਿਰੁੱਧ ਵੀ ਥਾਣਾ ਸਿੰਧਵਾ ਬੇਟ 'ਚ ਅਸਲਾ ਐਕਟ ਦੇ ਤਹਿਤ ਤਿੰਨ ਮਾਮਲੇ ਦਰਜ ਹਨ, ਜਦਕਿ ਕੁਲਦੀਪ ਸਿੰਘ ਉਰਫ ਬਿੱਟੂ ਦੇ ਖਿਲਾਫ ਵੀ ਥਾਣਾ ਸਿੰਧਵਾ ਬੇਟ ਲੁਧਿਆਣਾ 'ਚ 1 ਮਾਮਲਾ ਦਰਜ ਹੈ।

ਡੀ. ਐੱਸ. ਪੀ. ਜਗਦੀਸ਼ ਕੁਮਾਰ ਨੇ ਦੱਸਿਆ ਕਿ ਇਨ੍ਹਾਂ ਸਾਰੇ ਦੋਸ਼ੀਆਂ ਨੇ ਰਾਜ ਕੁਮਾਰ ਉਰਫ ਰਾਜੂ ਫਾਜ਼ਿਲਕਾ ਜ਼ਿਲਾ ਦੇ ਪਿੰਡ ਭੰਬਾ ਵੱਟੂ ਵਾਸੀ ਦੇ ਕੋਲ ਸ਼ਰਨ ਲਈ ਸੀ ਅਤੇ ਗੁਰਵਿੰਦਰਜੀਤ ਸਿੰਘ ਕੋਲ ਨਸ਼ਾ ਲੈਣ ਲਈ ਗਏ ਸੀ ਕਿ ਪੁਲਸ ਨੇ ਕਾਬੂ ਕਰ ਲਿਆ। ਸਦਰ ਪੁਲਸ ਨੇ ਇਨ੍ਹਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਏ. ਟੀ. ਐੱਮ. ਤੋਂ ਲੁੱਟੇ ਗਏ ਕਿੰਨੇ ਪੈਸੇ ਪੁਲਸ ਨੇ ਬਰਾਮਦ ਕੀਤੇ ਹਨ, ਦੇ ਉੱਤਰ 'ਚ ਕੁਮਾਰ ਨੇ ਦੱਸਿਆ ਕਿ ਮੁੱਢਲੀ ਪੁੱਛਗਿੱਛ ਉਨ੍ਹਾਂ ਦੱਸਿਆ ਕਿ ਕੁਝ ਪੈਸੇ ਖਰਚ ਕਰ ਲਏ ਅਤੇ ਕੁਝ ਆਪਣੇ ਦੋਸਤਾਂ ਦੇ ਖਾਤੇ 'ਚ ਜਮ੍ਹਾ ਕਰਵਾਏ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਨੂੰ ਪੁਲਸ ਰਿਮਾਂਡ 'ਤੇ ਲੈ ਕੇ ਅਗਲੇਰੀ ਪੁੱਛਗਿੱਛ ਕੀਤੀ ਜਾਵੇਗੀ।

rajwinder kaur

This news is Content Editor rajwinder kaur