ਗੈਂਗਸਟਰਾਂ ਨੂੰ ਉਨ੍ਹਾਂ ਦੀ ਭਾਸ਼ਾ ''ਚ ਜਵਾਬ ਦੇਵਾਂਗੇ : ਆਈ. ਜੀ.

04/17/2018 1:53:46 PM

ਬਠਿੰਡਾ (ਬਠਿੰਡਾ)-ਬਠਿੰਡਾ ਜ਼ੋਨ ਦੇ ਆਈ. ਜੀ. ਐੱਮ. ਐੱਫ. ਫਰੂਕੀ ਨੇ ਸੋਮਵਾਰ ਨੂੰ ਅਹੁਦਾ ਸੰਭਾਲਿਆ ਤੇ ਪ੍ਰੈੱਸ ਕਾਨਫਰੰਸ 'ਚ ਉਨ੍ਹਾਂ ਨੇ ਨਸ਼ੇ ਦਾ ਨੈੱਟਵਰਕ ਖਤਮ ਕਰਨ ਤੇ ਗੈਂਗਸਟਰਾਂ ਨੂੰ ਉਨ੍ਹਾਂ ਦੀ ਭਾਸ਼ਾ 'ਚ ਹੀ ਜਵਾਬ ਦੇਣ ਦੇ ਸੰਕੇਤ ਦਿੱਤੇ। ਉਨ੍ਹਾਂ ਦੱਸਿਆ ਕਿ ਨਸ਼ਾ ਦੋ ਮਾਮਲਿਆਂ ਨਾਲ ਜੁੜਿਆ ਹੋਇਆ ਹੈ ਪਹਿਲਾ ਸਪਲਾਈ ਤੇ ਦੂਜਾ ਡਿਮਾਂਡ। ਸਪਲਾਈ ਨੂੰ ਤਾਂ ਤੋੜਿਆ ਜਾ ਸਕਦਾ ਹੈ ਪਰ ਡਿਮਾਂਡ ਨੂੰ ਸਮਾਜਿਕ ਤੌਰ 'ਤੇ ਹੀ ਖਤਮ ਕੀਤਾ ਜਾ ਸਕਦਾ ਹੈ, ਜਿਸ ਲਈ ਸਮਾਜਿਕ ਸੰਸਥਾਵਾਂ ਨੂੰ ਨਾਲ ਜੋੜਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਪੰਜਾਬ ਦੀ ਹਰਿਆਣਾ ਤੇ ਰਾਜਸਥਾਨ ਦੀ ਸੀਮਾ ਨਜ਼ਦੀਕ ਸਮੱਗਲਿੰਗ ਹੁੰਦੀ ਹੈ, ਜਿਸ ਲਈ ਆਈ. ਜੀ. ਪੱਧਰ ਤਕ ਗੱਲਬਾਤ ਕਰ ਕੇ ਨਸ਼ੇ ਦੇ ਨੈੱਟਵਰਕ ਨੂੰ ਤੋੜਿਆ ਜਾਵੇਗਾ ਤੇ ਤਸਕਰਾਂ ਨੂੰ ਜੇਲ ਦੀ ਹਵਾ ਖੁਵਾਈ ਜਾਵੇਗੀ। ਪੁਲਸ ਨੇ ਇਸ ਤੋਂ ਪਹਿਲਾਂ ਵੀ ਕਈ ਵੱਡੇ ਸਮੱਗਲਰਾਂ ਨੂੰ ਗ੍ਰਿਫਤਾਰ ਕੀਤਾ ਹੈ। ਉਨ੍ਹਾਂ ਮੰਨਿਆ ਕਿ ਅਜੇ ਨਸ਼ਾ ਪੂਰੀ ਤਰ੍ਹਾਂ ਖਤਮ ਨਹੀਂ ਹੋਇਆ ਇਸ ਲਈ ਕੋਸ਼ਿਸ਼ ਜਾਰੀ ਹੈ। ਉਨ੍ਹਾਂ ਕਿਹਾ ਕਿ ਗੈਂਗਸਟਰਾਂ ਨੂੰ ਉਨ੍ਹਾਂ ਦੀ ਭਾਸ਼ਾ 'ਚ ਹੀ ਜਵਾਬ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਹਰੇਕ ਵਿਅਕਤੀ ਨੂੰ ਇਨਸਾਫ ਮਿਲੇਗਾ ਤੇ ਲੋਕਾਂ ਨੂੰ ਪੁਲਸ ਵੱਲੋਂ ਹੋਰ ਵਧੀਆ ਸੇਵਾਵਾਂ ਪ੍ਰਦਾਨ ਕੀਤੀਆਂ ਜਾਣਗੀਆਂ। ਆਈ. ਜੀ. ਨੇ ਕਿਹਾ ਜੇਕਰ ਕਿਸੇ ਵੀ ਪੁਲਸ ਕਰਮੀ ਭਾਵੇਂ ਉਹ ਵੱਡਾ ਅਫ਼ਸਰ ਹੀ ਕਿਉਂ ਨਾ ਹੋਵੇ, ਗਲਤੀ ਕੀਤੀ ਤਾਂ ਉਸ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਆਈ. ਜੀ. ਨਾਲ ਆਏ ਐੱਸ. ਐੱਸ. ਪੀ. ਨਵੀਨ ਸਿੰਗਲਾ ਨੇ ਕਿਹਾ ਕਿ ਸਾਰੇ ਥਾਣਿਆਂ ਦੀ ਬਿਹਤਰੀ ਅਤੇ ਭਲਾਈ ਕੰਮਾਂ ਲਈ 1-1 ਲੱਖ ਰੁਪਏ ਦੀ ਗ੍ਰਾਂਟ ਦਿੱਤੀ ਗਈ ਹੈ। ਪੰਜਾਬ ਸਰਕਾਰ ਤੋਂ ਇਸ ਲਈ 25 ਲੱਖ ਰੁਪਏ ਮਿਲਿਆ ਸੀ, ਜਿਸ ਨਾਲ ਥਾਣਿਆਂ 'ਚ ਲੋਕਾਂ ਨੂੰ ਬੈਠਣ ਵਾਲੇ ਆਰਾਮ ਘਰਾਂ ਤੇ ਮੈੱਸ 'ਤੇ ਖਰਚਾ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਆਵਾਜਾਈ ਨੂੰ ਦਰੁੱਸਤ ਕਰਨ ਲਈ ਜੋ ਕਦਮ ਚੁੱਕੇ ਸੀ ਉਸ 'ਚ ਵੱਡੀ ਸਫਲਤਾ ਹੱਥ ਲੱਗੀ ਹੈ ਤੇ ਲੋਕਾਂ ਨੂੰ ਵੀ ਇਸ ਸਬੰਧੀ ਜਾਗਰੂਕ ਕੀਤਾ ਗਿਆ।