ਵਿਆਹ ਤੋਂ 2 ਮਹੀਨੇ ਬਾਅਦ ਇਟਲੀ ਗਿਆ ਪਤੀ ਵਾਪਸ ਨਹੀਂ ਆਇਆ

10/22/2018 1:21:09 PM

ਲੁਧਿਆਣਾ (ਵਰਮਾ) : ਥਾਣਾ ਵੂਮੈਨ ਸੈੱਲ ਦੀ ਪੁਲਸ ਨੇ 3 ਵਿਆਹੁਤਾ ਔਰਤਾਂ ਦੀ ਸ਼ਿਕਾਇਤ 'ਤੇ ਦਾਜ ਲਈ ਤੰਗ-ਪਰੇਸ਼ਾਨ ਕਰਨ ਦੇ 4 ਕੇਸ ਦਰਜ ਕੀਤੇ ਹਨ। ਪਹਿਲੇ ਮਾਮਲੇ 'ਚ ਪਰਵਿੰਦਰ ਕੌਰ ਵਾਸੀ ਜਸਦੇਵ ਸਿੰਘ ਨਗਰ ਗਿੱਲ ਰੋਡ ਨੇ ਥਾਣਾ ਵੂਮੈਨ ਸੈੱੱਲ ਦੀ ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਦੱਸਿਆ ਕਿ ਉਸ ਦਾ ਵਿਆਹ 29 ਨਵੰਬਰ, 2013 ਨੂੰ ਜਸਵੰਤ ਸਿੰਘ ਨਿਵਾਸੀ ਬੈਂਕ ਕਾਲੋਨੀ ਸਮਰਾਲਾ ਰੋਡ ਮਾਛੀਵਾੜਾ ਨਾਲ ਹੋਇਆ ਸੀ।

ਵਿਆਹ ਦੇ ਕੁੱਝ ਦਿਨ ਬਾਅਦ ਮੇਰੇ ਸਹੁਰੇ ਪਰਿਵਾਰ ਵਾਲੇ ਮੈਨੂੰ ਦਾਜ ਲਿਆਉਣ ਲਈ  ਕੁੱਟ-ਮਾਰ ਕਰਨ ਲੱਗੇ। ਪੀੜਤਾ ਨੇ ਦੱਸਿਆ ਕਿ ਵਿਚੋਲਣ ਨੇ ਮੇਰੇ ਰਿਸ਼ਤਾ ਕਰਨ ਸਮੇਂ ਕਿਹਾ ਸੀ ਕਿ ਲੜਕਾ ਕੁਆਰਾ ਹੈ ਅਤੇ ਲੜਕਾ ਇਟਲੀ ਵਿਚ ਰਹਿੰਦਾ ਹੈ। ਵਿਆਹ ਤੋਂ ਕੁੱਝ ਸਮੇਂ ਬਾਅਦ ਮੈਨੂੰ ਪਤਾ ਲੱਗਾ ਕਿ ਮੇਰੇ ਪਤੀ ਦਾ ਇਟਲੀ 'ਚ ਪਹਿਲਾਂ ਵਿਆਹ ਹੋ ਚੁੱਕਾ ਹੈ। ਇੰਨਾ ਹੀ ਨਹੀਂ ਮੇਰੇ ਵਿਆਹ ਦੇ ਕੁੱਝ ਸਮੇਂ ਬਾਅਦ ਮੇਰੇ ਪਤੀ ਦੀ ਪਹਿਲੀ ਪਤਨੀ ਮੇਰੇ ਸਹੁਰੇ ਆ ਗਈ।

ਜਦੋਂ ਮੈਂ ਇਸ ਦਾ ਵਿਰੋਧ ਕੀਤਾ ਤਾਂ ਮੇਰੇ ਸਹੁਰੇ ਪਰਿਵਾਰ ਨੇ ਮੈਨੂੰ ਕਿਹਾ ਕਿ ਜੇਕਰ ਤੂੰ ਇਹ ਗੱਲ ਆਪਣੇ ਪੇਕੇ ਵਾਲਿਆਂ ਨੂੰ ਦੱਸੀ ਤਾਂ ਉਹ ਮੈਨੂੰ ਜਾਨ ਤੋਂ ਮਾਰ ਦੇਣਗੇ। ਵਿਆਹ ਤੋਂ ਦੋ ਮਹੀਨੇ ਬਾਅਦ ਮੇਰਾ ਪਤੀ ਇਟਲੀ ਵਾਪਸ ਚਲਾ ਗਿਆ, ਜੋ ਬਾਅਦ 'ਚ ਵਾਪਸ ਨਹੀਂ ਆਇਆ। ਜਾਂਚ ਅਧਿਕਾਰੀ ਮੱਖਣ ਸਿੰਘ ਨੇ ਜਾਂਚ ਵਿਚ ਪੀੜਤਾ ਦੇ ਪਤੀ ਜਸਵੰਤ ਸਿੰਘ ਖਿਲਾਫ ਦਾਜ ਲਈ ਪਰੇਸ਼ਾਨ ਕਰਨ ਦਾ ਕੇਸ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ।