ਪਤਨੀ ਦਾ ਕਤਲ ਕਰਨ ਵਾਲਾ ਪਤੀ ਪੁਲਸ ਵੱਲੋਂ ਗ੍ਰਿਫ਼ਤਾਰ

03/30/2024 3:05:01 PM

ਲੁਧਿਆਣਾ (ਅਨਿਲ) : ਥਾਣਾ ਜੋਧੇਵਾਲ ਅਧੀਨ ਆਉਂਦੇ ਏਕਜੋਤ ਨਗਰ ’ਚ ਵੀਰਵਾਰ ਨੂੰ ਇਕ ਪਤੀ ਨੇ ਆਪਣੀ ਪਤਨੀ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ ਸੀ, ਜਿਸ ਤੋਂ ਬਾਅਦ ਜੋਧੇਵਾਲ ਪੁਲਸ ਨੇ ਮ੍ਰਿਤਕ ਔਰਤ ਆਸ਼ਮਾ ਦੀ ਲਾਸ਼ ਕਬਜ਼ੇ ’ਚ ਲੈ ਕੇ ਕਤਲ ਕਰਨ ਵਾਲੇ ਉਸ ਦੇ ਪਤੀ ਮੁੰਨਾ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰ ਲਿਆ ਸੀ। ਥਾਣਾ ਮੁਖੀ ਗੁਰਦਿਆਲ ਸਿੰਘ ਨੇ ਦੱਸਿਆ ਕਿ ਕਤਲ ਕਰਨ ਤੋਂ ਬਾਅਦ ਮੁਲਜ਼ਮ ਮੁੰਨਾ ਘਰੋਂ ਫ਼ਰਾਰ ਹੋ ਗਿਆ, ਜਿਸ ਤੋਂ ਬਾਅਦ ਪੁਲਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਨ ਲਈ ਕਈ ਟੀਮਾਂ ਬਣਾਈਆਂ।

ਪੁਲਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਨ ਲਈ ਰੇਲਵੇ ਸਟੇਸ਼ਨ, ਬੱਸ ਅੱਡੇ ’ਤੇ ਟੀਮਾਂ ਭੇਜੀਆਂ, ਜਿਸ ਦੌਰਾਨ ਪੁਲਸ ਨੂੰ ਮੁਖਬਰ ਖ਼ਾਸ ਨੇ ਸੂਚਨਾ ਦਿੱਤੀ ਕਿ ਮੁਲਜ਼ਮ ਭੱਜਣ ਦੀ ਤਾਕ ’ਚ ਹੈ, ਜੋ ਬਸਤੀ ਜੋਧੇਵਾਲ ਚੌਂਕ ਤੋਂ ਪੈਦਲ ਜਾ ਰਿਹਾ ਹੈ, ਜਿਸ ’ਤੇ ਥਾਣਾ ਮੁਖੀ ਨੇ ਤੁਰੰਤ ਕਾਰਵਾਈ ਕਰਦੇ ਹੋਏ ਰਾਹੋਂ ਰੋਡ ਵਿਖੇ ਮੁਲਜ਼ਮ ਮੁੰਨਾ ਨੂੰ ਉਸ ਸਮੇਂ ਗ੍ਰਿਫ਼ਤਾਰ ਕੀਤਾ, ਜਦੋਂ ਉਹ ਕਿਸੇ ਬੱਸ ’ਚ ਬੈਠ ਕੇ ਸ਼ਹਿਰ ਛੱਡ ਕੇ ਭੱਜ ਰਿਹਾ ਸੀ।

ਥਾਣਾ ਮੁਖੀ ਨੇ ਦੱਸਿਆ ਕਿ ਮੁਲਜ਼ਮ ਨੂੰ ਅਦਾਲਤ ’ਚ ਪੇਸ਼ ਕੀਤਾ ਗਿਆ ਸੀ, ਜਿਥੋਂ ਮੁਲਜ਼ਮ ਦਾ 2 ਦਿਨ ਦਾ ਰਿਮਾਂਡ ਹਾਸਲ ਕੀਤਾ ਗਿਆ ਤਾਂਕਿ ਮੁਲਜ਼ਮ ਤੋਂ ਕਤਲ ਲਈ ਵਰਤਿਆ ਚਾਕੂ ਬਰਾਮਦ ਕੀਤਾ ਜਾ ਸਕੇ।
 

Babita

This news is Content Editor Babita