‘ਜਗ ਬਾਣੀ’ ਨੇ ਮਾਂ ਦੀ ਗੋਦ ’ਚ ਪਹੁੰਚਾਇਆ ਉਸ ਦਾ ਲਾਡਲਾ

07/18/2018 6:02:07 AM

ਫਿਲੌਰ(ਭਾਖੜੀ)-ਆਪਣੇ 4 ਮਹੀਨੇ ਦੇ ਬੱਚੇ ਨੂੰ ਗੋਦ ’ਚ ਬਿਠਾ ਕੇ ਮਾਂ ਤੋਂ ਖੁਸ਼ੀ ਨਹੀਂ ਸਾਂਭੀ ਜਾ ਰਹੀ ਸੀ। ਫਿਲੌਰ ਦੇ ਮਈਆ ਦਰਬਾਰ ਦੇ ਬਾਹਰ ਅਗਵਾ ਹੋਏ ਬੱਚੇ  ਨੂੰ ਬੜੀ ਮਿਹਨਤ ਨਾਲ 11 ਦਿਨ ਬਾਅਦ ਸੁਰੱਖਿਅਤ ਬਰਾਮਦ ਕਰ ਕੇ  ‘ਜਗ ਬਾਣੀ’ ਨੇ ਉਸ ਦੀ ਮਾਂ  ਕੋਲ ਪਹੁੰਚਾਇਆ। ਖੁਸ਼ੀ ਨਾਲ ਭਰੀਆਂ ਅੱਖਾਂ ਨਾਲ ਮਾਂ ਦੇ ਬੋਲ ਸਨ ਕਿ ‘ਜਗ ਬਾਣੀ’ ਨੇ ਅੱਜ ਉਸ ਦੇ ਜਿਗਰ ਦੇ  ਟੁਕੜੇ ਨੂੰ ਉਸ ਦੀ ਝੋਲੀ ’ਚ ਪਾ ਦਿੱਤਾ ਹੈ। ਬੱਚੀ ਨੂੰ ਅਗਵਾ ਕਰਨ ਦੇ ਕੇਸ ’ਚ ’ਜਗ ਬਾਣੀ’ ਟੀਮ ਨੇ ਪੂਰੀ ਇਨਵੈਸਟੀਗੇਸ਼ਨ ਕੀਤੀ ਅਤੇ ਇਸ ਦੀ ਕਵਰੇਜ ਕਾਰਨ ਪੁਲਸ ਮਨੁੱਖੀ  ਸਮੱਗਲਰਾਂ ਤਕ ਪਹੁੰਚੀ। ਇਸ ਸਬੰਧੀ ਜਦੋਂ ਫਿਲੌਰ ਵਿਚ ਪ੍ਰੈੱਸ ਕਾਨਫਰੰਸ  ਹੋ ਰਹੀ ਸੀ ਤਾਂ ਜਲੰਧਰ ਦਿਹਾਤ ਦੇ ਐੱਸ. ਐੱਸ. ਪੀ. ਨਵਜੋਤ ਸਿੰਘ ਨੇ ‘ਜਗ ਬਾਣੀ’ ਨੂੰ  ਫੋਨ ਕੀਤਾ ਤੇ ਕਿਹਾ ਕਿ ‘ਜਗ ਬਾਣੀ’ ਕਾਰਨ ਹੀ ਉਹ ਇਸ ਬੱਚੇ ਨੂੰ ਬਰਾਮਦ ਕਰ ਕੇ ਉਸ ਦੀ  ਮਾਂ ਤੱਕ ਪਹੁੰਚਾ ਸਕੇ ਹਨ। ‘ਜਗ ਬਾਣੀ’ ਨੂੰ ਇਸ ਵਧੀਆ ਕਵਰੇਜ ਲਈ ਉਹ ਖੁਦ ਪੰਜਾਬ ਦੇ  ਰਾਜਪਾਲ ਨੂੰ ਚਿੱਠੀ ਲਿਖ ਰਹੇ ਹਨ। 
 ਕਿਵੇਂ ਦਿੰਦੇ ਸਨ ਘਟਨਾ ਨੂੰ ਅੰਜਾਮ
ਫਿਲੌਰ ਪੁਲਸ ਨੇ ਲੁਧਿਆਣਾ ਵਿਚ ਵੱਡੇ  ਪੱਧਰ ’ਤੇ ਚੱਲ ਰਹੇ ਮਨੁੱਖੀ  ਸਮੱਗਲਿੰਗ ਦੇ ਅੱਡੇ ਦਾ ਭਾਂਡਾ ਭੰਨ ਕੇ ਬਠਿੰਡਾ ਵਿਚ 2  ਲੱਖ ਰੁਪਏ ਵਿਚ ਵੇਚੇ ਬੱਚੇ ਨੂੰ ਉਸ ਦੀ ਮਾਂ  ਕੋਲ ਪਹੁੰਚਾ ਦਿੱਤਾ। ਪੁਲਸ ਨੇ ਲੁਧਿਆਣਾ  ਦੀਆਂ ਵੱਖ-ਵੱਖ ਥਾਵਾਂ ’ਤੇ ਛਾਪੇਮਾਰੀ ਕਰ ਕੇ ਮਨੁੱਖੀ ਸਮੱਗਲਿੰਗ ਦੇ  ਖੁੱਲ੍ਹੇ ਤਿੰਨ  ਅੱਡਿਆਂ ਤੋਂ ਪੰਜ ਵਿਅਕਤੀਆਂ ਨੂੰ ਕਾਬੂ ਕਰਨ ਵਿਚ ਸਫਲਤਾ ਹਾਸਲ ਕਰ ਲਈ  ਜਦੋਂਕਿ ਦੋ  ਹੋਰਨਾਂ ਅੱਡਿਆਂ ਤੋਂ 3 ਲੋਕ ਭੱਜਣ ਵਿਚ ਕਾਮਯਾਬ ਹੋ ਗਏ। ਪੱਤਰਕਾਰ ਸਮਾਗਮ ਵਿਚ ਡੀ.ਐੱਸ.ਪੀ. ਚਾਹਲ ਨੇ ਦੱਸਿਆ ਕਿ ਛੋਟੇ ਬੱਚਿਆਂ ਦੀ ਸਮੱਗਲਿੰਗ ਕਰਨ ਵਾਲੇ  ਸਹਾਰਨਪੁਰ ਦੇ ਰਹਿਣ ਵਾਲੇ ਨਫੀਸ ਅਤੇ ਨਜੀਮ ਨੇ ਇਸ ਧੰਦੇ  ਲਈ ਲੁਧਿਆਣਾ ਦੇ  ਗੁਰੂ ਗੋਬਿੰਦ ਸਿੰਘ ਨਗਰ, ਟਿੱਬਾ ਰੋਡ ’ਤੇ ਕਿਰਾਏ ਦੇ ਮਕਾਨ ਲੈ ਕੇ ਉਨ੍ਹਾਂ ਵਿਚ ਮਨੁੱਖੀ ਸਮੱਗਲਿੰਗ ਦੇ ਅੱਡੇ ਖੋਲ੍ਹ ਦਿੱਤੇ। ਇਸ ਦੌਰਾਨ ਨਫੀਸ ਦੀ ਡਾਬਾ ਕਾਲੋਨੀ ਦੀ ਰਹਿਣ ਵਾਲੀ  ਤਿੰਨ ਬੱਚਿਆਂ ਦੀ ਮਾਂ ਸਰਬਜੀਤ ਕੌਰ ਨਾਲ ਦੋਸਤੀ ਪੈ ਗਈ। ਮੋਟੇ ਰੁਪਏ ਆਉਂਦੇ ਦੇਖ ਕੇ ਉਹ ਵੀ ਉਨ੍ਹਾਂ ਦੇ ਗਿਰੋਹ ਵਿਚ ਸ਼ਾਮਲ ਹੋ ਗਈ। ਇਹ ਲੋਕ ਧਾਰਮਿਕ ਥਾਵਾਂ ’ਤੇ ਪਤੀ-ਪਤਨੀ ਬਣ  ਕੇ ਘੁੰਮਦੇ ਸਨ ਅਤੇ ਮੌਕਾ ਦੇਖ ਕੇ ਛੋਟੇ ਬੱਚਿਆਂ ਨੂੰ ਚੁੱਕ ਲੈਂਦੇ ਸਨ ਜਿਸ ਨੂੰ ਫਿਰ  ਅੱਗੇ ਲੜਕਾ ਹਾਸਲ ਕਰਨ ਦੇ ਚਾਹਵਾਨਾਂ ਨੂੰ ਮੋਟੀ ਬੋਲੀ ਲਾ ਕੇ ਵੇਚ ਦਿੰਦੇ ਸਨ।  ਬੀਤੀ 5  ਜੁਲਾਈ ਨੂੰ ਇਹ ਫਿਲੌਰ ਦੇ ਮਈਆ ਦਰਬਾਰ ਦੇ ਬਾਹਰੋਂ ਚਾਰ ਮਹੀਨੇ ਦੇ ਮਾਸੂਮ ਬੱਚੇ ਨੂੰ ਚੁੱਕ ਕੇ ਲੁਧਿਆਣਾ ਲੈ ਗਏ, ਜਿਥੇ ਉਨ੍ਹਾਂ ਨੇ ਬੋਲੀ ਲਾ ਕੇ ਬਠਿੰਡਾ  ਦੀਆਂ ਰਹਿਣ ਵਾਲੀਆਂ ਦੋ ਬੇਟੀਆਂ ਦੀ ਮਾਂ ਨੂੰ 2 ਲੱਖ ਰੁਪਏ ਵਿਚ ਵੇਚ ਦਿੱਤਾ, ਜਿਸ ਨੂੰ  ਬੀਤੀ ਰਾਤ ਥਾਣਾ ਮੁਖੀ ਜਤਿੰਦਰ ਸਿੰਘ ਦੀ ਟੀਮ ਨੇ ਸੁਰੱਖਿਅਤ ਛੁਡਵਾ ਕੇ ਉਸ ਨੂੰ ਉਸ ਦੀ  ਅਸਲੀ ਮਾਂ  ਕੋਲ ਪਹੁੰਚਾ ਦਿੱਤਾ।

ਲੜਕਾ ਹੋਣ ਦੀ ਖੁਸ਼ੀ ਵਿਚ ਨਚਾਉਣੇ ਸਨ ਹਿੱਜੜੇ, ਪੁੱਜ ਗਈ ਜੇਲ
ਡੀ.ਐੱਸ.ਪੀ.  ਚਾਹਲ ਨੇ ਦੱਸਿਆ ਕਿ ਵੀਰਪਾਲ ਕੌਰ, ਜੋ ਕਿ ਬਠਿੰਡਾ ਦੀ ਰਹਿਣ ਵਾਲੀ ਹੈ, ਦਾ ਪਤੀ ਵਿਦੇਸ਼ ਵਿਚ ਰਹਿੰਦਾ ਹੈ। ਵੀਰਪਾਲ ਕੌਰ ਦੇ ਘਰ ਇਕ ਤੋਂ ਬਾਅਦ ਇਕ ਤਿੰਨ ਲੜਕੀਆਂ ਪੈਦਾ ਹੋ  ਗਈਆਂ, ਜਿਨ੍ਹਾਂ ਵਿਚੋਂ ਇਕ ਲੜਕੀ ਦੀ ਮੌਤ ਵੀ ਹੋ ਚੁੱਕੀ ਹੈ। ਉਸ ਨੇ ਆਪਣੇ ਪਤੀ ਨੂੰ ਖੁਸ਼  ਕਰਨ ਲਈ ਲੁਧਿਆਣਾ ਵਿਚ ਰਹਿੰਦੀ ਆਪਣੀ ਰਿਸ਼ਤੇਦਾਰ ਔਰਤ ਤੋਂ ਲੜਕਾ ਗੋਦ ਲੈਣ ਬਦਲੇ ਮੋਟੇ  ਰੁਪਏ ਦੇਣ ਦੀ ਪੇਸ਼ਕਸ਼ ਕੀਤੀ। ਉਸ ਦੀ ਔਰਤ ਰਿਸ਼ਤੇਦਾਰ ਰੁਪਇਆ ਦੇ ਲਾਲਚ ਕਾਰਨ ਮਨੁੱਖੀ  ਸਮੱਗਲਿੰਗ ਗਿਰੋਹ ਨਾਲ ਸੰਪਰਕ ਵਿਚ ਆ ਗਈ ਅਤੇ ਉਨ੍ਹਾਂ ਨੇ ਦਰਬਾਰ ਤੋਂ ਬੱਚਾ ਚੁੱਕ ਕੇ  ਵੀਰਪਾਲ ਕੌਰ ਨੂੰ ਦੋ ਲੱਖ ਰੁਪਏ ਵਿਚ ਵੇਚ ਦਿੱਤਾ। ਉਧਰ, ਵੀਰਪਾਲ ਕੌਰ ਨੇ ਵਿਦੇਸ਼  ਰਹਿੰਦੇ ਆਪਣੇ ਪਤੀ ਨੂੰ ਪਹਿਲਾਂ ਝੂਠ ਹੀ ਕਹਿ ਦਿੱਤਾ ਸੀ ਕਿ  ਉਹ ਮੁੜ ਗਰਭਵਤੀ ਹੋ  ਚੁੱਕੀ ਹੈ ਅਤੇ ਚਾਰ ਮਹੀਨੇ ਦਾ ਬੱਚਾ ਖਰੀਦਣ ਤੋਂ ਬਾਅਦ ਉਸ ਨੇ ਪਤੀ ਨੂੰ ਫੋਨ ਕਰ ਕੇ ਕਹਿ  ਦਿੱਤਾ ਕਿ ਉਸ ਦੇ ਲੜਕਾ ਹੋ ਗਿਆ। ਲੜਕਾ ਹੋਣ ਦੀ ਖੁਸ਼ੀ ਵਿਚ ਉਨ੍ਹਾਂ ਨੇ ਘਰ ਵਿਚ ਹਿਜੜੇ  ਨਚਾਉਣ ਦੀ ਤਿਆਰੀ ਵੀ ਕਰ ਲਈ। ਆਖਿਰਕਾਰ ਵੀਰਪਾਲ ਦੇ ਲੜਕਾ ਲੈਣ ਦੇ ਸਾਰੇ ਅਰਮਾਨ  ਧਰੇ-ਧਰਾਏ ਰਹਿ ਗਏ। ਜਦੋਂ ਪੁਲਸ ਨੇ ਬੀਤੀ ਰਾਤ ਰੇਡ ਕਰ ਕੇ ਬੱਚਾ ਸੁਰੱਖਿਅਤ ਬਰਾਮਦ ਕਰ  ਕੇ ਵੀਰਪਾਲ ਦੇ ਝੂਠ ਦਾ ਭਾਂਡਾ ਭੰਨਦੇ ਹੋਏ ਉਸ ਨੂੰ ਵੀ ਸਮੱਗਲਰਾਂ ਦਾ ਸਾਥ ਦੇਣ ਦੇ ਦੋਸ਼  ਵਿਚ ਗ੍ਰਿਫਤਾਰ ਕਰ ਲਿਆ।
ਹੋਰ ਵੀ ਹੋ ਸਕਦੇ ਹਨ ਵੱਡੇ ਖੁਲਾਸੇ
ਡੀ.ਐੱਸ.ਪੀ.  ਅਮਰੀਕ ਸਿੰਘ ਚਾਹਲ ਨੇ ਦੱਸਿਆ ਕਿ ਪੁਲਸ ਪਾਰਟੀ ਦੇ ਹੱਥ ਮਨੁੱਖੀ ਸਮੱਗਲਿੰਗ ਗਿਰੋਹ ਦੇ  ਪੰਜ ਵਿਅਕਤੀ ਲੱਗੇ ਹਨ। ਇਨ੍ਹਾਂ ਦੇ ਤਿੰਨ ਸਾਥੀਆਂ ਨੂੰ ਫੜਨ ਲਈ ਪੁਲਸ ਨੇ ਹਰ ਪਾਸੇ  ਘੇਰਾਬੰਦੀ ਕੀਤੀ ਹੋਈ ਹੈ। ਉਨ੍ਹਾਂ ਕਿਹਾ ਕਿ ਇਸ ਗਿਰੋਹ ਨੇ ਪਤਾ ਨਹੀਂ ਹੋਰ ਕਿੰਨੇ  ਬੱਚਿਆਂ ਨੂੰ ਚੁੱਕ ਕੇ ਇਸ ਤਰ੍ਹਾਂ ਵੇਚਿਆ ਹੈ, ਇਨ੍ਹਾਂ ਦੇ ਸਾਰੇ ਸਾਥੀਆਂ ਨੂੰ ਫੜ ਕੇ ਉਸ ਦਾ  ਵੀ ਜਲਦੀ ਖੁਲਾਸਾ ਕੀਤਾ ਜਾਵੇਗਾ ਅਤੇ ਜਿਨ੍ਹਾਂ ਬੱਚਿਆਂ ਨੂੰ ਇਨ੍ਹਾਂ ਨੇ ਇਸ ਤਰ੍ਹਾਂ ਜਿਥੇ  ਵੀ ਵੇਚਿਆ ਹੈ, ਨੂੰ ਉਥੋਂ ਬਰਾਮਦ ਕਰ ਕੇ ਅਸਲੀ ਮਾਂ-ਬਾਪ ਦੇ ਕੋਲ ਪਹੁੰਚਾਇਆ  ਜਾਵੇਗਾ। ਪੱਤਰਕਾਰ ਮਿਲਣੀ ਦੌਰਾਨ ਡੀ.ਐੱਸ.ਪੀ. ਚਾਹਲ ਨੇ ਕਿਹਾ ਕਿ ਉਹ ਹਰ ਉਸ ਬੱਚੇ ਨੂੰ  ਉਸ ਦੀ ਅਸਲੀ ਮਾਂ ਦੀ ਗੋਦ ਵਿਚ ਪਹੁੰਚਾਉਣਗੇ, ਜਿਨ੍ਹਾਂ ਨੂੰ ਇਨ੍ਹਾਂ ਨੇ ਵੇਚਿਆ ਹੈ।
ਪੁਲਸ ਕਿਵੇਂ ਪੁੱਜੀ ਗਿਰੋਹ ਤੱਕ
ਡੀ.ਐੱਸ.ਪੀ.  ਅਮਰੀਕ ਸਿੰਘ ਚਾਹਲ ਨੇ ਦੱਸਿਆ ਕਿ ਬੱਚੇ ਦੇ ਗੁੰਮ ਹੋਣ ਤੋਂ 8 ਦਿਨ ਬਾਅਦ ਉਨ੍ਹਾਂ  ਦੇ ਇਕ  ਸੂਤਰ ਨੇ ਫੋਨ ਕਰ ਕੇ ਦੱਸਿਆ ਕਿ ਜਿਸ ਬੱਚੇ ਦੀ ਤੁਸੀਂ ਭਾਲ ਕਰ ਰਹੇ ਹੋ, ਉਸ ਦੀ ਲੁਧਿਆਣਾ  ਵਿਚ ਵੱਡੇ ਪੱਧਰ ’ਤੇ ਬੋਲੀ ਲਗ ਰਹੀ ਹੈ ਅਤੇ ਬਠਿੰਡਾ ਦੀ ਰਹਿਣ ਵਾਲੀ ਔਰਤ ਵੀਰਪਾਲ ਕੌਰ  ਨੇ ਦੋ ਲੱਖ ਰੁਪਏ ਦੀ ਬੋਲੀ ਦੇ ਕੇ ਉਸ ਨੂੰ ਖਰੀਦ ਲਿਆ ਹੈ, ਜਿਸ ’ਤੇ ਡੀ.ਐੱਸ.ਪੀ. ਨੇ  ਤੁਰੰਤ ਥਾਣਾ ਮੁਖੀ ਜਤਿੰਦਰ ਸਿੰਘ ਦੀ ਅਗਵਾਈ ਵਿਚ ਟੀਮ ਤਿਆਰ ਕੀਤੀ, ਜਿਨ੍ਹਾਂ 48  ਘੰਟੇ ਲਗਾਤਾਰ ਸਖਤ ਮਿਹਨਤ ਕਰ ਕੇ ਗਿਰੋਹ ਦੇ ਪੰਜ ਵਿਅਕਤੀਆਂ ਪੂਰਨ, ਨਫੀਸ, ਮੋਹਿੰਦਰ,  ਸਰਬਜੀਤ ਕੌਰ ਅਤੇ ਵੀਰਪਾਲ ਨੂੰ ਦਬੋਚ ਕੇ ਬੱਚਾ ਸੁਰੱਖਿਅਤ ਬਰਾਮਦ ਕਰ ਲਿਆ ਜਦੋਂਕਿ  ਉਨ੍ਹਾਂ ਦੇ ਤਿੰਨ ਹੋਰ ਸਾਥੀ ਭੱਜਣ ਵਿਚ ਕਾਮਯਾਬ ਹੋ ਗਏ।