ਹੁੱਕੇ ਦੇ ਧੂੰਏਂ 'ਚ ਉੱਡ ਰਹੀ ਹੈ ਅੱਜ ਦੀ ਜਵਾਨੀ, ਲੜਕੀਆਂ 'ਚ ਵੀ ਵਧਿਆ ਕ੍ਰੇਜ਼

12/01/2019 12:59:03 PM

ਜਲੰਧਰ (ਵਰੁਣ)— ਸ਼ਹਿਰ ਦੇ ਨੌਜਵਾਨਾਂ ਦੀ ਜਵਾਨੀ ਹੁੱਕੇ ਦੇ ਧੂੰਏਂ 'ਚ ਉੱਡ ਰਹੀ ਹੈ। ਰੈਸਟੋਰੈਂਟਾਂ ਦੀ ਆੜ 'ਚ ਚੱਲ ਰਹੇ ਹੁੱਕਾ ਬਾਰਾਂ 'ਚ ਨਾਬਾਲਗ ਲੜਕੇ ਹੁੱਕੇ ਦੇ ਛੱਲੇ ਬਣਾ ਕੇ ਆਪਣੀ ਜ਼ਿੰਦਗੀ ਖਰਾਬ ਕਰ ਰਹੇ ਹਨ, ਹਾਲਾਂਕਿ ਕੁਝ ਹੁਕਾਂ ਬਾਰਾਂ 'ਚ ਹੁੱਕੇ 'ਚ ਨਸ਼ਾ ਨਹੀਂ ਮਿਲਾਇਆ ਜਾਂਦਾ ਪਰ ਕੁਝ ਅਜਿਹੇ ਵੀ ਹੁੱਕਾ ਬਾਰ ਹਨ, ਜਿੱਥੇ ਨਸ਼ਾ ਮਿਕਸ ਕਰਕੇ ਹੁੱਕਾ ਤਿਆਰ ਕੀਤਾ ਜਾਂਦਾ ਹੈ। ਥਾਣਾ ਨੰ. 7 ਦੀ ਪੁਲਸ ਨੇ ਵੀਰਵਾਰ ਨੂੰ ਪੀ. ਪੀ. ਆਰ. ਮਾਲ ਸਥਿਤ ਸੋਲਕਰਮਾ ਰੈਸਟੋਰੈਂਟ 'ਚ ਛਾਪੇਮਾਰੀ ਕਰਕੇ ਹੁੱਕਾ ਬਾਰ ਫੜਿਆ ਸੀ, ਜਿਸ ਦੇ ਮਾਲਕ ਸਮੇਤ ਚਾਰ ਮੁਲਾਜ਼ਮਾਂ 'ਤੇ ਕੇਸ ਦਰਜ ਕੀਤਾ ਸੀ, ਹਾਲਾਂਕਿ ਪੁਲਸ ਨੇ ਸਿਰਫ ਇਕ ਹੀ ਹੁੱਕਾ ਬਾਰ 'ਤੇ ਕਾਰਵਾਈ ਕੀਤੀ ਪਰ ਸੱਚਾਈ ਇਹ ਹੈ ਕਿ ਸਿਟੀ 'ਚ ਤਿੰਨ ਦਰਜਨ ਦੇ ਕਰੀਬ ਰੈਸਟੋਰੈਂਟਸ 'ਚ ਹੁੱਕਾ ਬਾਰ ਚੱਲ ਰਹੇ ਹਨ। ਪੀ. ਪੀ. ਆਰ. ਮਾਲ 'ਚ ਤਿੰਨ ਹੁੱਕਾ ਬਾਰ ਚੱਲ ਰਹੇ ਹਨ।

ਇਸ ਤੋਂ ਇਲਾਵਾ ਅਰਬਨ ਅਸਟੇਟ, ਬੱਸ ਸਟੈਂਡ ਨਾਲ ਲੱਗਦੀ ਇਮਾਰਤ 'ਚ ਰੈਸਟੋਰੈਂਟ ਅਤੇ ਬਾਰ ਦੀ ਆੜ 'ਚ ਟਾਪ ਫਲੋਰ 'ਤੇ ਹੁੱਕਾ ਬਾਰ ਚੱਲ ਰਿਹਾ ਹੈ। ਫਰੈਂਡਸ ਕਾਲੋਨੀ ਕੋਲ ਵੀ ਦੋ ਹੁੱਕਾ ਬਾਰ ਹਨ, ਜਦਕਿ ਜਲੰਧਰ-ਅੰਮ੍ਰਿਤਸਰ ਹਾਈਵੇ, ਮਾਡਲ ਟਾਊਨ ਏਰੀਆ, ਗੜ੍ਹਾ ਰੋਡ 'ਤੇ ਕੁੱਲ ਮਿਲਾ ਕੇ 3 ਦਰਜਨ ਰੈਸਟੋਰੈਂਟਾਂ 'ਚ ਹੁੱਕਾ ਬਾਰ ਚੱਲ ਰਹੇ ਹਨ। 500 ਰੁਪਏ ਪ੍ਰਤੀ ਘੰਟੇ ਦੇ ਹਿਸਾਬ ਨਾਲ ਨੌਜਵਾਨਾਂ ਨੂੰ ਜ਼ਹਿਰ ਦਿੱਤਾ ਜਾ ਰਿਹਾ ਹੈ। ਹੈਰਾਨੀ ਦੀ ਗੱਲ ਹੈ ਕਿ ਸਭ ਤੋਂ ਜ਼ਿਆਦਾ ਹੁੱਕਾ ਬਾਰ 'ਚ ਜਾਣ ਵਾਲੇ ਨੌਜਵਾਨ ਨਾਬਾਲਗ ਹਨ।

ਲੜਕੀਆਂ 'ਚ ਵੀ ਵਧ ਰਿਹਾ ਹੈ ਕ੍ਰੇਜ਼
ਹੁੱਕੇ ਦਾ ਕ੍ਰੇਜ਼ ਲੜਕੀਆਂ 'ਚ ਵੀ ਕਾਫੀ ਵਧ ਰਿਹਾ ਹੈ। ਰੈਸਟੋਰੈਂਟ 'ਚ ਲੜਕੀਆਂ ਵੀ ਗਰੁੱਪ 'ਚ ਆਉਂਦੀਆਂ ਹਨ ਅਤੇ ਹੁੱਕੇ ਦਾ ਸੇਵਨ ਕਰਦੀਆਂ ਹਨ। ਕੁਝ ਰੈਸਟੋਰੈਂਟਸ 'ਚ ਲੜਕੀਆਂ ਦੇ ਵੱਖਰੇ ਕੈਬਿਨ ਬਣੇ ਹੋਏ ਹਨ।
ਉਥੇ ਹੀ ਡੀ. ਸੀ. ਪੀ. ਇਨਵੈਸਟੀਗੇਸ਼ਨ ਗੁਰਮੀਤ ਸਿੰਘ ਨੇ ਦੱਸਿਆ ਕਿ ਮੇਰੇ ਧਿਆਨ 'ਚ ਅਜਿਹਾ ਨਹੀਂ ਹੈ ਕਿ ਇੰਨੇ ਜ਼ਿਆਦਾ ਸ਼ਹਿਰ 'ਚ ਹੁੱਕਾ ਬਾਰ ਚੱਲ ਰਹੇ ਹਨ। ਜਿਨ੍ਹਾਂ-ਜਿਨ੍ਹਾਂ ਰੈਸਟੋਰੈਂਟਾਂ 'ਚ ਇਹ ਕੰਮ ਚੱਲ ਰਿਹਾ ਹੈ, ਉਸ ਨੂੰ ਬੰਦ ਕੀਤਾ ਜਾਵੇਗਾ। ਵੱਖ-ਵੱਖ ਟੀਮਾਂ ਬਣਾ ਕੇ ਉਕਤ ਰੈਸਟੋਰੈਂਟਸ 'ਚ ਛਾਪੇਮਾਰੀ ਕੀਤੀ ਜਾਵੇਗੀ।

shivani attri

This news is Content Editor shivani attri