ਪ੍ਰਦੂਸ਼ਣ ਕਾਰਨ ਭਾਰਤ ਤੋਂ ਖੋਹੀ ਜਾ ਸਕਦੀ ਹੈ ਅੰਤਰਰਾਸ਼ਟਰੀ ਕ੍ਰਿਕਟ ਦੀ ਮੇਜ਼ਬਾਨੀ

04/04/2018 5:38:33 AM

ਜਲੰਧਰ, (ਬੁਲੰਦ)- ਦੇਸ਼ 'ਚ ਲਗਾਤਾਰ ਵਧ ਰਿਹਾ ਹਵਾ ਪ੍ਰਦੂਸ਼ਣ ਜਿਥੇ ਆਮ ਜਨਜੀਵਨ ਨੂੰ ਤਬਾਹ ਕਰ ਰਿਹਾ ਹੈ, ਉਥੇ ਦੇਸ਼ ਵਿਚ ਧਰਮ ਦਾ ਰੂਪ ਲੈ ਚੁੱਕੀ ਖੇਡ ਕ੍ਰਿਕਟ ਲਈ ਇਹ ਪ੍ਰਦੂਸ਼ਣ ਖਤਰਾ ਬਣਦਾ ਦਿਖਾਈ ਦੇ ਰਿਹਾ ਹੈ। ਦਸੰਬਰ 2017 'ਚ ਦਿੱਲੀ ਦੇ ਫਿਰੋਜ਼ਸ਼ਾਹ ਕੋਟਲਾ ਸਟੇਡੀਅਮ ਵਿਚ ਹੋਏ ਟੈਸਟ ਮੈਚ ਦੌਰਾਨ ਭਾਰਤ ਤੇ ਸ਼੍ਰੀਲੰਕਾ ਦੇ ਖਿਡਾਰੀਆਂ ਵੱਲੋਂ ਮੂੰਹ 'ਤੇ ਮਾਸਕ ਪਾ ਕੇ ਕ੍ਰਿਕਟ ਖੇਡਣ ਕਾਰਨ ਅੰਤਰਰਾਸ਼ਟਰੀ ਮੰਚ 'ਤੇ ਭਾਰਤ ਦੀ ਖੂਬ ਨਿੰਦਾ ਹੋਈ ਅਤੇ ਮਾਮਲਾ ਫਿਲਹਾਲ ਸ਼ਾਂਤ ਹੁੰਦਾ ਦਿਖਾਈ ਨਹੀਂ ਦੇ ਰਿਹਾ। ਭਾਰਤ ਦੇ ਮੁੱਖ ਵੱਡੇ ਸ਼ਹਿਰਾਂ ਜਿਵੇਂ ਮੁੰਬਈ, ਕੋਲਕਾਤਾ, ਦਿੱਲੀ ਅਤੇ ਚੇਨਈ ਆਦਿ ਵਿਚ ਮੁੱਖ ਤੌਰ 'ਤੇ ਅੰਤਰਰਾਸ਼ਟਰੀ ਕ੍ਰਿਕਟ ਮੈਚ ਖੇਡੇ ਜਾਂਦੇ ਹਨ ਪਰ ਜੇਕਰ ਭਾਰਤ 'ਚ ਆਉਣ ਵਾਲੇ ਦਿਨਾਂ ਵਿਚ ਪ੍ਰਦੂਸ਼ਣ ਘੱਟ ਨਾ ਹੋਇਆ ਤਾਂ ਇਨ੍ਹਾਂ ਸ਼ਹਿਰਾਂ ਨੂੰ ਕ੍ਰਿਕਟ ਮੈਚ ਦੀ ਮੇਜ਼ਬਾਨੀ ਤੋਂ ਹੱਥ ਧੋਣਾ ਪੈ ਸਕਦਾ ਹੈ। ਆਉਣ ਵਾਲੇ ਦਿਨਾਂ ਵਿਚ ਕਈ ਵੱਡੀਆਂ ਕ੍ਰਿਕਟ ਸੀਰੀਜ਼ ਖੇਡੀਆਂ ਜਾਣੀਆਂ ਹਨ ਅਤੇ ਇਸ ਦੇ ਲਈ ਕਈ ਵੱਡੀਆਂ ਪ੍ਰਾਈਵੇਟ ਕੰਪਨੀਆਂ ਨੇ ਅਰਬਾਂ ਰੁਪਏ ਖਿਡਾਰੀਆਂ ਅਤੇ ਆਪਣੀ ਐਡਵਰਟਾਈਜ਼ਮੈਂਟ ਲਈ ਨਿਵੇਸ਼ ਕੀਤੇ ਹਨ। 
ਫਸਲਾਂ ਦੀ ਰਹਿੰਦ-ਖੂੰਹਦ ਸਾੜਨ ਕਾਰਨ ਛਾਈ ਸੀ ਸਮੋਗ : ਆਰ. ਪੀ. ਸਿੰਗਲਾ
ਭਾਰਤ ਵਿਚ ਕ੍ਰਿਕਟ 'ਤੇ ਮੰਡਰਾਉਂਦੇ ਖਤਰੇ ਨੂੰ ਦੇਖਦੇ ਹੋਏ ਅਸੀਂ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਜਨਰਲ ਸਕੱਤਰ ਆਰ. ਪੀ. ਸਿੰਗਲਾ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਪੰਜਾਬ ਵਿਚ ਪ੍ਰਦੂਸ਼ਣ ਦੀ ਕੋਈ ਸਮੱਸਿਆ ਸਾਹਮਣੇ ਨਹੀਂ ਆਈ ਹੈ। ਉਨ੍ਹਾਂ ਕਿਹਾ ਕਿ ਬੀਤੇ ਦਸੰਬਰ ਮਹੀਨੇ ਵਿਚ ਸਰਦੀਆਂ ਦੇ ਦਿਨ ਸਨ ਅਤੇ ਉਦੋਂ ਫਸਲਾਂ ਦੀ ਬੱਚਤ ਨੂੰ ਸਾੜਿਆ ਗਿਆ ਸੀ, ਜਿਸ ਕਾਰਨ ਦਿੱਲੀ ਵਿਚ ਸਮੋਗ ਪੈਦਾ ਹੋ ਗਈ ਸੀ, ਇਸ ਲਈ ਇਨ੍ਹਾਂ ਦਿਨਾਂ ਵਿਚ ਕ੍ਰਿਕਟ ਖੇਡਣ ਆਏ ਖਿਡਾਰੀਆਂ ਨੂੰ ਦਿੱਕਤ ਹੋਈ ਅਤੇ ਆਈ. ਸੀ. ਸੀ. ਨੂੰ ਚਾਹੀਦਾ ਹੈ ਕਿ ਉਹ ਮੈਚ ਦਾ ਆਯੋਜਨ ਇਸ ਤਰ੍ਹਾਂ ਕਰੇ ਕਿ ਇਹ ਠੀਕ ਮੌਸਮ 'ਚ ਹੋ ਸਕੇ ਅਤੇ ਕੋਈ ਪ੍ਰਦੂਸ਼ਣ ਦੀ ਸਮੱਸਿਆ ਨਾ ਹੋਵੇ।
ਮੁੱਦਾ ਮੈਡੀਕਲ ਕਮੇਟੀ ਨੂੰ ਕੀਤਾ ਗਿਐ ਰੈਫਰ : ਆਈ. ਸੀ. ਸੀ.
ਆਈ. ਸੀ. ਸੀ. ਦਾ ਕਹਿਣਾ ਹੈ ਕਿ ਅਸੀਂ ਇਸ ਗੱਲ 'ਤੇ ਧਿਆਨ ਦਿੱਤਾ ਹੈ ਕਿ ਦਸੰਬਰ 2017 ਵਿਚ ਦਿੱਲੀ ਦੇ ਫਿਰੋਜ਼ਸ਼ਾਹ ਕੋਟਲਾ ਸਟੇਡੀਅਮ ਵਿਚ ਹੋਏ ਟੈਸਟ ਮੈਚ ਕਿਨ੍ਹਾਂ ਹਾਲਾਤ ਵਿਚ ਖੇਡੇ ਗਏ ਹਨ ਅਤੇ ਇਹ ਮੁੱਦਾ ਮੈਡੀਕਲ ਕਮੇਟੀ ਨੂੰ ਰੈਫਰ ਕੀਤਾ ਗਿਆ ਤਾਂ ਜੋ ਭਵਿੱਖ ਵਿਚ ਅਜਿਹੀ ਸਥਿਤੀ ਨਾਲ ਨਜਿੱਠਣ ਲਈ ਮਾਪਦੰਡ ਤੇ ਨਿਯਮ ਤੈਅ ਕੀਤੇ ਜਾ ਸਕਣ।
ਆਈ. ਸੀ. ਸੀ. ਦੀਆਂ ਬੈਠਕਾਂ 'ਚ ਪ੍ਰਦੂਸ਼ਣ ਸਬੰਧੀ ਹੋਵੇਗੀ ਚਰਚਾ!
ਆਈ. ਸੀ. ਸੀ. ਦੀਆਂ ਅਗਲੀਆਂ ਬੈਠਕਾਂ ਵਿਚ ਪ੍ਰਦੂਸ਼ਣ ਨੂੰ ਲੈ ਕੇ ਚਰਚਾ ਦੇ ਆਸਾਰ ਹਨ ਕਿਉਂਕਿ ਕਈ ਦੇਸ਼ਾਂ ਵੱਲੋਂ ਇਸ ਗੱਲ 'ਤੇ ਆਈ. ਸੀ. ਸੀ. 'ਤੇ ਦਬਾਅ ਬਣਾਇਆ ਜਾ ਰਿਹਾ ਹੈ ਕਿ ਜਿਨ੍ਹਾਂ ਦੇਸ਼ਾਂ ਵਿਚ ਪ੍ਰਦੂਸ਼ਣ ਲਗਾਤਾਰ ਵਧ ਰਿਹਾ ਹੈ, ਉਥੇ ਉਨ੍ਹਾਂ ਦੇ ਖਿਡਾਰੀਆਂ ਨੂੰ ਖੇਡਣ ਲਈ ਨਾ ਭੇਜਿਆ ਜਾਵੇ ਕਿਉਂਕਿ ਇਸ ਨਾਲ ਖਿਡਾਰੀਆਂ ਦੀ ਸਿਹਤ 'ਤੇ ਮਾੜਾ ਅਸਰ ਪੈ ਸਕਦਾ ਹੈ। 
ਸੂਬਿਆਂ ਦੇ ਮੌਸਮ ਨੂੰ ਜਾਂਚ ਕੇ ਹੀ ਮੈਚ ਸ਼ਡਿਊਲ ਕੀਤੇ ਜਾਣ : ਕ੍ਰਿਕਟਰ ਯਸ਼ਪਾਲ ਸ਼ਰਮਾ
ਪੰਜਾਬ ਰਣਜੀ ਟਰਾਫੀ ਸਿਲੈਕਸ਼ਨ ਕਮੇਟੀ ਦੇ ਚੇਅਰਮੈਨ ਅਤੇ ਪ੍ਰਸਿੱਧ ਕ੍ਰਿਕਟਰ ਰਹੇ ਯਸ਼ਪਾਲ ਸ਼ਰਮਾ ਨੇ ਕਿਹਾ ਕਿ ਦਸੰਬਰ ਮਹੀਨੇ ਵਿਚ ਦਿੱਲੀ ਵਿਚ ਪ੍ਰਦੂਸ਼ਣ ਦੀ ਸਮੱਸਿਆ ਅਚਾਨਕ ਪੈਦਾ ਹੋਈ ਸੀ। ਉਨ੍ਹਾਂ ਕਿਹਾ ਕਿ ਦਿੱਲੀ ਵਿਚ ਸਮੋਗ ਹਰ ਸਮੇਂ ਨਹੀਂ ਹੁੰਦੀ। ਉਨ੍ਹਾਂ ਕਿਹਾ ਕਿ ਆਈ. ਸੀ. ਸੀ. ਨੂੰ ਕ੍ਰਿਕਟ ਸੰਵਿਧਾਨ ਵਿਚ ਪ੍ਰਦੂਸ਼ਣ ਦੇ ਨਿਯਮਾਂ ਨੂੰ ਸ਼ਾਮਲ ਕਰਨ ਦੇ ਨਾਲ-ਨਾਲ ਪਹਿਲਾਂ ਭਾਰਤ ਦੀ ਬੀ. ਸੀ. ਸੀ. ਆਈ. ਨਾਲ ਪੂਰੀ ਤਰ੍ਹਾਂ ਵਿਚਾਰ ਕਰਨਾ ਚਾਹੀਦਾ ਹੈ। ਭਾਰਤ ਵਿਚ ਆਯੋਜਿਤ ਹੋਣ ਵਾਲੇ ਕ੍ਰਿਕਟ ਮੈਚਾਂ ਲਈ ਬਣਾਏ ਜਾਣ ਵਾਲੇ ਸ਼ਡਿਊਲ ਨੂੰ ਸੂਬਿਆਂ ਦੇ ਮੌਸਮ ਨੂੰ ਦੇਖ ਕੇ ਹੀ ਬਣਾਉਣਾ ਚਾਹੀਦਾ ਹੈ ਤਾਂ ਜੋ ਮੈਚ ਦੇ ਆਖਰੀ ਮੌਕੇ ਸਮੇਂ ਕੋਈ ਬਦਲਾਅ ਨਾ ਕਰਨਾ ਪਵੇ। 
ਦਿੱਲੀ 'ਚ ਬੰਦ ਹੋ ਸਕਦੇ ਹਨ ਮੈਚਾਂ ਦੇ ਆਯੋਜਨ
ਜਾਣਕਾਰ ਦੱਸਦੇ ਹਨ ਕਿ ਜੇਕਰ ਆਈ. ਸੀ. ਸੀ. ਪ੍ਰਦੂਸ਼ਣ ਨੂੰ ਲੈ ਕੇ ਕੋਈ ਮਾਪਦੰਡ ਬਣਾਉਂਦੀ ਹੈ ਤਾਂ ਇਸ ਵਿਚ ਦਿੱਲੀ ਵਰਗੇ ਪੂਰਾ ਸਾਲ ਪ੍ਰਦੂਸ਼ਿਤ ਰਹਿਣ ਵਾਲੇ ਸ਼ਹਿਰਾਂ ਨੂੰ ਕ੍ਰਿਕਟ ਦੀ ਮੇਜ਼ਬਾਨੀ ਤੋਂ ਬਾਹਰ ਕੀਤਾ ਜਾ ਸਕਦਾ ਹੈ। ਇਹ ਹੋ ਸਕਦਾ ਹੈ ਕਿ ਨਵੇਂ ਮਾਪਦੰਡ ਬਣਾਉਣ ਤੋਂ ਬਾਅਦ ਦਿੱਲੀ ਵਰਗੇ ਜ਼ਿਆਦਾ ਪ੍ਰਦੂਸ਼ਿਤ ਸ਼ਹਿਰਾਂ ਵਿਚ ਮੈਚ ਹੀ ਨਾ ਹੋਣ ਪਰ ਇਹ ਵੀ ਹੋ ਸਕਦਾ ਹੈ ਕਿ ਦਿੱਲੀ ਦੀ ਥਾਂ ਗ੍ਰੇਟਰ ਨੋਇਡਾ 'ਚ ਨਵੇਂ ਸਟੇਡੀਅਮ ਬਣਾ ਲਏ ਜਾਣ। 
ਖੇਡ ਵਿਗਾੜ ਸਕਦੈ ਪ੍ਰਦੂਸ਼ਣ : ਖਿਡਾਰੀ
ਮਾਮਲੇ ਬਾਰੇ ਇਕ ਕ੍ਰਿਕਟ ਖਿਡਾਰੀ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਖੇਡ ਦੌਰਾਨ ਥਕਾਵਟ ਕਾਫੀ ਹੁੰਦੀ ਹੈ, ਜਿਸ ਕਾਰਨ ਸਾਹ ਤੇਜ਼ ਲੈਣਾ ਪੈਂਦਾ ਹੈ। ਅਜਿਹੇ ਵਿਚ ਪ੍ਰਦੂਸ਼ਿਤ ਵਾਤਾਵਰਣ ਖਿਡਾਰੀ ਅਤੇ ਉਸ ਦੇ ਪ੍ਰਦਰਸ਼ਨ ਨੂੰ ਪ੍ਰਭਾਵਿਤ ਕਰ ਸਕਦਾ ਹੈ। ਖੇਡ ਦੌਰਾਨ ਮੈਦਾਨ ਵਿਚ ਜੇਕਰ ਰੌਸ਼ਨੀ ਘੱਟ ਹੁੰਦੀ ਹੈ ਤਾਂ ਲੋੜ ਮੁਤਾਬਿਕ ਠੀਕ ਕੀਤੀ ਜਾ ਸਕਦੀ ਹੈ ਪਰ ਪ੍ਰਦੂਸ਼ਣ ਨੂੰ ਘੱਟ ਕਰ ਸਕਣਾ ਬੇਹੱਦ ਮੁਸ਼ਕਿਲ ਹੈ। ਇਸ ਕਾਰਨ ਕ੍ਰਿਕਟ ਬੰਦ ਨਹੀਂ ਕੀਤੀ ਜਾਣੀ ਚਾਹੀਦੀ। ਉਨ੍ਹਾਂ ਕਿਹਾ ਕਿ ਪ੍ਰਦੂਸ਼ਣ ਸਬੰਧੀ ਸੂਬਾ ਸਰਕਾਰ ਅਤੇ ਕੇਂਦਰ ਸਰਕਾਰ ਨੂੰ ਸਖ਼ਤ ਰਵੱਈਆ ਅਪਣਾ ਕੇ ਇਸ ਦੇ ਕਾਰਨਾਂ ਨੂੰ ਭਾਲਣਾ ਚਾਹੀਦਾ ਹੈ ਅਤੇ ਇਸ ਦਾ ਹੱਲ ਕੱਢਣਾ ਚਾਹੀਦਾ ਹੈ।