ਇਲਾਜ ਤੋਂ ਬਾਅਦ ਘਰ ਪਹੁੰਚੇ ਨੌਜਵਾਨ ਦੀ ਹੋਈ ਮੌਤ, ਪਰਿਵਾਰ ਨੇ ਹਸਪਤਾਲ ਦੇ ਬਹਾਰ ਕੀਤਾ ਜੰਮ ਕੇ ਹੰਗਾਮਾ

07/27/2017 4:55:22 PM

ਲੁਧਿਆਣਾ (ਨਰਿੰਦਰ ਮਹਿੰਦਰੂ) — ਇਥੇ ਏ. ਐੱਸ. ਆਈ. ਹਸਪਤਾਲ 'ਚ ਅਪਰੇਸ਼ਨ ਕਰਵਾਉਣ ਤੋਂ ਬਾਅਦ ਘਰ ਪਹੁੰਚੇ ਨੌਜਵਾਨ ਦੀ ਹਾਲਤ ਬਿਗੜਨ ਕਾਰਨ ਅਚਾਨਕ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕਿ ਉਕਤ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਨੇ ਏ. ਐੱਸ. ਆਈ. ਹਸਪਤਾਲ ਦੇ ਸਾਹਮਣੇ ਹੰਗਾਮਾ ਕਰਦੇ ਹੋਏ ਡਾਕਟਰ ਖਿਲਾਫ ਨਾਅਰੇਬਾਜ਼ੀ ਕੀਤੀ ਤੇ ਮੌਤ ਦਾ ਕਾਰਨ ਡਾਕਟਰ ਦੀ ਲਾਪਰਵਾਹੀ ਦੱਸਿਆ।
ਜਾਣਕਾਰੀ ਮੁਤਾਬਕ ਮ੍ਰਿਤਕ ਨੌਜਵਾਨ ਲੁਧਿਆਣਾ ਦੇ ਸਥਾਨਕ ਮਿਲ 'ਚ ਗੇਟ ਕੀਪਰ ਦੀ ਨੌਕਰੀ ਕਰਦਾ ਸੀ, ਜਿਸ ਦੀ ਪਛਾਣ ਭਵਾਨੀ ਬਹਾਦੁਰ ਵਜੋਂ ਹੋਈ ਹੈ। ਪਰਿਵਾਰ ਮੈਂਬਰਾਂ ਨੇ ਦੱਸਿਆ ਕਿ ਭਵਾਨੀ ਬਹਾਦੁਰ ਦੀਆਂ ਲੱਤਾਂ 'ਚ ਗੁਠਲੀਆਂ ਬਣਨ ਕਾਰਨ ਏ. ਐੱਸ. ਆਈ. ਹਸਪਤਾਲ 'ਚ 18 ਜੁਲਾਈ ਨੂੰ ਇਲਾਜ ਲਈ ਲੈ ਜਾਇਆ ਗਿਆ ਸੀ। ਜਿਥੇ ਡਾਕਟਰ ਨੇ ਉਸ ਦਾ 24 ਜੁਲਾਈ ਨੂੰ ਆਪਰੇਸ਼ਨ ਕੀਤਾ ਸੀ ਪਰ ਆਪਰੇਸ਼ਨ ਤੋਂ ਬਾਅਦ ਮਰੀਜ਼ ਦੇ ਤੰਦਰੁਸਤ ਨਾ ਹੋਣ ਦੇ ਬਾਵਜੂਦ 26 ਜੁਲਾਈ ਨੂੰ ਹਸਪਤਾਲ ਤੋਂ ਛੁੱਟੀ ਦੇ ਕੇ ਘਰ ਭੇਜ ਦਿੱਤਾ ਗਿਆ, ਜਦ ਕਿ ਪਰਿਵਾਰਕ ਮੈਂਬਰਾਂ ਨੇ ਅਜੇ ਹਸਪਤਾਲ 'ਚ ਹੀ ਦਾਖਲ ਰੱਖਣ ਲਈ ਡਾਕਟਰ ਨੂੰ ਬੇਨਤੀ ਕੀਤੀ ਸੀ ਪਰ ਡਾਕਟਰ ਨਹੀਂ ਮੰਨਿਆ ਤੇ ਭਵਾਨੀ ਨੂੰ ਘਰ ਭੇਜ ਦਿੱਤਾ।
ਘਰ ਲਿਆਉਣ ਤੇ ਭਵਾਨੀ ਬਹਾਦੁਰ ਦੀ ਸਿਹਤ ਖਰਾਬ ਹੋ ਗਈ ਤੇ ਉਸ ਨੂੰ ਵਾਪਸ ਏ. ਐੱਸ. ਆਈ. ਹਸਪਤਲਾ ਲੈ ਜਾਇਆ ਗਿਆ। ਜਿਥੇ ਉਸ ਦੀ ਮੌਤ ਹੋ ਗਈ। ਉਧਰ ਆਪਰੇਸ਼ਨ ਕਰਨ ਵਾਲੇ ਡਾਕਟਰ ਅਮਿਤ ਬਾਵਾ ਦਾ ਕਹਿਣਾ ਸੀ ਕਿ ਮਰੀਜ਼ ਦਾ ਇਲਾਜ ਬਿਲਕੁਲ ਠੀਕ ਹੋਇਆ ਹੈ ਤੇ ਉਹ ਤੰਦਰੁਸਤ ਹੋ ਕੇ ਘਰ ਗਿਆ ਹੈ। ਘਰ 'ਚ ਉਸ ਦੀ ਮੌਤ ਹੋਣ ਤੋਂ ਬਾਅਦ ਉਸ ਨੂੰ ਹਸਪਤਾਲ ਲਿਆ ਗਿਆ ਹੈ। ਇਲਾਜ 'ਚ ਕਿਸੇ ਪ੍ਰਕਾਰ ਦੀ ਲਾਪਰਵਾਹੀ ਦੇ ਦੋਸ਼ ਬੇਬੁਨਿਆਦ ਹਨ। ਇਸੇ ਦੌਰਾਨ ਮਰੀਜ਼ ਦੇ ਪਰਿਵਾਰਕ ਮੈਂਬਰਾਂ ਨੇ ਏ. ਐੱਸ. ਆਈ. ਹਸਪਤਾਲ 'ਚ ਡਾਕਟਰ ਦੇ ਖਿਲਾਫ ਪ੍ਰਦਰਸ਼ਨ ਕਰ ਰਹੇ ਹਨ ਤੇ ਇਸ ਦੌਰਾਨ ਮੌਕੇ 'ਤੇ ਭਾਰੀ ਭੀੜ ਜੁੱਟ ਗਈ ਹੈ। ਡਾਕਟਰ ਮੌਕੇ 'ਤੇ ਮੌਜੂਦ ਨਹੀਂ ਹਨ ਤੇ ਪੁਲਸ ਭੀੜ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।