ਜੰਗ ਦਾ ਮੈਦਾਨ ਬਣਿਆ ਰਾਜਪੁਰਾ ਦਾ ਸਿਵਲ ਹਸਪਤਾਲ, ਚੱਲੀਆਂ ਤਲਵਾਰਾਂ (ਤਸਵੀਰਾਂ)

11/16/2019 6:53:29 PM

ਰਾਜਪੁਰਾ (ਨਿਰਦੋਸ਼, ਚਾਵਲਾ) : ਰਾਜਪੁਰਾ ਦੇ ਏ. ਪੀ. ਜੈਨ ਸਿਵਲ ਹਸਪਤਾਲ ਦੇ ਐਮਰਜੈਂਸੀ ਵਾਰਡ ਵਿਚ ਦਾਖਲ ਪਿੰਡ ਤਖਤੂ ਮਾਜਰਾ ਦੇ ਮੌਜੂਦਾ ਕਾਂਗਰਸੀ ਸਰਪੰਚ ਅਤੇ ਉਸ ਦੇ ਭਰਾ 'ਤੇ ਦੂਜੀ ਧਿਰ ਦੇ ਵਿਅਕਤੀਆਂ ਨੇ ਹਮਲਾ ਕਰ ਕੇ ਗੰਭੀਰ ਜ਼ਖਮੀ ਕਰ ਦਿੱਤਾ। ਇਸ ਦੌਰਾਨ ਸਕਾਰਪੀਓ ਦੀ ਵੀ ਭੰਨ-ਤੋੜ ਕੀਤੀ ਗਈ। ਥਾਣਾ ਸਿਟੀ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਪਿੰਡ ਤਖਤੂ ਮਾਜਰਾ ਵਿਖੇ ਸਥਿਤ ਗੁਰਦੁਆਰਾ ਸਾਹਿਬ ਦੀ ਕਮੇਟੀ ਸਬੰਧੀ ਸਰਪੰਚ ਅਤੇ ਪਿੰਡ ਦੀ ਦੂਜੀ ਧਿਰ ਨਾਲ ਗਰਮਾ-ਗਰਮੀ ਹੋਈ ਤਾਂ ਮਾਮਲਾ ਥਾਣਾ ਖੇੜੀ ਗੰਡਿਆਂ ਪੁਲਸ ਕੋਲ ਪਹੁੰਚਿਆ। ਉਨ੍ਹਾਂ ਨੇ ਦੋਹਾਂ ਧਿਰਾਂ ਨੂੰ ਥਾਣਾ ਖੇੜੀ ਗੰਡਿਆਂ ਵਿਚ ਸੱਦ ਲਿਆ। ਫੈਸਲੇ ਦੌਰਾਨ ਦੋਵੇ ਧਿਰਾਂ ਦੀ ਆਪਸੀ ਬਹਿਸ ਤੋਂ ਬਾਅਦ ਸਰਪੰਚ ਹਰਸੰਗਤ ਅਤੇ ਉਸ ਦੇ ਭਰਾ ਨੂੰ ਸੱਟਾਂ ਲੱਗੀਆਂ ਤਾਂ ਉਹ ਸਿਵਲ ਹਸਪਤਾਲ ਰਾਜਪੁਰਾ ਵਿਚ ਦਾਖਲ ਹੋ ਗਏ। 

ਹਸਪਤਾਲ ਦੀ ਐਮਰਜੈਂਸੀ ਵਿਚ ਦਾਖਲ ਕਾਂਗਰਸੀ ਸਰਪੰਚ ਹਰਸੰਗਤ ਸਿੰਘ ਅਤੇ ਉਸ ਦਾ ਭਰਾ ਗੁਰਮੀਤ ਸਿੰਘ ਉੱਤੇ ਦੂਜੀ ਧਿਰ ਦੇ ਵਿਅਕਤੀਆਂ ਨੇ ਕਾਤਲਾਨਾ ਹਮਲਾ ਕਰ ਕੇ ਗੰਭੀਰ ਜ਼ਖਮੀ ਕਰ ਦਿੱਤਾ ਅਤੇ ਸਕਾਰਪੀਓ ਦੀ ਭੰਨ-ਤੋੜ ਕਰ ਕੇ ਮੌਕੇ ਤੋਂ ਫਰਾਰ ਹੋ ਗਏ। ਇਸ ਦੌਰਾਨ ਹਸਪਤਾਲ ਵਿਚ ਦਾਖਲ ਮਰੀਜ਼ਾਂ ਅਤੇ ਹਸਪਤਾਲ ਦੇ ਸਟਾਫ ਵਿਚ ਮਾਹੌਲ ਦਹਿਸ਼ਤ ਵਾਲਾ ਬਣ ਗਿਆ।

ਜ਼ਖਮੀ ਸਰਪੰਚ ਅਤੇ ਉਸ ਦੇ ਭਰਾ ਦਾ ਇਲਾਜ ਸ਼ੁਰੂ ਕਰ ਦਿੱਤਾ ਹੈ। ਮੌਕੇ 'ਤੇ ਪਹੁੰਚੇ ਸਿਵਲ ਹਸਪਤਾਲ ਦੇ ਐੱਸ. ਐੱਮ. ਓ. ਡਾ. ਜਗਪਾਲਇੰਦਰ ਸਿੰਘ ਨੇ ਦੱਸਿਆ ਕਿ ਸਿਵਲ ਹਸਪਤਾਲ 'ਚ ਹਮਲਾਵਰਾਂ ਵੱਲੋਂ ਦਾਖਲ ਮਰੀਜ਼ 'ਤੇ ਕੀਤਾ ਹਮਲਾ ਕਾਫੀ ਨਿੰਦਣਯੋਗ ਹੈ। ਇਸ ਸਬੰਧੀ ਥਾਣਾ ਸਿਟੀ ਪੁਲਸ ਦੇ ਸਹਾਇਕ ਥਾਣੇਦਾਰ ਲਖਵਿੰਦਰ ਸਿੰਘ ਨੇ ਕਿਹਾ ਕਿ ਉਕਤ ਮਾਮਲੇ ਸਬੰਧੀ ਉਹ ਜਾਂਚ ਕਰ ਰਹੇ ਹਨ। ਪਹਿਲਾਂ ਦੋਹੇਂ ਧਿਰਾਂ ਦਾ ਥਾਣਾ ਖੇੜੀ ਗੰਡਿਆਂ ਵਿਚ ਝਗੜਾ ਹੋਇਆ ਸੀ। ਸਰਪੰਚ ਅਤੇ ਉਸ ਦੇ ਭਰਾ 'ਤੇ ਕਾਤਲਾਨਾ ਹਮਲਾ ਕਰ ਕੇ ਜ਼ਖਮੀ ਕਰ ਦਿੱਤਾ ਸੀ।

Gurminder Singh

This news is Content Editor Gurminder Singh