ਇਸ ਸਾਲ ਦੀ ਠੰਡ ਅਗਲੇ ਸਾਲ ਦੀ ਹੌਜ਼ਰੀ ਸੀਜ਼ਨ ''ਚ ਲਿਆਵੇਗੀ ਖੁਸ਼ਹਾਲੀ

12/16/2017 3:44:00 PM

ਲੁਧਿਆਣਾ (ਸੇਠੀ) : ਮਹਾਨਗਰ ਦੇਸ਼ 'ਚ ਹੌਜ਼ਰੀ ਕਾਰੋਬਾਰ ਵਜੋਂ ਜਾਣਿਆ ਜਾਂਦਾ ਹੈ ਪਰ ਇਸ ਵਾਰ ਨੋਟਬੰਦੀ ਅਤੇ ਜੀ. ਐੱਸ. ਟੀ. ਕਾਰਨ ਹੌਜ਼ਰੀ ਨਿਰਮਾਤਾਵਾਂ ਨੇ 20 ਤੋਂ 25 ਫੀਸਦੀ ਉਤਪਾਦਨ ਕੀਤਾ ਹੈ। ਬੇਸ਼ੱਕ ਸਰਦੀ ਨੇ ਦਸਤਕ ਦਿੱਤੀ ਹੈ ਪਰ ਇਸ ਦਾ ਫਾਇਦਾ ਮੈਨੂਫੈਕਚਰਰਜ਼, ਹੋਲਸੇਲਰਾਂ, ਟਰੇਡਰਾਂ ਤੇ ਰਿਟੇਲਰਾਂ ਨੂੰ ਅਗਲੇ ਸਾਲ ਹੋਵੇਗਾ। ਲੁਧਿਆਣਾ 'ਚ 20 ਹਜ਼ਾਰ ਦੇ ਲਗਭਗ ਹੌਜ਼ਰੀ ਫੈਕਟਰੀਆਂ, ਜੋ ਹੌਜ਼ਰੀ ਦੇ ਨਾਲ-ਨਾਲ ਰੈਡੀਮੇਡ ਗਾਰਮੈਂਟਸ, ਬਲੈਂਕਟਸ ਸਮੇਤ ਸ਼ਾਲ ਆਦਿ ਦਾ ਨਿਰਮਾਣ ਕਰਦੇ ਹਨ। ਇਹ ਮਾਲ ਦੇਸ਼ ਦੇ ਕੋਨੋ-ਕੋਨੇ 'ਚ ਜਾਂਦਾ ਹੈ ਅਤੇ ਵਿਦੇਸ਼ਾਂ 'ਚ ਵੀ ਲੁਧਿਆਣਾ ਦੀ ਹੌਜ਼ਰੀ ਨੂੰ ਪਸੰਦ ਕੀਤਾ ਜਾਂਦਾ ਹੈ। ਇਹ ਕਾਰੋਬਾਰ ਸੀਜ਼ਨ ਦਾ ਹੋਣ ਕਾਰਨ 6 ਮਹੀਨੇ ਦੇ ਲਗਭਗ ਹੀ ਚਲਦਾ ਹੈ ਪਰ ਬੀਤੇ ਸਾਲ ਹੌਜ਼ਰੀ ਸੀਜ਼ਨ ਮੌਕੇ 8 ਨਵੰਬਰ ਨੂੰ ਨੋਟਬੰਦੀ ਹੋ ਜਾਣ ਕਾਰਨ ਇਹ ਸੀਜ਼ਨ ਅੱਧ ਵਿਚਕਾਰ ਲਟਕ ਗਿਆ ਤੇ ਉਦੋਂ ਤੋਂ ਤਹਿਸ-ਨਹਿਸ ਅਦਾਇਗੀ ਦੇ ਮਾਮਲੇ ਅੱਜ ਤੱਕ ਸੁਲਝੇ ਨਹੀਂ ਹਨ ਤੇ ਇਸੇ ਕਾਰਨ ਰਿਟੇਲਰ ਤੇ ਟਰੇਡਰ ਦੇ ਕੋਲ ਮਾਲ ਵੀ ਭਾਰੀ ਮਾਤਰਾ 'ਚ ਬਚਿਆ ਸੀ ਤੇ ਇਸੇ ਡਰ ਕਾਰਨ ਮੈਨੂਫੈਕਚਰਰਜ਼ ਨੇ ਉਸ ਸਾਲ ਮਾਲ ਘੱਟ ਬਣਾਇਆ ਪਰ ਇਸ ਵਾਰ ਮੌਸਮ ਨੇ ਕਰਵਟ ਲਈ ਤੇ ਸਰਦੀ ਦੇ ਆਉਣ ਨਾਲ ਪਿਛਲੇ ਸਾਲ ਦਾ ਰੁਕਿਆ ਮਾਲ ਵਿਕ ਰਿਹਾ ਹੈ ਅਤੇ ਉਨ੍ਹਾਂ ਨੂੰ ਆਸ ਹੈ ਕਿ ਸਰਦੀ ਦੇ ਅੰਤ ਤੱਕ ਬਚਿਆ ਹੋਇਆ ਸਾਰਾ ਮਾਲ ਵਿਕ ਜਾਵੇਗਾ, ਜਿਸ ਦਾ ਅਸਰ ਆਉਣ ਵਾਲੇ ਸਾਲ ਦੇ ਸੀਜ਼ਨ 'ਤੇ ਪਵੇਗਾ ਅਤੇ ਹੌਜ਼ਰੀ ਨਿਰਮਾਤਾ ਖੁੱਲ੍ਹ ਕੇ ਮਾਲ ਤਿਆਰ ਕਰਨਗੇ ਤਾਂ ਕਿ ਅਗਲੇ ਪਿਛਲੇ ਨੁਕਸਾਨ ਦੀ ਭਰਪਾਈ ਹੋ ਸਕੇ।
ਮੌਸਮ ਦੇ ਕਰਵਟ ਲੈਣ ਨਾਲ ਅਗਲਾ ਸੀਜ਼ਨ ਹੋਵੇਗਾ ਖੁਸ਼ਹਾਲ
ਲੁਧਿਆਣਾ ਹੌਜ਼ਰੀ ਐਸੋਸੀਏਸ਼ਨ ਤੇ ਇੰਡੋ-ਤਿੱਬਤ ਹੌਜ਼ਰੀ ਐਸੋਸੀਏਸ਼ਨ ਦੇ ਪ੍ਰਧਾਨ ਨਵੀਨ ਸੂਦ ਦੇ ਮੁਤਾਬਕ ਹੌਜ਼ਰੀ ਉਤਪਾਦਨ ਬੰਦ ਹੋ ਚੁੱਕਾ ਹੈ ਅਤੇ ਹੋਰਨਾਂ ਰਾਜਾਂ ਦਾ ਗਾਹਕ ਲੁਧਿਆਣਾ ਆਉਣਾ ਬੰਦ ਹੋ ਗਿਆ ਹੈ। ਹੁਣ ਸਿਰਫ ਗੁਆਂਢੀ ਗਾਹਕ ਹੀ ਮਾਲ ਖਰੀਦ ਰਿਹਾ ਹੈ। ਉਨ੍ਹਾਂ ਕਿਹਾ ਕਿ ਬੇਸ਼ੱਕ ਮੌਸਮ ਨੇ ਕਰਵਟ ਲਈ ਹੈ ਪਰ ਇਸ ਦਾ ਫਾਇਦਾ ਅਗਲੇ ਸਾਲ ਜ਼ਰੂਰ ਹੋਵੇਗਾ। ਸੂਦ ਨੇ ਕਿਹਾ ਕਿ ਨੋਟਬੰਦੀ ਦਾ ਲੈਣ-ਦੇਣ ਅਜੇ ਤੱਕ ਸੁਲਝਿਆ ਨਹੀਂ ਹੈ। ਕਾਰੋਬਾਰੀਆਂ ਦੀ ਅਦਾਇਗੀ ਅਜੇ ਵੀ ਬਕਾਇਆ ਹੈ, ਜਿਸ ਨੂੰ ਲੈਣ ਲਈ ਗਾਹਕ ਅਗਲੇ ਸਾਲ ਮਾਲ ਲੈਣ ਆਵੇਗਾ ਤਾਂ ਜਾ ਕੇ ਕਲੀਅਰ ਹੋ ਸਕੇਗਾ ਕਿਉਂਕਿ ਇਸ ਸਾਲ ਟਰੇਡਰ ਅਤੇ ਰਿਟੇਲਰ ਕੋਲ ਪਿਛਲੇ ਸਾਲ ਦਾ ਬਕਾਇਆ ਮਾਲ ਬਚਿਆ ਹੋਇਆ ਸੀ।