ਹੁਸ਼ਿਆਰਪੁਰ ਜ਼ਿਲ੍ਹੇ ''ਚ ਕੋਰੋਨਾ ਕਾਰਨ 4 ਦੀ ਮੌਤ, 97 ਨਵੇਂ ਮਾਮਲੇ ਆਏ ਸਾਹਮਣੇ

09/09/2020 9:03:58 PM

ਹੁਸ਼ਿਆਰਪੁਰ,(ਘੁੰਮਣ)- ਜ਼ਿਲ੍ਹੇ ਭਰ ਵਿਚ ਕੋਰੋਨਾ ਵਾਇਰਸ ਦਾ ਖੌਫ਼ ਬਰਕਰਾਰ ਹੈ। ਅੱਜ ਹਾਸਲ ਹੋਈ 989 ਸੈਂਪਲਾਂ ਦੀ ਤਾਜ਼ਾ ਰਿਪੋਰਟ ਵਿਚ ਕੋਰੋਨਾ ਪਾਜ਼ੇਟਿਵ 4 ਮਰੀਜ਼ਾਂ ਦੀ ਮੌਤ ਦਾ ਖੁਲਾਸਾ ਹੋਇਆ ਹੈ। ਇਨ੍ਹਾਂ ਵਿਚ 59 ਸਾਲ ਦਾ ਇਕ ਵਿਅਕਤੀ ਨਿਵਾਸੀ ਨਜ਼ਦੀਕ ਪਿੰਡ ਚੱਕਸਾਧੂ ਜਲੰਧਰ ਦੇ ਇਕ ਹਸਪਤਾਲ ਵਿਚ ਜ਼ੇਰੇ ਇਲਾਜ ਸੀ, ਮੁਕੇਰੀਆਂ ਦੇ ਪਿੰਡ ਪੁਆਰ ਦਾ 70 ਸਾਲ ਦਾ ਵਿਅਕਤੀ ਪਠਾਨਕੋਟ ਵਿਚ ਇਕ ਹਸਪਤਾਲ ਵਿਚ ਦਾਖਲ ਸੀ, ਪਿੰਡ ਗੌਰਸੀਆਂ ਦੀ 65 ਸਾਲ ਦੀ ਔਰਤ ਜਲੰਧਰ ਦੇ ਇਕ ਪ੍ਰਾਈਵੇਟ ਹਸਪਤਾਲ ਵਿਚ ਅਤੇ ਗੁਰੂ ਨਾਨਕ ਐਵੇਨਿਊ ਫਤਹਿਗਡ਼੍ਹ ਹੁਸ਼ਿਆਰਪੁਰ ਦਾ 76 ਸਾਲ ਦਾ ਵਿਅਕਤੀ ਗੁਰੂ ਨਾਨਕ ਦੇਵ ਹਸਪਤਾਲ ਅੰਮ੍ਰਿਤਸਰ ਵਿਚ ਜ਼ੇਰੇ ਇਲਾਜ ਸੀ। ਇਸਦੇ ਨਾਲ ਹੀ ਜ਼ਿਲੇ ਵਿਚ ਮ੍ਰਿਤਕਾਂ ਦੀ ਕੁਲ ਗਿਣਤੀ 70 ਤੱਕ ਪਹੁੰਚ ਗਈ ਹੈ। ਜ਼ਿਲੇ ਭਰ ਵਿਚ ਅੱਜ 97 ਨਵੇਂ ਪਾਜ਼ੇਟਿਵ ਮਰੀਜ਼ ਸਾਹਮਣੇ ਆਏ ਹਨ। ਜਿਨ੍ਹਾਂ ਵਿਚ 24 ਕੇਸ ਹੁਸ਼ਿਆਰਪੁਰ ਦੇ ਸ਼ਹਿਰੀ ਖੇਤਰ, 21 ਕੇਸ ਗਡ਼੍ਹਸ਼ੰਕਰ, ਮੁਕੇਰੀਆਂ ਅਤੇ ਦਸੂਹਾ ਤੋਂ ਅਤੇ 52 ਕੇਸ ਪੇਂਡੂ ਇਲਾਕਿਆਂ ਨਾਲ ਸਬੰਧਤ ਹਨ। ਜ਼ਿਲੇ ਵਿਚ ਪਾਜ਼ੇਟਿਵ ਮਰੀਜ਼ਾਂ ਦੀ ਕੱੁਲ ਗਿਣਤੀ 2338 ਹੋ ਗਈ ਹੈ।

ਸਿਵਲ ਸਰਜਨ ਡਾ. ਜਸਬੀਰ ਸਿੰਘ ਮੁਤਾਬਕ ਅੱਜ 1722 ਸ਼ੱਕੀ ਮਰੀਜ਼ਾਂ ਦੇ ਨਵੇਂ ਸੈਂਪਲ ਲਏ ਗਏ ਹਨ। ਜ਼ਿਲੇ ਵਿਚ ਹੁਣ ਤੱਕ ਲਏ ਗਏ 70,542 ਸੈਂਪਲਾਂ ਵਿਚੋਂ 66,417 ਦੀ ਰਿਪੋਰਟ ਨੈਗੇਟਿਵ ਆਈ ਹੈ। ਜਦਕਿ 2045 ਸੈਂਪਲਾਂ ਦੀ ਰਿਪੋਰਟ ਦਾ ਅਜੇ ਇੰਤਜ਼ਾਰ ਹੈ। ਜ਼ਿਲੇ ਵਿਚ 1551 ਮਰੀਜ਼ ਰਿਕਵਰ ਕਰ ਚੁੱਕੇ ਹਨ ਅਤੇ ਐਕਟਿਵ ਕੇਸਾਂ ਦੀ ਗਿਣਤੀ 717 ਹੋ ਗਈ ਹੈ। ਉਨ੍ਹਾਂ ਨੇ ਜ਼ਿਲਾ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਪਾਜ਼ੇਟਿਵ ਮਰੀਜ਼ਾਂ ਦੇ ਸੰਪਰਕ ਵਿਚ ਆਉਣ ਵਾਲੇ ਲੋਕ ਆਪਣੇ ਟੈਸਟ ਕਰਵਾਉਣੇ ਯਕੀਨੀ ਬਨਾਉਣ। ਸਿਵਲ ਸਰਜਨ ਨੇ ਜ਼ਿਲਾ ਨਿਵਾਸੀਆਂ ਨੂੰ ਕਿਹਾ ਕਿ ਘਰ ਤੋਂ ਨਿਕਲਦੇ ਸਮੇਂ ਮਾਸਕ ਦਾ ਇਸਤੇਮਾਲ ਯਕੀਨੀ ਬਣਾਇਆ ਜਾਵੇ। ਆਪਣੇ ਹੱਥਾਂ ਨੂੰ ਵਾਰ-ਵਾਰ ਸਾਬਣ ਨਾਲ ਧੋਵੋ ਅਤੇ ਸਮਾਜਿਕ ਦੂਰੀ ਦਾ ਵੀ ਵਿਸ਼ੇਸ਼ ਧਿਆਨ ਰੱਖੋ।

Bharat Thapa

This news is Content Editor Bharat Thapa