ਫਗਵਾੜਾ ਨੈਸ਼ਨਲ ਹਾਈਵੇਅ ’ਤੇ ਗੁੰਡਾਗਰਦੀ ਦਾ ਨੰਗਾ ਨਾਚ, ਬੱਸ ਕੰਡਕਟਰ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ

01/20/2024 12:56:50 PM

ਜਲੰਧਰ/ਫਗਵਾੜਾ (ਜਲੋਟਾ)-ਫਗਵਾੜਾ ’ਚ ਕੌਮੀ ਰਾਜ ਮਾਰਗ ਨੰਬਰ 1 ’ਤੇ ਸ਼ਹਿਰ ਦੇ ਬਹੁਤ ਹੀ ਵਿਅਸਤ ਬੱਸ ਸਟੈਂਡ ਇਲਾਕੇ ’ਚ ਟ੍ਰੈਫਿਕ ਪੁਲਸ ਫਗਵਾੜਾ ਦੇ ਦਫ਼ਤਰ ਨੇੜੇ ਉਸ ਸਮੇਂ ਹਫ਼ਡ਼ਾ-ਦਫ਼ਡ਼ੀ ਮਚ ਗਈ, ਜਦੋਂ ਦਿਨ-ਦਿਹਾੜੇ ਇਕ ਕਾਰ ਵਿਚ ਸਵਾਰ ਅੱਧੀ ਦਰਜਨ ਦੇ ਕਰੀਬ ਨੌਜਵਾਨਾਂ ਦੇ ਸਮੂਹ ਨੇ ਇਕ ਨਿੱਜੀ ਬੱਸ ਦੇ ਕੰਡਕਟਰ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਉਸ ਨੂੰ ਗੰਭੀਰ ਰੂਪ ਵਿਚ ਜ਼ਖ਼ਮੀ ਕਰ ਦਿੱਤਾ। ਇਸ ਦੌਰਾਨ ਬੱਸ ਦੀ ਵੀ ਭੰਨਤੋੜ ਕੀਤੀ ਗਈ ਹੈ। ਬੱਸ ਕੰਡਕਟਰ ’ਤੇ ਹੋਏ ਹਮਲੇ ਤੋਂ ਬਾਅਦ ਬੱਸ ’ਚ ਸਵਾਰ ਕਈ ਯਾਤਰੀ ਆਪਣੀ ਜਾਨ ਬਚਾਉਣ ਲਈ ਉੱਥੋਂ ਭੱਜ ਗਏ, ਜਦਕਿ ਕੁਝ ਗੁੰਡਾਗਰਦੀ ਵੇਖ ਕੇ ਹੈਰਾਨ ਰਹਿ ਗਏ। ਬੁਰੀ ਤਰ੍ਹਾਂ ਜ਼ਖ਼ਮੀ ਹੋਏ ਬੱਸ ਕੰਡਕਟਰ ਜਿਸ ਦੀ ਪਛਾਣ ਰਜਤ ਵਜੋਂ ਹੋਈ ਹੈ, ਨੂੰ ਫਗਵਾੜਾ ਪੁਲਸ ਦੀ ਟੀਮ ਨੇ ਸਿਵਲ ਹਸਪਤਾਲ ਪਹੁੰਚਾਇਆ ਜਿੱਥੇ ਸਰਕਾਰੀ ਡਾਕਟਰਾਂ ਦੀ ਟੀਮ ਉਸ ਦਾ ਇਲਾਜ ਕਰ ਰਹੀ ਹੈ।

ਰਜਤ ਨੇ ਦੱਸਿਆ ਕਿ ਉਹ ਇਕ ਨਿੱਜੀ ਬੱਸ ਕੰਪਨੀ ਵਿਚ ਕੰਡਕਟਰ ਵਜੋਂ ਕੰਮ ਕਰਦਾ ਹੈ। ਸ਼ੁੱਕਰਵਾਰ ਜਦੋਂ ਬੱਸ ਲੁਧਿਆਣਾ ਤੋਂ ਜਲੰਧਰ ਜਾ ਰਹੀ ਸੀ ਤਾਂ ਇਸੇ ਦੌਰਾਨ ਫਿਲੌਰ ਨੇੜੇ ਟੋਲ ਪਲਾਜ਼ਾ ’ਤੇ ਬੱਸ ਡਰਾਈਵਰ ਦੀ ਇਕ ਕਾਰ ਸਵਾਰ ਔਰਤ ਨਾਲ ਮਾਮੂਲੀ ਤੌਰ ’ਤੇ ਬਹਿਸ ਹੋ ਗਈ, ਜਿਸ ਤੋਂ ਬਾਅਦ ਉਕਤ ਔਰਤ ਦੇ ਸੱਦੇ ’ਤੇ ਫਗਵਾੜਾ ਦੇ ਬੱਸ ਸਟੈਂਡ ਨੇੜੇ ਕਾਰ ’ਚ ਆਏ ਅੱਧਾ ਦਰਜਨ ਨੌਜਵਾਨਾਂ ਦੇ ਸਮੂਹ ਨੇ ਬੱਸ ਦੀ ਭੰਨਤੋੜ ਕੀਤੀ ਅਤੇ ਉਸ ’ਤੇ ਤੇਜ਼ਧਾਰ ਦਾਤਰਾ ਨਾਲ ਹਮਲਾ ਕਰ ਦਿੱਤਾ। ਘਟਨਾ ਤੋਂ ਬਾਅਦ ਦੋਸ਼ੀ ਹਮਲਾਵਰ ਫਿਲਮੀ ਅੰਦਾਜ਼ ’ਚ ਕਾਰ ’ਚ ਬੈਠ ਕੇ ਮੌਕੇ ਤੋਂ ਫਰਾਰ ਹੋ ਗਏ ਹਨ। ਇਸ ਦੌਰਾਨ ਫਗਵਾੜਾ ਬੱਸ ਸਟੈਂਡ ’ਤੇ ਮੌਜੂਦ ਲੋਕਾਂ ਨੇ ਕਿਹਾ ਕਿ ਉਹ ਹੈਰਾਨ ਹਨ ਕਿ ਪੰਜਾਬ ’ਚ ਦੋਆਬਾ ਦਾ ਗੇਟਵੇ ਅਖਵਾਉਣ ਵਾਲੇ ਫਗਵਾੜਾ ’ਚ ਅਮਨ-ਕਾਨੂੰਨ ਦੀ ਸਥਿਤੀ ਇੰਨੀ ਖ਼ਰਾਬ ਹੈ?

ਇਹ ਵੀ ਪੜ੍ਹੋ : ਏਜੰਟਾਂ ਖ਼ਿਲਾਫ਼ ਸ਼ਿਕੰਜਾ ਕੱਸਣ ਦੀ ਤਿਆਰੀ 'ਚ ਰਿਜ਼ਨਲ ਪਾਸਪੋਰਟ ਅਫ਼ਸਰ, ਇੰਝ ਰੱਖੀ ਜਾਵੇਗੀ ਚੱਪੇ-ਚੱਪੇ 'ਤੇ ਨਜ਼ਰ

ਲੋਕਾਂ ਨੇ ਦੱਸਿਆ ਕਿ ਜਦੋਂ ਬੱਸ ਕੰਡਕਟਰ ’ਤੇ ਹਮਲਾ ਕੀਤਾ ਗਿਆ ਤਾਂ ਉਹ ਮਦਦ ਲਈ ਚੀਕ ਰਿਹਾ ਸੀ ਪਰ ਹਮਲਾਵਰਾਂ ਕੋਲ ਤੇਜ਼ਧਾਰ ਹਥਿਆਰ ਆਦਿ ਹੋਣ ਕਾਰਨ ਕੋਈ ਵੀ ਉਸ ਦੀ ਮਦਦ ਲਈ ਅੱਗੇ ਹੀ ਨਹੀਂ ਆਇਆ। ਹੈਰਾਨੀ ਦੀ ਗੱਲ ਇਹ ਹੈ ਕਿ ਇਸੇ ਇਲਾਕੇ ਵਿਚ ਫਗਵਾੜਾ ਟ੍ਰੈਫਿਕ ਪੁਲਸ ਦਾ ਮੁੱਖ ਦਫਤਰ ਹੈ ਅਤੇ ਇਹ ਸ਼ਹਿਰ ਦਾ ਸਭ ਤੋਂ ਪ੍ਰਮੁੱਖ ਸਥਾਨ ਹੈ। ਇੱਥੇ ਜਨਤਕ ਸੁਰੱਖਿਆ ਕਿੰਨੀ ਸਮਰੱਥ ਹੈ, ਇਹ ਚਿੱਟੇ ਦਿਨ ਹੋਈ ਗੁੰਡਾਗਰਦੀ ਤੋਂ ਸਾਬਤ ਹੋ ਗਿਆ ਹੈ। ਖ਼ਬਰ ਲਿਖੇ ਜਾਣ ਤੱਕ ਪੁਲਸ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਮੁਲਜ਼ਮ ਕਿਸ ਕਾਰ ਵਿਚ ਆਏ ਸਨ ਅਤੇ ਕਿੱਥੇ ਫਰਾਰ ਹੋਏ ਹਨ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਇਹ ਵੀ ਪੜ੍ਹੋ : ਪਾਕਿ ਦੇ ਹੈਰੋਇਨ ਸਮੱਗਲਿੰਗ ਗਰੁੱਪ ਨਾਲ ਜੁੜਿਆ ਰਾਜਾ ਅੰਬਰਸਰੀਆ ਥਾਣਾ ਆਦਮਪੁਰ ਤੋਂ ਫਰਾਰ, ਪਈਆਂ ਭਾਜੜਾਂ

'ਜਗਬਾਣੀ' ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।

shivani attri

This news is Content Editor shivani attri