ਮੁੰਡਿਆਂ ਨਾਲ ਡੇਟਿੰਗ ਕਰਕੇ ਬੁਲਾਉਂਦੀ ਸੀ ਘਰ, ਪਤੀ ਲਈ ਰੱਖਿਆ ਸੀ ਕੋਡਵਰਡ, ਤੀਜੇ ਸ਼ਿਕਾਰ ਵਾਰੀ ਜੋ ਹੋਇਆ...

03/13/2023 11:44:42 AM

ਖਰੜ (ਅਮਰਦੀਪ, ਰਣਬੀਰ) : ਥਾਣਾ ਸਿਟੀ ਪੁਲਸ ਨੇ ਇਕ ਔਰਤ ਨੂੰ ਉਸ ਦੇ ਪਤੀ ਅਤੇ 1 ਹੋਰ ਸਾਥੀ ਸਮੇਤ ਹਨੀ ਟ੍ਰੈਪ ਮਾਮਲੇ 'ਚ ਗ੍ਰਿਫ਼ਤਾਰ ਕੀਤਾ ਹੈ, ਜਿਨ੍ਹਾਂ ਦੀ ਪਛਾਣ ਛਾਇਆ ਉਰਫ਼ ਪੂਜਾ ਪਤਨੀ ਕਮਲਜੀਤ ਸਿੰਘ, ਕਮਲਜੀਤ ਸਿੰਘ ਉਰਫ਼ ਵਿੱਕੀ ਅਤੇ ਉਨ੍ਹਾਂ ਦੇ ਸਾਥੀ ਸੁੰਦਰ ਕੁਮਾਰ ਵਾਸੀ ਨਵਾਂਗਾਓਂ ਵਜੋਂ ਹੋਈ। ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ। ਥਾਣਾ ਸਿਟੀ ਦੇ ਐੱਸ. ਐੱਚ. ਓ. ਹਰਜਿੰਦਰ ਸਿੰਘ ਨੇ ਦੱਸਿਆ ਕਿ ਹਨੀ ਟ੍ਰੈਪ ਮਾਮਲੇ ’ਚ ਫਸਿਆ ਪ੍ਰਤੀਕ ਸਿੰਗਲਾ ਨਿਵਾਸੀ ਕਰਨਾਲ, ਹਰਿਆਣਾ ਇਲੈਕਟ੍ਰੋਨਿਕ ਦੀ ਦੁਕਾਨ ਕਰਦਾ ਹੈ। ਉਸ ਦੇ ਪਰਿਵਾਰ ਨੇ ਪੁਲਸ ਨੂੰ ਸ਼ਿਕਾਇਤ ਕੀਤੀ ਸੀ। ਡੀ. ਐੱਸ. ਪੀ. ਖਰੜ ਰੁਪਿੰਦਰ ਦੀਪ ਕੌਰ ਸੋਹੀ ਨੇ ਦੱਸਿਆ ਕਿ ਪੁਲਸ ਨੂੰ ਪ੍ਰਤੀਕ ਸਿੰਗਲਾ ਦੇ ਪਰਿਵਾਰਕ ਮੈਂਬਰਾਂ ਵਲੋਂ ਐੱਸ. ਐੱਮ. ਐੱਸ. ਮਿਲਿਆ ਕਿ ਉਨ੍ਹਾਂ ਦੇ ਪੁੱਤਰ ਪ੍ਰਤੀਕ ਸਿੰਗਲਾ ਨੂੰ ਕਿਸੇ ਨੇ ਅਗਵਾ ਕਰ ਲਿਆ ਹੈ।

ਇਹ ਵੀ ਪੜ੍ਹੋ : 'ਸੀਜ਼ਨਲ ਫਲੂ' ਨੂੰ ਲੈ ਕੇ ਸਿਹਤ ਵਿਭਾਗ ਵੱਲੋਂ ਐਡਵਾਈਜ਼ਰੀ ਜਾਰੀ, ਜਾਣੋ ਕੀ ਹੈ H3N2 ਵਾਇਰਸ

ਅਗਵਾਕਾਰਾਂ ਵਲੋਂ ਉਨ੍ਹਾਂ ਤੋਂ ਇਸ ਦੇ ਬਦਲੇ 20 ਲੱਖ ਦੀ ਫ਼ਿਰੌਤੀ ਮੰਗੀ ਜਾ ਰਹੀ ਹੈ। ਐੱਸ. ਐੱਚ. ਓ. ਸਿਟੀ ਦੀ ਅਗਵਾਈ ’ਚ ਏ. ਐੱਸ. ਆਈ. ਨਰਿੰਦਰ ਸਿੰਘ ਸਮੇਤ ਗਠਿਤ ਕੀਤੀ ਵਿਸ਼ੇਸ਼ ਟੀਮ ਵਲੋਂ ਤਫ਼ਤੀਸ਼ ਸ਼ੁਰੂ ਕੀਤੀ ਗਈ ਤਾਂ ਅਗਵਾਕਾਰਾਂ ਵਲੋਂ ਜਿਸ ਮੋਬਾਇਲ ਨੰਬਰ ਤੋਂ ਫ਼ਿਰੌਤੀ ਦੀ ਮੰਗ ਕੀਤੀ ਜਾ ਰਹੀ ਸੀ, ਉਸ ਨੰਬਰ ਨੂੰ ਟਰੈਕ ਕਰ ਕੇ ਮੌਕੇ ’ਤੇ ਛਾਪੇਮਾਰੀ ਕਰਦਿਆਂ ਇਸ ਸਾਜ਼ਿਸ਼ ’ਚ ਸ਼ਾਮਲ ਇਕ ਔਰਤ ਸਣੇ 3 ਮੁਲਜ਼ਮਾਂ ਨੂੰ ਮੌਕੇ ’ਤੇ ਹੀ ਦਬੋਚ ਲਿਆ। ਇਨ੍ਹਾਂ ਵਲੋਂ ਬੰਦੀ ਬਣਾ ਕੇ ਰੱਖੇ ਗਏ ਪ੍ਰਤੀਕ ਸਿੰਗਲਾ ਨੂੰ ਇਨ੍ਹਾਂ ਦੇ ਚੁੰਗਲ ’ਚੋਂ ਮੁਕਤ ਕਰਵਾ ਲਿਆ ਗਿਆ। ਡੀ. ਐੱਸ. ਪੀ. ਨੇ ਦੱਸਿਆ ਕਿ ਮੁਲਜ਼ਮ ਛਾਇਆ ਪੂਰੇ ਪਲਾਨ ਤਹਿਤ ਇੰਸਟਾਗ੍ਰਾਮ ਰਾਹੀਂ ਵੱਖ-ਵੱਖ ਵਿਅਕਤੀਆਂ ਖ਼ਾਸ ਕਰ ਕੇ ਨੌਜਵਾਨਾਂ ਨਾਲ ਦੋਸਤੀ ਕਰ ਕੇ ਆਨਲਾਈਨ ਡੇਟਿੰਗ ਕਰਦੀ ਸੀ। ਜਿਹੜਾ ਇਸ ਦੇ ਜਾਲ ’ਚ ਫਸ ਜਾਂਦਾ ਸੀ, ਉਸ ਨੂੰ ਇਹ ਆਪਣੇ ਘਰ ਬੁਲਾ ਲੈਂਦੀ ਸੀ, ਜਿੱਥੇ ਇਹ ਤਿੰਨੋਂ ਉਸ ਵਿਅਕਤੀ ਨੂੰ ਬੰਦੀ ਬਣਾ ਕੇ ਉਸ ਤੋਂ ਫ਼ਿਰੌਤੀ ਵਸੂਲਣ ਦਾ ਧੰਦਾ ਚਲਾਉਂਦੇ ਆ ਰਹੇ ਸਨ।

ਇਹ ਵੀ ਪੜ੍ਹੋ : PSTET ਦੇ ਚੁੱਕੇ ਉਮੀਦਵਾਰਾਂ ਲਈ ਵੱਡੀ ਖ਼ਬਰ, ਹੁਣ ਮੁੜ ਦੇਣਾ ਪਵੇਗਾ ਪੇਪਰ
ਪਤੀ ਨੂੰ ਘਰ ਸੱਦਣ ਲਈ ਕਰਦੀ ਸੀ ਕੋਡ ਵਰਡ ਦੀ ਵਰਤੋਂ
ਇਸ ਔਰਤ ਦੇ ਜਾਲ ’ਚ ਫ਼ਸਿਆ ਜੋ ਵੀ ਵਿਅਕਤੀ ਉਸ ਕੋਲ ਘਰ ਆ ਜਾਂਦਾ ਤਾਂ ਇਸਦੀ ਅਗਲੀ ਕਾਰਵਾਈ ਵਜੋਂ ਉਹ ਆਪਣੇ ਪਤੀ ਨੂੰ ਘਰ ਸੱਦਣ ਲਈ ਉਸ ਵਿਅਕਤੀ ਦੇ ਸਾਹਮਣੇ ਹੀ ਫੋਨ ਕਰ ਕੇ ਇਕ ਕੋਡ ਵਰਡ ਦਾ ਇਸਤੇਮਾਲ ਕਰ ਕੇ ਆਖਦੀ ਸੀ ਕਿ ਤੁਸੀਂ ਬਾਹਰ ਹੋ ਤਾਂ ਖਾਣਾ ਬਾਹਰ ਹੀ ਖਾ ਆਇਓ। ਇਸਦਾ ਮਤਲਬ ਇਹੋ ਸੀ ਕਿ ਨੌਜਵਾਨ ਉਸਦੇ ਕੋਲ ਘਰ ਅੰਦਰ ਮੌਜੂਦ ਹੈ। ਕਮਲਜੀਤ ਸਿੰਘ ਅਤੇ ਉਸ ਦਾ ਦੋਸਤ ਜਿੱਥੇ ਵੀ ਹਨ, ਉਹ ਜਲਦ ਘਰ ਆ ਜਾਣ। ਪ੍ਰਤੀਕ ਦੇ ਮਾਮਲੇ 'ਚ ਜਿਵੇਂ ਉਹ ਦੋਵੇਂ ਘਰ ਪੁੱਜੇ ਤਾਂ ਛਾਇਆ ਪ੍ਰਤੀਕ ਸਿੰਗਲਾ ਨਾਲ ਰੋਮਾਂਟਿਕ ਹੋਣ ਦਾ ਡਰਾਮਾ ਕਰ ਰਹੀ ਸੀ ਤੇ ਇਨ੍ਹਾਂ ਨੇ ਮਿਲ ਕੇ ਹੋਰਨਾਂ ਵਾਂਗ ਪ੍ਰਤੀਕ ਨੂੰ ਵੀ ਬੰਦੀ ਬਣਾ ਕੇ ਜਬਰ-ਜ਼ਿਨਾਹ ਦਾ ਮੁਕੱਦਮਾ ਦਰਜ ਕਰਵਾਉਣ ਦੀਆਂ ਧਮਕੀਆਂ ਦਿੰਦੇ ਹੋਏ ਕੁੱਟਮਾਰ ਕਰ ਕੇ ਧਮਕਾਇਆ ਤੇ ਪ੍ਰਤੀਕ ਤੋਂ 20 ਲੱਖ ਰੁਪਏ ਫ਼ਿਰੌਤੀ ਦੀ ਮੰਗ ਕੀਤੀ। ਇਸ ਰਕਮ ਦਾ ਬੰਦੋਬਸਤ ਕਰਨ ਲਈ ਪ੍ਰਤੀਕ ਸਿੰਗਲਾ ਵਲੋਂ ਆਪਣੇ ਘਰਦਿਆਂ ਨੂੰ ਕਿਹਾ ਜਾਂਦਾ ਸੀ। ਘਰਦਿਆਂ ਨੇ ਸ਼ੱਕ ਹੋਣ ’ਤੇ ਇਸ ਦੀ ਇਤਲਾਹ ਪੁਲਸ ਨੂੰ ਦੇ ਦਿੱਤੀ। ਇਸ ਤੋਂ ਪਹਿਲਾਂ ਕਿ ਇਹ ਤਿੰਨੋਂ ਮੁਲਜ਼ਮ ਆਪਣੇ ਮਕਸਦ ’ਚ ਕਾਮਯਾਬ ਹੁੰਦੇ, ਪੁਲਸ ਦੀ ਚੌਕਸੀ ਦੀ ਬਦੌਲਤ ਇਹ ਦਬੋਚ ਲਏ ਗਏ। ਅਧਿਕਾਰੀ ਨੇ ਦੱਸਿਆ ਕਿ ਮੁੱਢਲੀ ਤਫ਼ਤੀਸ਼ ਦੌਰਾਨ ਮੁਲਜ਼ਮਾਂ ਨੇ ਮੰਨਿਆ ਕਿ ਇਸ ਤੋਂ ਪਹਿਲਾਂ ਉਹ ਹਰਿਆਣਾ ਵਿਚ ਹੀ ਇਕ ਵਿਅਕਤੀ ਤੋਂ ਇਸੇ ਤਰ੍ਹਾਂ 75 ਹਜ਼ਾਰ ਸਣੇ ਸੋਨੇ ਦੀ ਚੇਨ ਤੇ ਇਕ ਹੋਰ ਵਿਅਕਤੀ ਤੋਂ 14 ਲੱਖ ਰੁਪਏ ਦੀ ਫਿਰੌਤੀ ਵਸੂਲ ਚੁੱਕੇ ਹਨ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

Babita

This news is Content Editor Babita