ਸਾਰਾ ਸਾਲ ਛੁੱਟੀਆਂ ਦੌਰਾਨ ਸਕੂਲ ਪਹੁੰਚ ਕੇ ਸਰਕਾਰੀ ਮਾਸਟਰ ਨੇ ਪੇਸ਼ ਕੀਤੀ ਅਨੋਖੀ ਮਿਸਾਲ

01/02/2020 10:15:13 AM

ਸ਼ੇਰਪੁਰ (ਸਿੰਗਲਾ): ਵੇਸੇ ਤਾਂ ਸਰਕਾਰੀ ਮੁਲਾਜ਼ਮਾਂ ਨੂੰ ਛੁੱਟੀਆਂ ਬਹੁਤ ਪਿਆਰੀਆਂ ਹੁੰਦੀਆਂ, ਜੇ ਉਨ੍ਹਾਂ ਨੂੰ ਛੁੱਟੀ ਵਾਲੇ ਦਿਨ ਹਾਜ਼ਰ ਹੋਣਾ ਪੈ ਜਾਵੇ ਤਾਂ ਜ਼ਿਆਦਾਤਰ ਮੁਲਾਜਮ ਕਿਚਕਿਚ ਕਰਦੇ ਆਮ ਦੇਖੇ ਜਾ ਸਕਦੇ ਹਨ। ਪਰ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ, ਹਥਨ ਵਿਖੇ ਪੰਜਾਬੀ ਮਾਸਟਰ ਕੁਲਦੀਪ ਸਿੰਘ ਮਰਾਹੜ ਨੇ ਸਾਲ 2019 ਵਿਚ ਸਾਰੀਆਂ ਸਰਕਾਰੀ ਛੁੱਟੀਆਂ, ਸਾਰੇ ਐਤਵਾਰ, ਸਾਰੇ ਦੂਸਰੇ ਸ਼ਨੀਵਾਰ, ਜੂਨ ਦੀਆਂ ਛੁੱਟੀਆਂ, ਸਰਦੀ ਦੀਆਂ ਛੁੱਟੀਆਂ ਦੌਰਾਨ ਸਕੂਲ ਪਹੁੰਚ ਕੇ ਅਨੋਖੀ ਮਿਸਾਲ ਪੇਸ਼ ਕੀਤੀ ਹੈ। ਇਨ੍ਹਾਂ ਛੁੱਟੀਆਂ ਦੌਰਾਨ ਸਾਰਾ ਸਾਲ ਸਕੂਲ ਭਲਾਈ ਦੇ ਕਾਰਜਾਂ 'ਚ ਵੱਧ-ਚੜ ਕੇ ਆਪਣਾ ਯੋਗਦਾਨ ਪਾਇਆ। ਸਕੂਲ ਦੀ ਨੁਹਾਰ ਬਦਲਣ 'ਚ ਬਾਹਰੋਂ ਪੰਜ ਲੱਖ ਤੋਂ ਵੱਧ ਦਾਨ ਇਕੱਠਾ ਕਰਕੇ ਲਾਇਆ ਗਿਆ। ਬਾਹਰਲੇ ਪਿੰਡਾਂ ਵਿਚੋਂ ਆਉਣ-ਜਾਣ ਵਾਲੀਆਂ ਵਿਦਿਆਰਥਣਾਂ ਲਈ ਦੋ ਬੱਸਾਂ, ਛੱਤ ਵਾਲੇ ਤੀਹ ਪੱਖੇ, ਤਿੰਨ ਐੱਲ. ਸੀ. ਡੀ, ਜ਼ਰੂਰਤਮੰਦ ਵਿਦਿਆਰਥੀਆਂ ਲਈ 51 ਹਜ਼ਾਰ ਦੀ ਸਹਾਇਤਾ, ਵੱਖ-ਵੱਖ ਪਾਰਕ, ਇਮਾਰਤ ਦੀ ਰਿਪੇਅਰ, ਬਾਲਾ ਵਰਕ ਵਗੈਰਾ ਵਿੱਚ ਅਹਿਮ ਭੂਮਿਕਾ ਨਿਭਾਈ।

ਜਾਣਕਾਰੀ ਇਹ ਅਧਿਆਪਕ ਹਰ-ਰੋਜ਼ ਸਕੂਲ ਸਮੇਂ ਤੋਂ ਪਹਿਲਾਂ ਸਕੂਲ ਆਉਂਦਾ ਹੈ ਤੇ ਛੁੱਟੀ ਤੋਂ ਬਾਅਦ ਵੀ ਸਕੂਲ ਭਲਾਈ ਕਾਰਜ ਆਪਣੇ ਹੱਥਾਂ ਨਾਲ ਕਰਵਾਉਂਦਾ ਹੈ। ਸਕੂਲ ਸਮੇਂ ਦੌਰਾਨ ਕੇਵਲ ਤੇ ਕੇਵਲ ਵਿਦਿਆਰਥੀਆਂ ਦੀ ਪੜਾਈ ਕਰਵਾਉਣ ਵਿਚ ਹੀ ਯਤਨਸ਼ੀਲ ਰਹਿੰਦਾ ਹੈ। ਸਕੂਲ ਅਤੇ ਵਿਦਿਆਰਥੀਆਂ ਦੀ ਭਲਾਈ 'ਚ ਆਪਣਾ ਯੋਗਦਾਨ ਪਾਉਣ ਵਾਲੇ ਇਸ ਅਧਿਆਪਕ ਨੂੰ ਬੀਤੇ ਵਰ੍ਹੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਚ ਸਥਾਪਤ ਕਰਤਾਰ ਸਿੰਘ ਸਰਾਭਾ ਚੇਅਰ ਨੇ ਸਨਮਾਨਤ ਕੀਤਾ ਸੀ। ਇਸ ਮਿਹਨਤੀ ਅਧਿਆਪਕ ਕੁਲਦੀਪ ਸਿੰਘ ਮਰਾਹੜ ਦਾ ਸਕੂਲ ਦੇ ਪ੍ਰਿੰਸੀਪਲ ਸੁਖਜੀਤ ਕੌਰ ਸਿੱਧੂ ਤੇ ਸਮੂਹ ਸਟਾਫ ਵੱਲੋਂ ਉਚੇਚੇ ਤੌਰ 'ਤੇ ਸਕੂਲ ਵਿਚ ਸਨਮਾਨਤ ਵੀ ਕੀਤਾ ਗਿਆ ਹੈ।

ਬੇਸ਼ੱਕ ਕੁਲਦੀਪ ਸਿੰਘ ਮਰਾਹੜ ਨੂੰ ਸਕੂਲ ਵੱਲੋਂ ਤਾਂ ਸਨਮਾਨ ਮਿਲ ਰਿਹਾ ਹੈ, ਪਰ ਸਿੱਖਿਆ ਵਿਭਾਗ ਤੇ ਜ਼ਿਲਾ ਪ੍ਰਸ਼ਾਸਨ ਵੱਲੋਂ ਅਜੇ ਤਕ ਉਨ੍ਹਾਂ ਦਾ ਕੋਈ ਸਨਮਾਨ ਨਾ ਹੋਣਾ ਅਜਿਹੇ ਮਿਹਨਤੀ ਤੇ ਉੱਦਮੀ ਅਧਿਆਪਕ ਨਾਲ ਬੇਇਨਸਾਫ ਜਾਪ ਰਹੀ ਹੈ। ਇਸ ਅਧਿਆਪਕ ਦੀ ਮਿਹਨਤ ਤੇ ਲਗਨ ਨੂੰ ਪੂਰਾ ਇਲਾਕਾ, ਸਮੂਹ ਪੰਚਾਇਤ, ਐੱਸ. ਐੱਮ. ਸੀ. ਕਮੇਟੀ, ਸਕੂਲ ਸਟਾਫ ਭਰਵੀਂ ਪ੍ਰਸ਼ੰਸਾ ਕਰਦਾ ਹੋਇਆ ਜ਼ਿਲਾ ਪ੍ਰਸ਼ਾਸਨ ਤੋਂ ਮੰਗ ਕਰਦਾ ਹੈ ਕਿ ਕੁਲਦੀਪ ਸਿੰਘ ਮਰਾਹੜ ਨੂੰ 26 ਜਨਵਰੀ 'ਤੇ ਜ਼ਿਲਾ ਪੱਧਰ ਉੱਪਰ ਵਿਸ਼ੇਸ਼ ਸਨਮਾਨ ਦਿੱਤਾ ਜਾਵੇ ਤਾਂ ਜੋ ਅਜਿਹੇ ਅਧਿਆਪਕ ਪਾਸੋਂ ਹੋਰ ਅਧਿਆਪਕ ਵੀ ਸੇਧ ਲੈ ਸਕਣ। ਇਸ ਸਮੇਂ ਅਧਿਆਪਕ ਡਾ. ਕੰਵਰਦੀਪ ਸਿੰਘ, ਲਾਭ ਸਿੰਘ, ਜਸਵੀਰ ਸਿੰਘ, ਰਮਨਦੀਪ ਕੌਰ ਲੈਕਚਰਾਰ, ਅਮਰਦੀਪ ਕੌਰ, ਕਮਲਦੀਪ ਕੌਰ, ਅਨੁ ਗੋਇਲ, ਰਾਜਵੀਰ ਕੌਰ ਆਦਿ ਹਾਜ਼ਰ ਸਨ।

Shyna

This news is Content Editor Shyna