ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਪਹਿਲੀ ਵਾਰ ਮਨਾਈ ਹੋਲੀ, ਪਿਤਾ ਬਲਕੌਰ ਸਿੰਘ ਨੇ ਸਾਂਝੀ ਕੀਤੀ ਭਾਵੁਕ ਪੋਸਟ

03/26/2024 6:17:10 AM

ਜਲੰਧਰ (ਵੈੱਬਡੈਸਕ)- ਅੱਜ ਪੂਰੇ ਦੇਸ਼ ਤੇ ਦੁਨੀਆ 'ਚ ਹੋਲੀ ਦਾ ਤਿਉਹਾਰ ਧੂਮ-ਧਾਮ ਨਾਲ ਮਨਾਇਆ ਗਿਆ। ਇਹ ਇਕ ਅਜਿਹਾ ਤਿਉਹਾਰ ਹੈ, ਜੋ ਕਿ ਲੋਕ ਜਾਤਾਂ-ਪਾਤਾਂ ਤੇ ਧਰਮਾਂ ਨੂੰ ਭੁੱਲ ਕੇ ਰਲ਼-ਮਿਲ ਕੇ ਮਨਾਉਂਦੇ ਹਨ। 

ਜਦੋਂ ਇਹ ਤਿਉਹਾਰ ਹਰ ਸਾਲ ਪੂਰੇ ਦੇਸ਼ ਤੇ ਦੁਨੀਆ 'ਚ ਪੂਰੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ, ਉੱਥੇ ਹੀ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਉਸ ਦੇ ਪਿੰਡ ਮੂਸਾ 'ਚ ਅੱਜ 2 ਸਾਲ ਬਾਅਦ ਪਹਿਲੀ ਵਾਰ ਹੋਲੀ ਦਾ ਤਿਉਹਾਰ ਮਨਾਇਆ ਗਿਆ। ਇਸ ਦੌਰਾਨ ਲੋਕਾਂ ਨੇ ਨਿੱਕੇ ਸਿੱਧੂ ਦੇ ਜਨਮ ਦੀ ਖੁਸ਼ੀ 'ਚ ਬਹੁਤ ਹੀ ਖੁਸ਼ੀ ਤੇ ਉਤਸ਼ਾਹ ਨਾਲ ਇਹ ਤਿਉਹਾਰ ਮਨਾਇਆ। 

ਇਸ ਖੁਸ਼ੀ ਦੇ ਮੌਕੇ 'ਤੇ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਕਾਫ਼ੀ ਭਾਵੁਕ ਸ਼ਬਦਾਂ ਦਾ ਪ੍ਰਗਟਾਵਾ ਕਰਦੇ ਹੋਏ ਸਿੱਧੂ ਮੂਸੇਵਾਲਾ ਨੂੰ ਯਾਦ ਕੀਤਾ। ਉਨ੍ਹਾਂ ਕਿਹਾ ਕਿ ਸਿੱਧੂ ਨੇ ਕਦੇ ਵੀ ਆਪਣਾ ਨਾਂ ਸ਼ੁੱਭਦੀਪ ਸਿੰਘ ਸਿੱਧੂ ਦੱਸ ਕੇ ਮਸ਼ਹੂਰ ਹੋਣ ਦੀ ਕੋਸ਼ਿਸ਼ ਨਹੀਂ ਕੀਤੀ। ਉਸ ਨੇ ਆਪਣਾ ਨਾਂ ਸਿੱਧੂ ਮੂਸੇਵਾਲਾ ਇਸ ਕਾਰਨ ਰੱਖਿਆ ਤਾਂ ਜੋ ਉਨ੍ਹਾਂ ਦੇ ਪਿੰਡ ਦਾ ਰਹਿਣ ਵਾਲਾ ਹਰੇਕ ਵਿਅਕਤੀ ਆਪਣੇ ਆਪ ਨੂੰ ਸਿੱਧੂ ਮੂਸੇਵਾਲਾ ਸਮਝ ਸਕੇ। 

ਉਨ੍ਹਾਂ ਅੱਗੇ ਦੱਸਿਆ ਕਿ ਜਦੋਂ ਵੀ ਪਿੰਡ 'ਚ ਕਿਸੇ ਧੀ-ਭੈਣ ਦਾ ਵਿਆਹ ਜਾਂ ਕੋਈ ਹੋਰ ਸਮਾਗਮ ਹੁੰਦਾ ਸੀ ਤਾਂ ਜਦੋਂ ਤੱਕ ਸਿੱਧੂ ਉੱਥੇ ਹਾਜ਼ਰ ਨਹੀਂ ਹੋ ਜਾਂਦਾ ਸੀ, ਉਦੋਂ ਤੱਕ ਉਸ ਨੂੰ ਚੈਨ ਨਹੀਂ ਸੀ ਆਉਂਦਾ। ਉਹ ਹਰੇਕ ਖੁਸ਼ੀ-ਗ਼ਮੀ ਦੇ ਮੌਕੇ ਪਿੰਡ ਵਾਸੀਆਂ ਨਾਲ ਮਿਲਦਾ ਵਰਤਦਾ ਸੀ ਤੇ ਇਸੇ ਕਾਰਨ ਪਿੰਡ ਦਾ ਹਰੇਕ ਬੰਦਾ ਉਨ੍ਹਾਂ ਦੀ ਇੱਜ਼ਤ ਤੇ ਕਦਰ ਕਰਦਾ ਹੈ। ਇਸ ਤੋਂ ਬਾਅਦ ਉਨ੍ਹਾਂ ਇੰਨਾ ਪਿਆਰ ਦੇਣ ਲਈ ਹਰ ਕਿਸੇ ਦਾ ਦਿਲੋਂ ਧੰਨਵਾਦ ਕੀਤਾ। ਉਨ੍ਹਾਂ ਹਰ ਕਿਸੇ ਦੀ ਤੰਦਰੁਸਤੀ ਦੀ ਕਾਮਨਾ ਕੀਤੀ। 

ਇਸ ਤੋਂ ਬਾਅਦ ਉਨ੍ਹਾਂ ਨੇ ਆਪਣੇ ਫੇਸਬੁੱਕ ਅਕਾਊਂਟ 'ਤੇ ਇਕ ਪੋਸਟ ਵੀ ਸਾਂਝੀ ਕੀਤੀ, ਜਿਸ 'ਚ ਉਨ੍ਹਾਂ ਨੇ ਸਿੱਧੂ ਮੂਸੇਵਾਲਾ ਦੀ ਇਕ ਪੁਰਾਣੀ ਵੀਡੀਓ ਵੀ ਸ਼ੇਅਰ ਕੀਤੀ ਹੈ, ਜਿਸ 'ਚ ਉਹ ਪਿੰਡ ਵਾਸੀਆਂ ਤੇ ਯਾਰਾਂ ਦੋਸਤਾਂ ਨਾਲ ਮਿਲ ਕੇ ਹੋਲੀ ਖੇਡਦਾ ਦਿਖਾਈ ਦੇ ਰਿਹਾ ਹੈ। 

ਇਸ ਪੋਸਟ ਦੇ ਨਾਲ ਉਨ੍ਹਾਂ ਲਿਖਿਆ-
ਆਜੁ ਹਮਾਰੈ ਬਨੇ ਫਾਗੁ।।
ਪ੍ਰਭ ਸੰਗੀ ਮਿਲੀ ਖੇਲਨ ਲਾਗੁ।।
ਹੋਲੀ ਕੀਨੀ ਸੰਤ ਸੇਵ।।
ਰੰਗਿ ਲਾਗਾ ਅਤਿ ਲਾਲ ਦੇਵ।।(ਅੰਗ 1180)

ਅਰਥ ; ਗੁਰੂ ਮਹਾਰਾਜ ਆਖਦੇ ਹਨ,
"ਮੈਂ ਅੱਜ ਫੱਗਣ ਦੇ ਮਹੀਨੇ ਦਾ ਤਿਉਹਾਰ ਮਨਾ ਰਿਹਾ ਹਾਂ।ਸਵਾਮੀ ਦੇ ਸਾਥੀਆਂ ਸੰਗ ਮਿਲ ਕੇ ਮੈਂ ਖੇਲਣ ਲੱਗ ਗਿਆ ਹਾਂ। ਸਾਧੂਆਂ ਦੀ ਨਿਸ਼ਕਾਮ ਸੇਵਾ ਹੀ ਸਾਡੀ ਹੋਲੀ ਹੈ। ਡਾਹਢੇ ਦਾ ਲਾਲ ਸੂਹਾ ਰੰਗ ਮੈਨੂੰ ਚੜ੍ਹਿਆ ਹੋਇਆ ਹੈ।"
ਬੜਾ ਸੌਖਾ ਜਾ ਧਰਮ ਹੈ ਮੇਰਾ, ਹਿੰਦੂਆਂ ਸੰਗ ਹਿੰਦੂ, ਮੁਸਲਮਾਨ ਸੰਗ ਮੁਸਲਮਾਨ, ਈਸਾਈ ਸੰਗ ਈਸਾਈ, ਸਿੱਖਾਂ ਸੰਗ ਸਿੱਖ ਕਿਉਂਕਿ ਇਨਸਾਨ ਜੋ ਹੋਇਆ।
ਹੇ ਪਿਆਰੇ! ਨਫ਼ਰਤ ਦਾ ਇੱਕ ਕਾਰਨ ਹੁੰਦਾ ਹੈ, ਪਿਆਰ ਦਾ ਕੋਈ ਕਾਰਨ ਨਹੀਂ ਹੁੰਦਾ। ਨਫ਼ਰਤ ਦਿਮਾਗ ਦੀ ਇਕ ਪਦਾਰਥਕ ਪ੍ਰਕਿਰਿਆ ਹੈ। ਪਿਆਰ ਨਾ ਤਾਂ ਪਦਾਰਥਕ ਹੈ ਅਤੇ ਨਾ ਹੀ ਕੋਈ ਪ੍ਰਕਿਰਿਆ। ਨਫ਼ਰਤ ਪਿਆਰ 'ਤੇ ਕੰਮ ਨਹੀਂ ਕਰ ਸਕਦੀ ਪਰ ਪਿਆਰ ਨਫ਼ਰਤ 'ਤੇ ਕੰਮ ਕਰ ਸਕਦਾ ਹੈ।''

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 

 

 

 

Harpreet SIngh

This news is Content Editor Harpreet SIngh