ਹੋਲਾ ਮਹੱਲਾ ਮਨਾਉਣ ਮਗਰੋਂ ਪਿੰਡ ਪੁੱਜਾ ਨਿਹੰਗ ਸਿੰਘਾਂ ਦਾ ਜੱਥਾ, ਮਚੀ ਹਫੜਾ-ਤਫੜੀ

03/22/2020 3:50:58 PM

ਪਾਇਲ (ਬਿਪਨ, ਬਿੱਟੂ) - ਪਿੰਡ ਘੁਡਾਣੀ ਕਲਾਂ ਦੇ ਗੁਰਦੁਆਰਾ ਨਿੰਮਸਰ ਸਾਹਿਬ ਵਿਖੇ ਸਥਿਤੀ ਉਸ ਸਮੇਂ ਤਣਾਅ ਪੂਰਨ ਹੋ ਗਈ, ਜਦੋਂ ਪਿੰਡ ਵਾਸੀਆਂ ਵਲੋਂ ਕੋਰੋਨਾ ਵਾਇਰਸ ਦੇ ਡਰ ਕਾਰਣ ਸ੍ਰੀ ਅਨੰਦਪੁਰ ਸਾਹਿਬ ਤੋਂ ਆ ਰਹੇ ਨਿਹੰਗ ਸਿੰਘਾਂ ਦੇ ਜਥੇ ਦੇ ਠਹਿਰਨ ’ਤੇ ਰੋਕ ਲਾ ਦਿੱਤੀ ਗਈ। ਤਰਨਾ ਦਲ ਦੇ ਬਾਬਾ ਗੱਜਣ ਸਿੰਘ ਜੀ ਦੇ ਜਥੇ ਨਾਲ ਸਬੰਧਤ ਨਿਹੰਗ ਸਿੰਘਾਂ ਵਲੋਂ ਜਾਣ ਤੋਂ ਇਨਕਾਰ ਕਰਨ ’ਤੇ ਪਿੰਡ ਦੇ ਸਰਪੰਚ ਹਰਿੰਦਰਪਾਲ ਸਿੰਘ ਹਨੀ ਅਤੇ ਪਿੰਡ ਵਾਸੀਆਂ ਵਲੋਂ ਇਸ ਦੀ ਸੂਚਨਾ ਤੁਰੰਤ ਪਾਇਲ ਪੁਲਸ ਅਤੇ ਪ੍ਰਸ਼ਾਸਨ ਨੂੰ ਦਿੱਤੀ ਗਈ। ਸੂਚਨਾ ਮਿਲਣ ’ਤੇ ਐੱਸ. ਪੀ. (ਡੀ.) ਖੰਨਾ ਜਗਵਿੰਦਰ ਸਿੰਘ ਚੀਮਾ, ਡੀ. ਐੱਸ. ਪੀ. (ਡੀ.) ਖੰਨਾ ਤਰਲੋਚਨ ਸਿੰਘ, ਡੀ. ਐੱਸ. ਪੀ. ਪਾਇਲ ਹਰਦੀਪ ਸਿੰਘ ਚੀਮਾ ਅਤੇ ਐੱਸ. ਐੱਚ. ਓ. ਪਾਇਲ ਇੰਸ. ਕਰਨੈਲ ਸਿੰਘ ਮੌਕੇ ’ਤੇ ਪਹੁੰਚ ਗਏ, ਜਿਨ੍ਹਾਂ ਦੀ ਸੂਝ-ਬੂਝ ਸਦਕਾ ਆਖਿਰ ਨਿਹੰਗ ਸਿੰਘਾਂ ਦਾ ਜਥਾ ਗੁਰੂ ਘਰ ’ਚੋਂ ਚਾਲੇ ਪਾਉਣ ਲਈ ਸਹਿਮਤ ਹੋ ਗਿਆ ਅਤੇ ਮਾਮਲਾ ਸ਼ਾਂਤ ਹੋ ਗਿਆ।

ਪੜ੍ਹੋ ਇਹ ਖਬਰ ਵੀ  -  ਹੋਲੇ ਮਹੱਲੇ ਮੌਕੇ ਇਸ ਵਿਅਕਤੀ ਕੋਲ ਗਿਆ ਕੋਰੋਨਾ ਨਾਲ ਮਰਨ ਵਾਲਾ ਬਲਦੇਵ

ਇਸ ਮਾਮਲੇ ਦੇ ਸਬੰਧ ’ਚ ਜਾਣਕਾਰੀ ਦਿੰਦਿਆਂ ਥਾਣਾ ਮੁਖੀ ਪਾਇਲ ਇੰਸ. ਕਰਨੈਲ ਸਿੰਘ ਅਤੇ ਪਿੰਡ ਦੇ ਸਰਪੰਚ ਹਰਿੰਦਰਪਾਲ ਸਿੰਘ ਹਨੀ ਨੇ ਦੱਸਿਆ ਕਿ ਸ੍ਰੀ ਅਨੰਦਪੁਰ ਸਾਹਿਬ ’ਚ ਕੋਰੋਨਾ ਵਾਇਰਸ ਕਾਰਣ ਪਿੰਡ ਦੇ ਲੋਕ ਇਸ ਜਥੇ ਦੇ ਠਹਿਰਾਅ ਤੋਂ ਪ੍ਰੇਸ਼ਾਨ ਸਨ। ਕਿਸੇ ਅਣਸੁਖਾਵੀ ਘਟਨਾ ਤੋਂ ਬਚਾਅ ਲਈ ਪਿੰਡ ਵਾਸੀਆਂ ਅਤੇ ਪ੍ਰਸ਼ਾਸਨ ਨੂੰ ਇਹ ਕਦਮ ਚੁੱਕਣ ਲਈ ਮਜਬੂਰ ਹੋਣਾ ਪਿਆ।

ਪੜ੍ਹੋ ਇਹ ਖਬਰ ਵੀ  - ਪੰਜਾਬ 'ਚ ਕੋਰੋਨਾ ਵਾਇਰਸ ਕਾਰਨ ਹੋਈ ਪਹਿਲੀ ਮੌਤ, ਪਿੰਡ ਨੂੰ ਕੀਤਾ ਗਿਆ ਸੀਲ

ਪੜ੍ਹੋ ਇਹ ਖਬਰ ਵੀ  - ਕੋਰੋਨਾ ਵਾਇਰਸ ਨਾਲ ਨਵਾਂਸ਼ਹਿਰ 'ਚ ਮਰੇ ਸ਼ਖਸ ਨੇ ਹੋਲੇ ਮਹੱਲੇ 'ਚ ਕੀਤੀ ਸੀ ਸ਼ਿਰਕਤ

ਇਸ ਸਬੰਧੀ ਜਥੇ ਦੇ ਇਕ ਨਿਹੰਗ ਸਿੰਘ ਡਾ. ਇੰਦਰਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਜਥੇ ਵਿਚ ਕੋਈ ਵੀ ਸਿੰਘ ਕੋਰੋਨਾ ਵਾਇਰਸ ਤੋਂ ਪੀੜਤ ਨਹੀਂ। ਉਨ੍ਹਾਂ ਦੱਸਿਆ ਕਿ ਜਥਾ ਬਾਬਾ ਗੱਜਣ ਸਿੰਘ ਦੀ ਅਗਵਾਈ ’ਚ ਇਕ ਟਰੱਕ, ਪਾਲਕੀ ਸਾਹਿਬ, 25 ਬੱਘੀਆਂ, ਦੋ ਟਰੈਕਟਰ ਅਤੇ ਟਰਾਲੀਆਂ, ਲਗਭਗ 100 ਘੋੜੇ ਤੇ ਸਿੰਘਾਂ ਸਮੇਤ ਸ੍ਰੀ ਬਕਾਲਾ ਸਾਹਿਬ ਤੋਂ ਚੱਲਿਆ ਸੀ ਅਤੇ ਕੁਝ ਦਿਨ ਸ੍ਰੀ ਅਨੰਦਪੁਰ ਸਾਹਿਬ ਦਰਸ਼ਨ ਕਰਨ ਤੋਂ ਬਾਅਦ ਇਹ ਜਥਾ ਸ੍ਰੀ ਦਮਦਮਾ ਸਾਹਿਬ ਵਿਖੇ ਪੁੱਜੇਗਾ। ਉਨ੍ਹਾਂ ਦੱਸਿਆ ਕਿ ਜਥੇ ਦਾ ਕੁਝ ਦਿਨ ਇਤਿਹਾਸਕ ਗੁਰੂ ਘਰ ਸ੍ਰੀ ਨਿੰਮਸਰ ਸਾਹਿਬ ਦਰਸ਼ਨ ਕਰਨ ਦਾ ਪ੍ਰੋਗਰਾਮ ਸੀ ਪਰ ਪਿੰਡ ਅਤੇ ਪ੍ਰਸ਼ਾਸਨ ਦੇ ਕਹਿਣ ’ਤੇ ਨਾ ਰੁਕਣ ਦੇ ਫਰਮਾਨ ’ਤੇ ਉਨ੍ਹਾਂ ਨੂੰ ਹੋਰ ਥਾਂ ਜਾਣ ਲਈ ਕਿਹਾ ਗਿਆ ਹੈ।

ਪੜ੍ਹੋ ਇਹ ਖਬਰ ਵੀ  - ਕੋਰੋਨਾ ਵਾਇਰਸ ਨਾਲ ਮਰੇ ਨਵਾਂਸ਼ਹਿਰ ਦੇ ਮ੍ਰਿਤਕ ਦੇ 6 ਪਰਿਵਾਰਕ ਮੈਂਬਰਾਂ ਦੀ ਰਿਪੋਰਟ ਵੀ ਪਾਜ਼ੀਟਿਵ

ਜਥੇ ਦਾ ਇਕ ਘੋੜਾ ਜ਼ਖਮ
ਪਿੰਡ ਘੁਡਾਣੀ ਕਲਾਂ ਤੋਂ ਚਾਲੇ ਪਾਉਣ ਸਮੇਂ ਜਥੇ ਦੇ ਇਕ ਘੋੜੇ ਦਾ ਪੈਰ ਟਰੱਕ ਹੇਠ ਆਉਣ ਨਾਲ ਜ਼ਖਮੀ ਹੋ ਗਿਆ। ਜਥੇ ਦੇ ਮੈਂਬਰ ਬਾਬਾ ਚੋਜਾ ਸਿੰਘ ਨੇ ਦੱਸਿਆ ਕਿ ਪਿੰਡ ਵਾਸੀਆਂ ਅਤੇ ਪਾਇਲ ਪੁਲਸ ਦੇ ਵੱਡੇ ਸਹਿਯੋਗ ਸਦਕਾ ਘੋੜੇ ਦਾ ਪਿੰਡ ਪੱਧਰ ’ਤੇ ਡਾਕਟਰ ਬੁਲਾ ਕੇ ਇਲਾਜ ਕੀਤਾ ਗਿਆ ਪਰ ਵਧੇਰੇ ਜ਼ਖਮੀ ਹੋਣ ਕਾਰਣ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਜ਼ਖਮੀ ਘੋੜੇ ਨੂੰ ਪੀ. ਏ. ਯੂ. ਵਿਖੇ ਰੈਫਰ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਘੋੜੇ ਦੇ ਪੈਰ ’ਚੋਂ ਖੂਨ ਦਾ ਵਹਿਣਾ ਬੰਦ ਨਹੀਂ ਹੋ ਰਿਹਾ ਸੀ, ਜਿਸ ਕਾਰਣ ਜ਼ਖਮੀ ਘੋੜੇ ਨੂੰ ਰੈਫਰ ਕਰਨਾ ਪਿਆ ਹੈ।

 

rajwinder kaur

This news is Content Editor rajwinder kaur