ਖ਼ਾਲਸਾਈ ਰੰਗ 'ਚ ਰੰਗਿਆ ਸ੍ਰੀ ਅਨੰਦਪੁਰ ਸਾਹਿਬ, ਦੂਜੇ ਦਿਨ ਲੱਖਾਂ ਸੰਗਤਾਂ ਨੇ ਗੁਰੂ ਘਰਾਂ ’ਚ ਟੇਕਿਆ ਮੱਥਾ

03/08/2023 1:42:46 PM

ਸ੍ਰੀ ਅਨੰਦਪੁਰ ਸਾਹਿਬ (ਦਲਜੀਤ ਸਿੰਘ)- ਗੁਰੂ ਨਗਰੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਮਨਾਏ ਜਾ ਰਹੇ ਖਾਲਸਾਈ ਜਾਹੋ-ਜਲਾਲ ਦੇ ਪ੍ਰਤੀਕ ਕੌਮੀ ਤਿਉਹਾਰ ਹੋਲੇ ਮਹੱਲੇ ਦੇ ਮੰਗਲਵਾਰ ਦੂਜੇ ਦਿਨ ਸੰਗਤਾਂ ਨੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਸਮੇਤ ਹੋਰ ਗੁਰੂ ਘਰਾਂ ਵਿਚ ਮੱਥਾ ਟੇਕਿਆ। ਸਵੇਰ ਤੋਂ ਹੀ ਵੱਡੀ ਗਿਣਤੀ ਸੰਗਤਾਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ, ਗੁਰਦੁਆਰਾ ਸੀਸ ਗੰਜ ਸਾਹਿਬ, ਗੁਰਦੁਆਰਾ ਮੰਜੀ ਸਾਹਿਬ, ਗੁਰਦੁਆਰਾ ਭੋਰਾ ਸਾਹਿਬ, ਗੁਰਦੁਆਰਾ ਗੁਰੂ ਕੇ ਮਹਿਲ, ਗੁਰਦੁਆਰਾ ਕਿਲਾ ਅਨੰਦਗੜ ਸਾਹਿਬ, ਗੁਰਦੁਆਰਾ ਕਿਲਾ ਫਤਹਿਗੜ ਸਾਹਿਬ ਸਮੇਤ ਸਮੂਹ ਇਤਿਹਾਸਕ ਗੁਰਦੁਆਰਾ ਸਾਹਿਬਾਨਾਂ ਵਿਖੇ ਲਾਈਨਾਂ ਵਿਚ ਲੱਗ ਕੇ ਨਤਮਸਤਕ ਹੋ ਰਹੀਆਂ ਸਨ।

ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਸੰਗਤਾਂ ਦੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਅਤੇ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਅਮਰਜੀਤ ਸਿੰਘ ਚਾਵਲਾ ਨੇ ਹੋਲੇ-ਮਹੱਲੇ ਦੇ ਪਾਵਨ ਇਤਿਹਾਸ ਤੋਂ ਸੰਗਤਾਂ ਨੂੰ ਜਾਣੂੰ ਕਰਵਾਇਆ। ਉਨ੍ਹਾਂ ਸਮੁੱਚੇ ਖ਼ਾਲਸਾ ਪੰਥ ਨੂੰ ਅਪੀਲ ਕੀਤੀ ਕਿ ਸਿਰਫ਼ ਤੇ ਸਿਰਫ਼ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਹੀ ਆਪਣਾ ਗੁਰੂ ਮੰਨਿਆ ਜਾਵੇ ਅਤੇ ਕਿਸੇ ਦੇਹਧਾਰੀ ਜਾਂ ਪਖੰਡੀਆਂ ਮਗਰ ਲੱਗ ਕੇ ਸਿੱਖੀ ਸਿਧਾਤਾਂ ਨੂੰ ਤਿਲਾਂਜਲੀ ਨਾ ਦਿੱਤੀ ਜਾਵੇ।

ਇਹ ਵੀ ਪੜ੍ਹੋ : ਹੋਲੇ-ਮਹੱਲੇ ਮੌਕੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਨੌਜਵਾਨ ਦੇ ਹੋਏ ਕਤਲ ਮਗਰੋਂ ਸ਼ਹਿਰ ਪੁਲਸ ਛਾਉਣੀ 'ਚ ਤਬਦੀਲ

ਉਨ੍ਹਾਂ ਕਿਹਾ ਕਿ ਇਸੇ ਪਾਵਨ ਅਸਥਾਨ ’ਤੇ ਗੁਰੂ ਸਾਹਿਬ ਨੇ ਪੰਜਾਂ ਪਿਆਰਿਆਂ ਦੀ ਸਾਜਨਾ ਕੀਤੀ ਤੇ ਸਮੁੱਚੇ ਸਿੱਖਾਂ ਨੂੰ ਅੰਮ੍ਰਿਤਧਾਰੀ ਹੋਣ ਦਾ ਹੁਕਮ ਕੀਤਾ। ਇਸ ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੀ ਮੈਨੇਜਮੈਂਟ ਵੱਲੋਂ ਸੰਗਤਾਂ ਦੀ ਸਹੂਲਤ ਲਈ ਪੁਖ਼ਤਾ ਇੰਤਜ਼ਾਮ ਕੀਤੇ ਗਏ ਹਨ। ਦਿਨ ਰਾਤ ਧਾਰਮਿਕ ਸਮਾਗਮਾਂ ਦਾ ਦੌਰ ਚੱਲ ਰਿਹਾ ਹੈ। ਲਗਾਤਾਰ ਅੰਮ੍ਰਿਤ ਸੰਚਾਰ ਕਰਵਾਇਆ ਜਾ ਰਿਹਾ ਹੈ, ਜਿਸ ’ਚ ਵੱਡੀ ਗਿਣਤੀ ’ਚ ਸੰਗਤਾਂ ਅੰਮ੍ਰਿਤ ਦੀ ਦਾਤ ਪ੍ਰਾਪਤ ਕਰ ਰਹੀਆਂ ਹਨ। ਸੰਗਤਾਂ ਦੀ ਸਹੂਲਤ ਲਈ ਰਿਹਾਇਸ਼, ਲੰਗਰ, ਜੋੜੇ ਘਰ, ਗੱਠੜੀ ਘਰ ਆਦਿ ਦੇ ਇੰਤਜਾਮ ਵੱਡੇ ਪੱਧਰ 'ਤੇ ਕੀਤੇ ਗਏ ਹਨ। ਥਾਂ-ਥਾਂ ’ਤੇ ਲੱਗੇ ਲੰਗਰ ਜਿੱਥੇ ਗੁਰੂ ਕੇ ਸਿੱਖਾਂ ਵੱਲੋਂ ਕੀਤੀ ਜਾ ਰਹੀ ਸੇਵਾ ਨੂੰ ਦਰਸਾ ਰਹੇ ਹਨ, ਉਥੇ ਹੀ ਸੰਗਤਾਂ ਲੰਗਰ ਛੱਕ ਕੇ ਤ੍ਰਿਪਤ ਹੋ ਕੇ ਵਾਹਿਗੁਰੂ ਦਾ ਸ਼ੁਕਰਾਨਾ ਕਰ ਰਹੀਆਂ ਹਨ।

ਇਹ ਵੀ ਪੜ੍ਹੋ : ਜਲੰਧਰ ਪ੍ਰਸ਼ਾਸਨ ਵੱਲੋਂ ਕਰੀਬ 270 ਇਮੀਗਰੇਸ਼ਨ ਕੰਸਲਟੈਂਸੀ ਤੇ IELTS ਸੈਂਟਰਾਂ ਖ਼ਿਲਾਫ਼ ਹੋਵੇਗੀ ਕਾਰਵਾਈ, ਜਾਣੋ ਵਜ੍ਹਾ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

shivani attri

This news is Content Editor shivani attri