ਰੰਗ-ਬਿਰੰਗੀਆਂ ਲਾਈਟਾਂ ਨਾਲ ਰੁਸ਼ਨਾਇਆ ਸ੍ਰੀ ਅਨੰਦਪੁਰ ਸਾਹਿਬ, ਹੋਲੇ-ਮਹੱਲੇ ਦੇ ਦੂਜੇ ਪੜਾਅ ਦੀ ਹੋਈ ਸ਼ੁਰੂਆਤ

03/06/2023 6:00:04 PM

ਸ੍ਰੀ ਅਨੰਦਪੁਰ ਸਾਹਿਬ (ਦਲਜੀਤ ਸਿੰਘ)-ਗੁਰੂ ਨਗਰੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਸਲਾਨਾ ਕੌਮੀ ਤਿਉਹਾਰ ਹੋਲੇ-ਮਹੱਲੇ ਦਾ ਦੂਜਾ ਪੜਾਅ ਅੱਜ ਤੋਂ ਸ਼ੁਰੂ ਹੋ ਗਿਆ ਹੈ, ਜੋ 8 ਮਾਰਚ ਤੱਕ ਚੱਲੇਗਾ। ਇਸ ਤੋਂ ਪਹਿਲਾਂ ਸਮੁੱਚੀਆਂ ਸੰਗਤਾਂ ਦੇ ਸਹਿਯੋਗ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 3 ਤੋਂ 5 ਮਾਰਚ ਤੱਕ ਸ੍ਰੀ ਕੀਰਤਪੁਰ ਸਾਹਿਬ ਵਿਖੇ ਹੋਲਾ-ਮਹੱਲਾ ਦਾ ਪਹਿਲਾ ਪੜਾਅ ਪੂਰੀ ਸ਼ਾਨੋ-ਸ਼ੌਕਤ ਨਾਲ ਮਨਾਇਆ ਗਿਆ। ਸ੍ਰੀ ਅਨੰਦਪੁਰ ਸਾਹਿਬ ਦੀ ਇਤਿਹਾਸਕ ਧਰਤੀ ’ਤੇ ਮਨਾਏ ਜਾ ਰਹੇ ਤਿੰਨ ਦਿਨਾਂ ਇਸ ਕੌਮੀ ਜੋੜ ਮੇਲੇ ਲਈ ਜਿੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਾਰੇ ਇੰਤਜ਼ਾਮ ਪੂਰੇ ਕਰ ਲਏ ਗਏ ਹਨ, ਉਥੇ ਹੀ ਇਸ ਵਾਰ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਵੀ ਇਸ ਕੌਮੀ ਤਿਉਹਾਰ ਨੂੰ ਮਨਾਉਣ ਲਈ ਪੂਰੇ ਜੋਰਾਂ ਸ਼ੋਰਾਂ ਨਾਲ ਤਿਆਰੀਆਂ ਕੀਤੀਆਂ ਹਨ। 

ਅੱਜ ਸਵੇਰੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਗਿਆਨੀ ਰਘਬੀਰ ਸਿੰਘ ਵੱਲੋਂ ਅਰਦਾਸ ਕਰਨ ਉਪਰੰਤ ਸ੍ਰੀ ਅਖੰਡ ਪਾਠ ਸਾਹਿਬ ਦੀ ਆਰੰਭਤਾ ਕੀਤੀ ਗਈ। ਇਸ ਮੌਕੇ ਗਿਆਨੀ ਰਘਵੀਰ ਸਿੰਘ ਨੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਆਖਿਆ ਕਿ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਰਵਾਇਤੀ ਹੋਲੀ ਦੇ ਤਿਉਹਾਰ ਨੂੰ ਨਵਾਂ ਰੂਪ ਦੇ ਕੇ ਹੋਲੇ-ਮਹੱਲੇ ਦੀ ਸ੍ਰੀ ਅਨੰਦਪੁਰ ਸਾਹਿਬ ਦੀ ਪਾਵਨ ਧਰਤੀ ’ਤੇ ਆਰੰਭਤਾ ਕੀਤੀ ਗਈ ਸੀ। ਗੁਰੂ ਸਾਹਿਬ ਵੱਲੋਂ ਆਰੰਭ ਕੀਤੀ ਇਹ ਪਰੰਪਰਾ ਖ਼ਾਲਸਾ ਪੰਥ ਨੂੰ ਹਮੇਸ਼ਾ ਸੰਘਰਸ਼ਸ਼ੀਲ ਅਤੇ ਤਿਆਰ-ਬਰ-ਤਿਆਰ ਰਹਿਣ ਦਾ ਸੁਨੇਹਾ ਦਿੰਦੀ ਹੈ। ਇਸ ਸਬੰਧੀ ਤਖ਼ਤ ਸਾਹਿਬ ਵਿਖੇ ਹੋਲੇ-ਮਹੱਲੇ ਦੇ ਸਮਾਗਮਾਂ ਦੌਰਾਨ ਤਿੰਨ ਦਿਨ ਲਗਾਤਾਰ ਅੰਮ੍ਰਿਤ ਸੰਚਾਰ ਕਰਵਾਏ ਜਾਣਗੇ।

ਤਖ਼ਤ ਸਾਹਿਬ ਦੇ ਮੈਨੇਜਰ ਗੁਰਦੀਪ ਸਿੰਘ ਅਤੇ ਵਧੀਕ ਮੈਨੇਜਰ ਐਡਵੋਕੇਟ ਹਰਦੇਵ ਸਿੰਘ ਨੇ ਦੱਸਿਆ ਕਿ ਅੱਜ 6 ਤੋਂ 9 ਮਾਰਚ ਤੱਕ ਹੋਲਾ-ਮਹੱਲਾ ਸਬੰਧੀ ਲਗਾਤਾਰ ਗੁਰਮਤਿ ਸਮਾਗਮ ਚੱਲਣਗੇ ਅਤੇ 8 ਮਾਰਚ ਨੂੰ ਪੰਜ ਪਿਆਰਿਆਂ ਦੀ ਅਗਵਾਈ ’ਚ ਰਵਾਇਤੀ ਮਹੱਲਾ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਤੋਂ ਸਵੇਰੇ 11.30 ਵਜੇ ਆਰੰਭ ਹੋ ਕੇ ਕਿਲਾ ਅਨੰਦਗੜ੍ਹ ਸਾਹਿਬ ਅਤੇ ਕਿਲਾ ਹੋਲਗੜ੍ਹ ਸਾਹਿਬ ਸਮੇਤ ਵੱਖ-ਵੱਖ ਪੜਾਵਾਂ ਤੋਂ ਹੁੰਦਾ ਹੋਇਆ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਸਮਾਪਤ ਹੋਵੇਗਾ। ਮੇਲੇ ਦੌਰਾਨ ਤਖ਼ਤ ਸਾਹਿਬ ਵਿਖੇ ਲਗਾਤਾਰ ਅੰਮ੍ਰਿਤ ਸੰਚਾਰ ਹੋਵੇਗਾ। ਅੱਜ ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋਲਾ-ਮਹੱਲਾ ਦੇ ਪਹਿਲੇ ਦਿਨ ਸ੍ਰੀ ਅਨੰਦਪੁਰ ਸਾਹਿਬ ਸਮੇਤ ਸਮੁੱਚਾ ਇਲਾਕਾ ਖ਼ਾਲਸਈ ਰੰਗ ਵਿਚ ਰੰਗਿਆ ਗਿਆ। ਖ਼ਾਲਸਾ ਪੰਥ ਦੀ ਜਨਮ ਸਥਲੀ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਸਮੇਤ ਗੁਰਦੁਆਰਾ ਸੀਸਗੰਜ ਸਾਹਿਬ, ਗੁਰੂ ਕੇ ਮਹਿਲ ਗੁਰਦੁਆਰਾ ਭੋਰਾ ਸਾਹਿਬ, ਕਿਲਾ ਅਨੰਦਗੜ੍ਹ ਸਾਹਿਬ, ਕਿਲਾ ਫ਼ਤਿਹਗੜ੍ਹ ਸਾਹਿਬ, ਕਿਲਾ ਹੋਲਗੜ੍ਹ ਸਾਹਿਬ, ਕਿਲਾ ਲੋਹਗੜ੍ਹ ਸਾਹਿਬ ਅਤੇ ਕਿਲਾ ਤਾਰਾਗੜ੍ਹ ਸਾਹਿਬ ਆਦਿ ਸਮੇਤ ਕੀਰਤਪੁਰ ਸਾਹਿਬ ਅਤੇ ਗੁਰੂ ਕਾ ਲਾਹੌਰ ਵਿਖੇ ਵੀ ਸਾਰਾ ਦਿਨ ਕਤਾਰਾਂ ਵਿਚ ਲੱਗ ਕੇ ਵੱਡੀ ਗਿਣਤੀ ਸੰਗਤਾਂ ਨਤਮਸਤਕ ਹੋ ਕੇ ਗੁਰੂ ਸਾਹਿਬ ਦਾ ਅਸ਼ੀਰਵਾਦ ਪ੍ਰਾਪਤ ਕਰ ਰਹੀਆਂ ਹਨ। 

ਇਹ ਵੀ ਪੜ੍ਹੋ : ਸ੍ਰੀ ਕੀਰਤਪੁਰ ਸਾਹਿਬ ਵਿਖੇ ਮੇਲੇ ਦੇ ਤੀਜੇ ਦਿਨ ਲੱਖਾਂ ਦੀ ਤਦਾਦ 'ਚ ਸੰਗਤਾਂ ਗੁਰੂ ਘਰਾਂ 'ਚ ਹੋਈਆਂ ਨਤਮਸਤਕ

ਹੋਲੇ-ਮਹੱਲੇ ਦੇ ਪਹਿਲੇ ਦਿਨ ਗੁਰੂ ਕੀਆਂ ਲਾਡਲੀਆਂ ਫ਼ੌਜਾਂ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੀ ਅਗਵਾਈ ’ਚ ਆਪਣੀਆਂ ਆਪਣੀਆਂ ਛਾਉਣੀਆਂ ’ਚ ਸੱਜ ਗਈਆਂ ਹਨ। ਨਿਹੰਗ ਸਿੰਘ ਛਾਉਣੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਗੁਰਦੁਆਰਾ ਗੁਰੂ ਕਾ ਬਾਗ, ਗੁਰਦੁਆਰਾ ਸ਼ਹੀਦੀ ਬਾਗ ਵਿਖੇ ਤਰਨਾ ਦਲ, ਤਰਨਾ ਦਲ ਹਰੀਆਂ ਵੇਲਾ, ਦਲ ਸੰਪ੍ਰਦਾਇ ਬਾਬਾ ਬਿਧੀ ਚੰਦ ਜੀ ਆਦਿ ਛਾਉਣੀਆਂ ਸਮੁੱਚੇ ਮੇਲੇ ’ਚ ਖਿੱਚ ਦਾ ਕੇਂਦਰ ਬਣੀਆਂ ਹੋਈਆਂ ਹਨ।

ਨਿਹੰਗ ਸਿੰਘਾਂ ਵੱਲੋਂ ਮਹੱਲੇ ਦੀਆਂ ਤਿਆਰੀਆਂ ਦੇ ਮੱਦੇਨਜ਼ਰ ਆਪਣੇ ਆਪਣੇ ਸ਼ਸਤਰਾਂ, ਘੋੜਿਆਂ ਆਦਿ ਨੂੰ ਤਿਆਰ ਕੀਤਾ ਜਾ ਰਿਹਾ ਹੈ। ਇਸ ਮੌਕੇ ਸਾਬਕਾ ਸਿੱਖਿਆ ਮੰਤਰੀ ਡਾਕਟਰ ਦਲਜੀਤ ਸਿੰਘ ਚੀਮਾ, ਸ਼੍ਰੋਮਣੀ ਕਮੇਟੀ ਮੈਂਬਰ ਭਾਈ ਅਮਰਜੀਤ ਸਿੰਘ ਚਾਵਲਾ, ਤਖ਼ਤ ਸਾਹਿਬ ਦੇ ਹੈਡ ਗ੍ਰੰਥੀ ਗਿਆਨੀ ਜੋਗਿੰਦਰ ਸਿੰਘ, ਮੈਨੇਜਰ ਗੁਰਦੀਪ ਸਿੰਘ, ਐਡਵੋਕੇਟ ਹਰਦੇਵ ਸਿੰਘ, ਅਵਤਾਰ ਸਿੰਘ, ਤਖ਼ਤ ਸਾਹਿਬ ਦੇ ਪੰਜ ਪਿਆਰੇ ਭਾਈ ਸਰਬਜੀਤ ਸਿੰਘ, ਭਾਈ ਕੁਲਵੰਤ ਸਿੰਘ, ਭਾਈ ਮੁਖਤਿਆਰ ਸਿੰਘ, ਭੁਪਿੰਦਰ ਸਿੰਘ ਆਰ. ਕੇ., ਕਰਮਜੀਤ ਸਿੰਘ, ਹਰਦੇਵ ਸਿੰਘ, ਸਰੂਪ ਸਿੰਘ, ਚੰਦਰਪਾਲ ਸਿੰਘ, ਸੁਖਬੀਰ ਸਿੰਘ, ਸੁਮਨਦੀਪ ਸਿੰਘ ਸਮੇਤ ਵੱਡੀ ਗਿਣਤੀ ’ਚ ਸੰਗਤਾਂ ਹਾਜ਼ਰ ਸਨ।

ਸਿਵਲ ਅਤੇ ਪੁਲਸ ਪ੍ਰਸ਼ਾਸਨ ਵੱਲੋਂ ਮੇਲੇ ਦੌਰਾਨ ਜਾਮ ਦੀ ਸਥਿਤੀ ਤੋਂ ਸੰਗਤਾਂ ਅਤੇ ਆਮ ਲੋਕਾਂ ਨੂੰ ਪਰੇਸ਼ਾਨ ਹੋਣ ਤੋਂ ਬਚਾਉਣ ਲਈ ਯੋਗ ਪ੍ਰਬੰਧ ਕੀਤੇ ਗਏ ਹਨ, ਜਿਸ ਲਈ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ, ਜ਼ਿਲ੍ਹਾ ਪੁਲਸ ਮੁਖੀ ਵਿਵੇਕਸ਼ੀਲ ਸੋਨੀ, ਐੱਸ. ਡੀ. ਐੱਮ. ਮਨੀਸ਼ਾ ਰਾਣਾ ਸਾਰੀ ਸਥਿਤੀ ’ਤੇ ਆਪਣੀ ਪੈਨੀ ਨਜ਼ਰ ਰੱਖ ਰਹੇ ਹਨ।

ਇਹ ਵੀ ਪੜ੍ਹੋ : ਜਲੰਧਰ ਪ੍ਰਸ਼ਾਸਨ ਵੱਲੋਂ ਕਰੀਬ 270 ਇਮੀਗਰੇਸ਼ਨ ਕੰਸਲਟੈਂਸੀ ਤੇ IELTS ਸੈਂਟਰਾਂ ਖ਼ਿਲਾਫ਼ ਹੋਵੇਗੀ ਕਾਰਵਾਈ, ਜਾਣੋ ਵਜ੍ਹਾ

shivani attri

This news is Content Editor shivani attri