ਇਤਿਹਾਸ ਦੇ ਪੰਨਿਆਂ ''ਚ ਤੀਜੀ ਵਾਰ ਦਫਨ ਹੋਣਗੇ ਡੀ. ਟੀ. ਓ. ਦਫਤਰ

06/26/2017 2:56:13 AM

ਅੰਮ੍ਰਿਤਸਰ,  (ਨੀਰਜ)-  ਜਦੋਂ ਵੀ ਕੋਈ ਨਵੀਂ ਸਰਕਾਰ ਸੱਤਾ 'ਚ ਆਉਂਦੀ ਹੈ ਤਾਂ ਸੱਤਾ 'ਤੇ ਬਿਰਾਜਮਾਨ ਬਾਹੂਬਲੀ ਆਪਣੀ ਕੁਝ ਧੱਕੇਸ਼ਾਹੀ ਜ਼ਰੂਰ ਦਿਖਾਉਂਦੇ ਹਨ। ਇਕ ਅਜਿਹਾ ਹੀ ਫੈਸਲਾ ਡੀ. ਟੀ. ਓ. ਦਫਤਰ 'ਚ ਫੈਲੇ ਭ੍ਰਿਸ਼ਟਾਚਾਰ ਦਾ ਹਵਾਲਾ ਦਿੰਦੇ ਹੋਏ ਇਸ ਨੂੰ ਭੰਗ ਕਰਨ ਦਾ ਹੁਕਮ ਦਿੱਤਾ ਗਿਆ ਹੈ ਤੇ ਇਸ ਫੈਸਲੇ ਨਾਲ ਲਗਾਤਾਰ ਤੀਜੀ ਵਾਰ ਡੀ. ਟੀ. ਓ. ਦਫਤਰ ਇਤਿਹਾਸ ਦੇ ਪੰਨਿਆਂ 'ਚ ਦਫਨ ਹੋਣ ਜਾ ਰਹੇ ਹਨ, ਹਾਲਾਂਕਿ ਇਹ ਤਜਰਬਾ ਪਹਿਲਾਂ ਵੀ 2 ਵਾਰ ਫੇਲ ਹੋ ਚੁੱਕਾ ਹੈ। ਇੰਨਾ ਹੀ ਨਹੀਂ, ਸਰਕਾਰ ਦੇ ਇਸ ਫੈਸਲੇ ਨਾਲ ਸਾਰੇ ਐੱਸ. ਡੀ. ਐੱਮ. ਆਪਣੇ-ਆਪਣੇ ਜਿਊਰੀਡਿਕਸ਼ਨ 'ਚ ਆਉਣ ਵਾਲੇ ਇਲਾਕਿਆਂ ਦੀ ਆਰ. ਸੀ. ਤੇ ਡਰਾਈਵਿੰਗ ਲਾਇਸੈਂਸ ਬਣਾਉਣ ਦੇ ਅਧਿਕਾਰੀ ਹੋਣਗੇ ਪਰ ਇਸ ਤੋਂ ਆਮ ਜਨਤਾ ਨੂੰ ਇਕ ਹੀ ਛੱਤ ਹੇਠ ਸਾਰੀਆਂ ਸਹੂਲਤਾਂ ਦਿੱਤੇ ਜਾਣ ਦੇ ਵਾਅਦੇ ਦੀ ਵੀ ਵਾਅਦਾ-ਖਿਲਾਫੀ ਹੋਵੇਗੀ ਕਿਉਂਕਿ ਡੀ. ਟੀ. ਓ. ਦਫਤਰ 'ਚ ਇਸ ਸਮੇਂ ਟਰਾਂਸਪੋਰਟ ਵਿਭਾਗ ਨਾਲ ਸੰਬੰਧਿਤ ਇਕ ਹੀ ਛੱਤ ਹੇਠ ਸਾਰੀਆਂ ਸਹੂਲਤਾਂ ਮਿਲ ਰਹੀਆਂ ਹਨ, ਚਾਹੇ ਆਰ. ਸੀ. ਬਣਾਉਣੀ ਹੋਵੇ ਜਾਂ ਫਿਰ ਡਰਾਈਵਿੰਗ ਲਾਇਸੈਂਸ ਜਾਂ ਫਿਰ ਚਲਾਨ ਭੁਗਤਣਾ ਹੋਵੇ ਜਾਂ ਪਰਮਿਟ ਲੈਣਾ ਹੋਵੇ। ਟਰਾਂਸਪੋਰਟ ਵਿਭਾਗ ਨਾਲ ਸੰਬੰਧਿਤ ਸਾਰੇ ਕੰਮ ਇਸ ਸਮੇਂ ਇਕ ਹੀ ਛੱਤ ਹੇਠ ਉਪਲਬਧ ਹਨ ਤੇ ਵਿਭਾਗ ਵੱਲੋਂ ਇਸ ਲਈ ਪੂਰਾ ਸੈੱਟਅਪ ਵੀ ਤਿਆਰ ਕੀਤਾ ਗਿਆ ਹੈ, ਜੋ ਸਫਲਤਾਪੂਰਵਕ ਚੱਲ ਰਿਹਾ ਹੈ ਪਰ ਡੀ. ਟੀ. ਓ. ਦਫਤਰ ਭੰਗ ਹੋਣ ਤੇ ਐੱਸ. ਡੀ. ਐੱਮ. ਦਫਤਰਾਂ 'ਚ ਕੰਮ ਸ਼ਿਫਟ ਕਰਨ ਨਾਲ ਆਮ ਜਨਤਾ, ਆਟੋ ਡੀਲਰਾਂ ਤੇ ਟਰਾਂਸਪੋਰਟਰਾਂ ਨੂੰ ਪ੍ਰੇਸ਼ਾਨੀ ਆਉਣੀ ਤੈਅ ਮੰਨੀ ਜਾ ਰਹੀ ਹੈ।  ਸਟੇਟ ਟਰਾਂਸਪੋਰਟ ਕਮਿਸ਼ਨਰ ਨੇ ਵੀ ਸਾਰੇ ਜ਼ਿਲਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਇਕ ਨੋਟਿਸ ਜਾਰੀ ਕਰ ਕੇ ਆਪਣੇ-ਆਪਣੇ ਸਾਰੇ ਐੱਸ. ਡੀ. ਐੱਮ. ਐੱਸ. ਨੂੰ ਨਾਨ-ਕਮਰਸ਼ੀਅਲ ਆਰ. ਸੀ. ਤੇ ਡਰਾਈਵਿੰਗ ਲਾਇਸੈਂਸ ਬਣਾਉਣ ਦੀ ਟ੍ਰੇਨਿੰਗ ਦੇਣ ਲਈ ਕਰਮਚਾਰੀਆਂ ਦੀ ਨਿਯੁਕਤੀ ਕਰਨ ਦੇ ਨਿਰਦੇਸ਼ ਜਾਰੀ ਕੀਤੇ ਹਨ, ਜਿਸ ਤਹਿਤ ਡੀ. ਸੀ. ਕਮਲਦੀਪ ਸਿੰਘ ਸੰਘਾ ਵੱਲੋਂ ਡੀ. ਟੀ. ਓ. ਦਫਤਰ 'ਚ ਟ੍ਰੇਨਿੰਗ ਲੈਣ ਲਈ ਸਟਾਫ ਵੀ ਭੇਜਿਆ ਜਾ ਰਿਹਾ ਹੈ, ਜੋ ਸਿਸਟਮ ਸਾਰਥੀ ਤੇ ਵਾਹਨ ਦੇ ਤਹਿਤ ਬਣਾਏ ਜਾਣ ਵਾਲੇ ਦਸਤਾਵੇਜ਼ਾਂ ਦੀ ਟ੍ਰੇਨਿੰਗ ਲੈ ਰਿਹਾ ਹੈ, ਜਿਸ ਨੂੰ ਪੂਰੀ ਟ੍ਰੇਨਿੰਗ ਦਿੱਤੇ ਜਾਣ ਤੋਂ ਬਾਅਦ ਸਰਕਾਰ ਨੂੰ ਰਿਪੋਰਟ ਭੇਜੀ ਜਾਵੇਗੀ।